ਪਾਕਿ ’ਚ 3 ਖਾਲਿਸਤਾਨੀਆਂ ਦਾ ਹੋ ਚੁੱਕੈ ਸ਼ੱਕੀ ਕਤਲ, ਜਾਣਕਾਰ ਬੋਲੇ ਇਸਤੇਮਾਲ ਕਰਕੇ ਇਹੀ ਹਸ਼ਰ ਕਰਦੀ ਹੈ ISI
Thursday, May 11, 2023 - 01:13 PM (IST)
ਜਲੰਧਰ (ਇੰਟ.)- ਹਾਲ ਹੀ ’ਚ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਪਾਕਿਸਤਾਨ ’ਚ ਕਤਲ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੀ ਧਰਤੀ ’ਤੇ ਖਾਲਿਸਤਾਨ ਦੀ ਅੱਤਵਾਦੀਆਂ ਦਾ ਇਹ ਤੀਜਾ ਸ਼ੱਕੀ ਕਤਲ ਹੈ। ਇਸ ਤੋਂ ਪਹਿਲਾਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮੀਤ ਸਿੰਘ ਉਰਫ਼ ਹੈੱਪੀ ਪੀ. ਐੱਚ. ਡੀ. ਦੀ 2020 ’ਚ ਲਾਹੌਰ ’ਚ ਕਤਲ ਕਰ ਦਿੱਤਾ ਗਿਆ ਸੀ। ਪਿਛਲੇ ਸਾਲ ਹਰਵਿੰਦਰ ਸਿੰਘ ਰਿੰਦਾ ਦੀ ਲਾਹੌਰ ਦੇ ਇਕ ਹਸਪਤਾਲ ’ਚ ਕਥਿਤ ਤੌਰ ’ਤੇ ਜ਼ਿਆਦਾ ਮਾਤਰਾ ’ਚ ਦਵਾਈ ਲੈਣ ਨਾਲ ਮੌਤ ਹੋ ਗਈ ਸੀ। ਹਾਲਾਂਕਿ ਕਈ ਲੋਕ ਕਹਿੰਦੇ ਹਨ ਕਿ ਇਹ ਉਹ ਜਿਊਂਦਾ ਹੈ ਅਤੇ ਉਸ ਦੀ ਮੌਤ ਦੀ ਖ਼ਬਰ ਭਾਰਤ ਸਰਕਾਰ ਨੂੰ ਗੁੰਮਰਾਹ ਕਰਨ ਲਈ ਫ਼ੈਲਾਈ ਗਈ ਸੀ। ਮਾਮਲੇ ਨਾਲ ਮਿਲੇ ਜਾਣਕਾਰ ਕਹਿੰਦੇ ਹਨ ਕਿ ਪਾਕਿਸਤਾਨ ਅਜਿਹੇ ਮੁਲਜ਼ਮਾਂ ਨੂੰ ਸ਼ਰਨ ਦੇ ਕੇ ਉਨ੍ਹਾਂ ਨੂੰ ਭਾਰਤ ਵਿਰੁੱਧ ਇਸਤੇਮਾਲ ਕਰਦਾ ਹੈ ਅਤੇ ਬਾਅਦ ’ਚ ਆਈ. ਐੱਸ. ਆਈ. ਉਨ੍ਹਾਂ ਦਾ ਉਹੀ ਹਸ਼ਰ ਕਰਦੀ ਹੈ, ਜਿਹੜਾ ਪੰਜਵੜ ਦਾ ਹੋਇਆ।
ਪਾਕਿਸਤਾਨ ਲਈ ਕਿਸੇ ਕੰਮ ਦਾ ਨਹੀਂ ਸੀ ਪੰਜਵੜ
ਪੰਜਾਬ ਦੇ ਮਾਮਲਿਆਂ ’ਤੇ ਤਿੱਖੀ ਨਿਗਾਹ ਰੱਖਣ ਵਾਲੇ ਮੁਹੰਮਦ ਖਾਲਿਦ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ’ਚ ਵਾਂਟਿਡ ਅੱਤਵਾਦੀਆਂ ਜਾਂ ਅਪਰਾਧੀਆਂ ਨੂੰ ਵਰਤ ਕੇ ਛੱਡ ਦਿੱਤਾ ਜਾਂਦਾ ਹੈ। ਪੰਜਾਬ ਦੇ ਸਾਬਕਾ ਪੁਲਸ ਮੁਖੀ ਚੰਦਰਸ਼ੇਖਰ ਕਹਿੰਦੇ ਹਨ ਕਿ ਸ਼ਾਇਦ ਹਰਮੀਤ ਸਿੰਘ, ਹਰਵਿੰਦਰ ਸਿੰਘ ਰੰਧਾ ਅਤੇ ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਲਈ ਕਿਸੇ ਕੰਮ ਦੇ ਨਹੀਂ ਸਨ ਇਸ ਲਈ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਮੁਹੰਮਦ ਖਾਲਿਦ ਕਹਿੰਦੇ ਹਨ ਕਿ ਅਪਰਾਧੀਆਂ ਅਤੇ ਅੱਤਵਾਦੀਆਂ ਨੂੰ ਪਾਕਿਸਤਾਨ ’ਚ ਸਿਰਫ਼ ਅਣ-ਐਲਾਨੀ ਸ਼ਰਨ ਦਿੱਤੀ ਜਾਂਦੀ ਹੈ। ਪਾਕਿਸਤਾਨ ਉਨ੍ਹਾਂ ਨੂੰ ਇਸਤੇਮਾਲ ਕਰਦਾ ਹੈ ਅਤੇ ਜਦੋਂ ਉਸ ਨੂੰ ਲੱਗਦਾ ਹੈ ਕਿ ਉਹ ਕਿਸੇ ਕੰਮ ਦੇ ਨਹੀਂ ਹਨ ਤਾਂ ਉਨ੍ਹਾਂ ਨੂੰ ਰਾਹ ’ਚੋਂ ਹਟਾ ਦਿੱਤਾ ਜਾਂਦਾ ਹੈ।
ਭਾਰਤ ’ਚ ਅੱਤਵਾਦ ਫ਼ੈਲਾਉਣ ਦੀ ਸੀ ਯੋਜਨਾ
63 ਸਾਲਾ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਪੰਜਵੜ ਧੜੇ ਦਾ ਆਗੂ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੰਜਵੜ ਨੇ ਡਰੱਗ ਸਮੱਗਲਰਾਂ ਰਾਹੀਂ ਭਾਰਤ ’ਚ ਨਕਲੀ ਭਾਰਤੀ ਕਰੰਸੀ ਨੂੰ ਫ਼ੈਲਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ 2010 ਪਿੱਛੋਂ ਪੰਜਵੜ ਨੇ ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ’ਚ ਕਦਮ ਰੱਖਿਆ ਅਤੇ ਪਾਕਿਸਤਾਨ ਦੀ ਮਿਲੀਭੁਗਤ ਨਾਲ ਲਾਹੌਰ ’ਚ ਗੁਲਜ਼ਾਰ ਸਿੰਘ ਦੇ ਨਕਲੀ ਨਾਂ ਹੇਠ ਰਹਿਣ ਲੱਗਾ। ਹਾਲ ਹੀ ’ਚ, ਪਾਕਿਸਤਾਨੀ ਖੂਫੀਆ ਏਜੰਸੀ ਆਈ.ਐੱਸ.ਆਈ. ਪੰਜਵੜ ਦੀ ਮਦਦ ਨਾਲ ਅੱਤਵਾਦ ਨੂੰ ਪੁਨਰ ਸੁਰਜੀਤ ਕਰਨ ਦੀ ਯੋਜਨਾ ਬਣਾ ਰਹੀ ਸੀ।
ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ : 54 ਫ਼ੀਸਦੀ ਹੋਈ ਵੋਟਿੰਗ, 13 ਤਾਰੀਖ਼ ਨੂੰ ਆਵੇਗਾ ਵੋਟਰਾਂ ਦਾ ਫ਼ੈਸਲਾ
ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ’ਚ ਸੀ ਸ਼ਾਮਲ
ਦੱਸਿਆ ਜਾ ਰਿਹਾ ਹੈ ਕਿ ਪੰਜਵੜ ਦੀ ਮੌਤ ਦੇ ਬਾਅਦ 3 ਹੋਰ ਖਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਲਖਬੀਰ ਸਿੰਘ ਰੋਡੇ, ਵਧਾਵਾ ਸਿੰਘ ਅਤੇ ਗਜਿੰਦਰ ਸਿੰਘ ਅਜੇ ਵੀ ਪਾਕਿਸਤਾਨ’ਚ ਹਨ। ਗਜਿੰਦਰ ’ਤੇ 1981 ’ਚ ਲਾਹੌਰ ’ਚ ਇਕ ਭਾਰਤੀ ਜਹਾਜ਼ ਨੂੰ ਅਗਵਾ ਕਰਨ ਦਾ ਦੋਸ਼ ਹੈ, ਜਦਕਿ ਰੋਡੇ ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਹੈ। ਇਹ ਸਾਰੇ ਪੰਜਵੜ ਦੇ ਨਾਲ ਭਾਰਤੀ ਪੰਜਾਬ ’ਚ ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ’ਚ ਸ਼ਾਮਲ ਸੀ।
