ਸਤਲੁਜ ਦਰਿਆ ਨੇ ਧੁੱਸੀ ਬੰਨ੍ਹ ਵੱਲ ਰੁਖ ਬਦਲਿਆ, ਵੱਜ ਗਈ ਖ਼ਤਰੇ ਦੀ ਘੰਟੀ
Saturday, Sep 13, 2025 - 12:36 PM (IST)

ਧਰਮਕੋਟ (ਕਸ਼ਿਸ਼, ਅਕਾਲੀਆਂ ਵਾਲਾ) : ਸਤਲੁਜ ਦਰਿਆ ਦੇ ਪਾਣੀ ਦੇ ਪੱਧਰ ਵਿਚ ਲਗਾਤਾਰ ਗਿਰਾਵਟ ਦੇ ਨਾਲ ਹੀ ਪੰਜਾਬ ਦੇ ਕਈ ਇਲਾਕਿਆਂ ਵਿਚ ਵਿਨਾਸ਼ ਦੀ ਸਪੱਸ਼ਟ ਤਸਵੀਰ ਸਾਹਮਣੇ ਆ ਰਹੀ ਹੈ। ਖਾਸ ਤੌਰ ’ਤੇ ਪਿੰਡ ਭੈਣੀ ਅਤੇ ਇਸ ਦੇ ਨਾਲ ਲੱਗਦੇ ਪਿੰਡ ਮੇਰੂਵਾਲਾ ਵਿਚ ਸਤਲੁਜ ਦਰਿਆ ਦੇ ਬੰਨ੍ਹ ਨਾਲ ਲੱਗਦੇ ਰਕਬੇ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਦਰਿਆ ਦੇ ਬਦਲਦੇ ਰੁਖ ਨੇ ਨਾ ਸਿਰਫ਼ ਖੇਤੀਬਾੜੀ ਜ਼ਮੀਨ ਨੂੰ ਖੋਰੇ ਦਾ ਸ਼ਿਕਾਰ ਕੀਤਾ ਹੈ, ਸਗੋਂ ਲੋਕਾਂ ਦੇ ਘਰਾਂ ਅਤੇ ਜਾਨ-ਮਾਲ ਨੂੰ ਵੀ ਖਤਰੇ ਵਿਚ ਪਾ ਦਿੱਤਾ ਹੈ। ਪਿੰਡ ਭੈਣੀ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਅਤੇ ਸਥਾਨਕ ਵਸਨੀਕ ਹਰਪ੍ਰੀਤ ਸਿੰਘ ਭੈਣੀ ਨੇ ਦੱਸਿਆ ਕਿ ਸਤਲੁਜ ਦਰਿਆ ਨੇ ਮੱਖਣ ਸਿੰਘ ਦੇ ਘਰ ਨੇੜੇ ਆਪਣਾ ਰੁਖ ਬਦਲ ਲਿਆ ਹੈ। ਇਸ ਦੇ ਨਤੀਜੇ ਵਜੋਂ ਦਰਿਆ ਦਾ ਵਹਾਅ ਸਿੱਧੇ ਤੌਰ ’ਤੇ ਪਿੰਡ ਦੇ ਬੰਨ ਵੱਲ ਵਧ ਰਿਹਾ ਹੈ, ਜਿਸ ਕਾਰਨ ਵਾਹੀਯੋਗ ਜ਼ਮੀਨ ਤੇਜ਼ੀ ਨਾਲ ਖੋਰੇ ਦਾ ਸ਼ਿਕਾਰ ਹੋ ਰਹੀ ਹੈ। ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਜ਼ਮੀਨ ਦਰਿਆ ਨਾਲ ਰਲ ਰਹੀ ਹੈ। ਜੇਕਰ ਸਮੇਂ ਸਿਰ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਪਿੰਡ ਦਾ ਵੱਡਾ ਹਿੱਸਾ ਦਰਿਆ ਦੀ ਭੇਟ ਚੜ੍ਹ ਸਕਦਾ ਹੈ। ਇਸੇ ਤਰ੍ਹਾਂ ਪਿੰਡ ਮੇਰੂਵਾਲਾ ਦੇ ਸਰਪੰਚ ਮੱਖਣ ਸਿੰਘ ਦੇ ਘਰ ਨੂੰ ਵੀ ਦਰਿਆ ਦੇ ਬਦਲਦੇ ਰੁਖ ਨੇ ਪੂਰੀ ਤਰ੍ਹਾਂ ਢਾਹੁਣਾ ਸ਼ੁਰੂ ਕਰ ਦਿੱਤਾ ਹੈ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹ ਆਪਣੇ ਘਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ, ਪਰ ਦਰਿਆ ਦੇ ਅੜੀਅਲ ਰੁਖ ਨੇ ਉਨ੍ਹਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਘਰ ਦੀਆਂ ਇੱਟਾਂ ਉਖੇੜਨ ਅਤੇ ਮਲਬੇ ਨੂੰ ਸੁਰੱਖਿਅਤ ਸਥਾਨ ’ਤੇ ਲਿਜਾਣ। ਉਨ੍ਹਾਂ ਕਿਹਾ ਕਿ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਜਦੋਂ ਦਰਿਆ ਦਾ ਰੁਖ ਨਾ ਬਦਲਿਆ, ਤਾਂ ਸਾਨੂੰ ਘਰ ਨੂੰ ਤੋੜਨਾ ਪਿਆ, ਤਾਂ ਜੋ ਘੱਟੋ-ਘੱਟ ਕੁਝ ਸਮੱਗਰੀ ਤਾਂ ਸੁਰੱਖਿਅਤ ਰਹਿ ਸਕੇ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਲੋਕ ਆਪਣੇ ਸੀਮਤ ਸਾਧਨਾਂ ਨਾਲ ਜ਼ਮੀਨ ਅਤੇ ਘਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜਦੋਂ ਪਾਣੀ ਦਾ ਪੱਧਰ ਉੱਚਾ ਸੀ, ਉਦੋਂ ਉਨ੍ਹਾਂ ਨੇ ਬੰਨ੍ਹ ਨੂੰ ਮਜਬੂਤ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ। ਹੁਣ ਵੀ ਉਹ ਜ਼ਮੀਨ ਦੀ ਸੁਰੱਖਿਆ ਲਈ ਦਿਨ-ਰਾਤ ਇਕ ਕਰ ਰਹੇ ਹਨ। ਅਸੀਂ ਆਪਣੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਾਂ, ਪਰ ਸਰਕਾਰ ਦੀ ਮਦਦ ਬਿਨਾਂ ਇਹ ਸੰਭਵ ਨਹੀਂ ਹੈ। ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪ੍ਰਭਾਵਿਤ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦੇਵਾਂਗੇ। ਪੰਜਾਬ ਸਰਕਾਰ ਪੂਰੀ ਤਰ੍ਹਾਂ ਪੀੜਤ ਇਲਾਕਿਆਂ ਦੇ ਨਾਲ ਖੜ੍ਹੀ ਹੈ। ਅਸੀਂ ਸਮੇਂ-ਸਮੇਂ ’ਤੇ ਹੜ੍ਹ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਹੈ, ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।
ਸਤਲੁਜ ਦਰਿਆ ਦੇ ਬਦਲਦੇ ਰੁਖ ਨੇ ਨਾ ਸਿਰਫ਼ ਜ਼ਮੀਨ ਅਤੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ, ਸਗੋਂ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ’ਤੇ ਵੀ ਗੰਭੀਰ ਅਸਰ ਪਾਇਆ ਹੈ। ਪਿੰਡ ਭੈਣੀ ਅਤੇ ਮੇਰੂਵਾਲਾ ਦੇ ਜ਼ਿਆਦਾਤਰ ਵਸਨੀਕ ਖੇਤੀਬਾੜੀ ’ਤੇ ਨਿਰਭਰ ਹਨ ਅਤੇ ਉਨ੍ਹਾਂ ਦੀ ਵਾਹੀਯੋਗ ਜ਼ਮੀਨ ਦਰਿਆ ਦੇ ਨਾਲ ਰਲਣ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿਗੜ ਰਹੀ ਹੈ। ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਈ ਕਿਸਾਨਾਂ ਦੀਆਂ ਫਸਲਾਂ ਪਹਿਲਾਂ ਹੀ ਹੜ੍ਹ ਦੀ ਭੇਟ ਚੜ੍ਹ ਚੁੱਕੀਆਂ ਹਨ, ਅਤੇ ਹੁਣ ਜ਼ਮੀਨ ਦੇ ਖੋਰੇ ਨੇ ਉਨ੍ਹਾਂ ਦੀਆਂ ਬਚੀਆਂ-ਕੁਚੀਆਂ ਉਮੀਦਾਂ ’ਤੇ ਵੀ ਪਾਣੀ ਫੇਰ ਦਿੱਤਾ ਹੈ। ਸੁਖਜਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਠੋਸ ਕਦਮ ਚੁੱਕੇ, ਜਿਸ ਨਾਲ ਪਿੰਡ ਭੈਣੀ ਅਤੇ ਮੇਰੂਵਾਲਾ ਦੇ ਰਕਬੇ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਅਤੇ ਪਾਣੀ ਦੇ ਰੁਖ ਨੂੰ ਬਦਲਣ ਲਈ ਵਿਗਿਆਨਕ ਤਰੀਕਿਆਂ ਨੂੰ ਅਪਣਾਇਆ ਜਾਵੇ।