ਪੰਜਵੜ ਦੇ ਭਰਾ ਨੇ ਕੀਤਾ ਇਹ ਖ਼ੁਲਾਸਾ
ਤਰਨ ਤਾਰਨ ’ਚ ਰਹਿਣ ਵਾਲੇ ਪੰਜਵੜ ਦੇ ਵੱਡੇ ਭਰਾ ਬਲਦੇਵ ਸਿੰਘ ਨੇ ਰਿਪੋਰਟ ’ਚ ਕਿਹਾ ਹੈ ਇਹ ਸਾਡੀ ਨੂੰਹ ਨੂੰ ਖਬਰਾਂ ਦੇਖਦਿਆਂ ਸਭ ਤੋਂ ਪਹਿਲਾਂ ਪਰਮਜੀਤ ਦੀ ਹੱਤਿਆ ਬਾਰੇ ਪਤਾ ਲੱਗਾ। ਜਨਰਲ ਏ.ਐੱਸ ਵੈਦਿਆ ਦੀ ਹੱਤਿਆ ’ਚ ਕੇ.ਸੀ.ਐੱਫ ਦੀ ਕਥਿਤ ਭੂਮਿਕਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਵੜ ਦੇ ਵੱਡੇ ਭਰਾ ਬਲਦੇਵ ਸਿੰਘ ਨੇ ਕਿਹਾ ਕਿ ਇਹ ਸਭ ਮੀਡੀਆ ਦੀ ਪੈਦਾਵਾਰ ਹੈ। ਮੈਂ ਭਾਰਤੀ ਫੌਜ ’ਚ ਸੀ ਅਤੇ ਤੇਜਪੁਰ ’ਚ 3 ਮਹੀਨੇ ਤਕ ਜਨਰਲ ਏ. ਐੱਸ. ਵੈਦਿਆ ਦੀ ਨਿੱਜੀ ਸੁਰੱਖਿਆ ’ਚ ਸੀ। ਉਨ੍ਹਾਂ ਕਿਹਾ ਕਿ ਪਰਮਜੀਤ ’ਤੇ ਜਨਰਲ ਵੈਦਿਆ ਦੀ ਹੱਤਿਆ ਦੀ ਸਾਜ਼ਿਸ਼ ਕਰਨ ਦਾ ਹਿੱਸਾ ਹੋਣ ਦਾ ਸ਼ੱਕ ਕਿਵੇਂ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਪੰਜਵੜ ਇਕ ਬੈਂਕ ਮੁਲਾਜ਼ਮ ਸੀ ਪਰ ਕਿਉਂਕਿ ਅਸੀਂ ਪੰਜਾਬ ਦੇ ਸਾਬਕਾ ਡੀ.ਜੀ.ਪੀ. ਜੂਲੀਓ ਫਰਾਂਸਿਸ ਰਿਬੈਰੋ ’ਤੇ ਗੋਲੀਆਂ ਚਲਾਉਣ ਅਤੇ ਲੁਧਿਆਣਾ ’ਚ ਸਭ ਤੋਂ ਵੱਡੀ ਬੈਂਕ ਡਕੈਤੀ ਦੇ ਦੋਸ਼ੀ ਲਾਭ ਸਿੰਘ ਨਾਲ ਸਬੰਧਤ ਸੀ, ਇਸ ਲਈ ਉਹ ਵੀ ਪੁਲਸ ਦੇ ਨਿਸ਼ਾਨੇ ’ਤੇ ਆ ਗਿਆ ਅਤੇ ਪੁਲਸ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਬਲਦੇਵ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਪੰਜਵੜ ਨੂੰ ਆਤਮ-ਸਮਰਪਣ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਪਰਮਜੀਤ ਨੇ ਕਿਹਾ ਕਿ ਹੁਣ ਉਹ ਵਾਪਸ ਪਰਤਣ ਦੀ ਸਥਿਤੀ ’ਚ ਨਹੀਂ ਹੈ।
ਇਹ ਵੀ ਪੜ੍ਹੋ: ਹੁਣ ਨੰਗਲ 'ਚ ਲੀਕ ਹੋਈ ਗੈਸ, ਲਪੇਟ 'ਚ ਆਏ ਸਕੂਲੀ ਬੱਚੇ ਤੇ ਅਧਿਆਪਕ, ਹਰਜੋਤ ਬੈਂਸ ਨੇ ਟਵੀਟ ਕਰ ਆਖੀ ਇਹ ਗੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