ਪਠਾਨਕੋਟ ਕੋਲ ਫੌਜੀ ਇਲਾਕੇ ਨੇੜਿਓਂ ਸ਼ੱਕੀ ਕਾਬੂ, ਸੁਰੱਖਿਆ ਏਜੰਸੀਆਂ ਜਾਂਚ ''ਚ ਜੁਟੀਆਂ

Thursday, Jun 21, 2018 - 12:26 AM (IST)

ਪਠਾਨਕੋਟ ਕੋਲ ਫੌਜੀ ਇਲਾਕੇ ਨੇੜਿਓਂ ਸ਼ੱਕੀ ਕਾਬੂ, ਸੁਰੱਖਿਆ ਏਜੰਸੀਆਂ ਜਾਂਚ ''ਚ ਜੁਟੀਆਂ

ਪਠਾਨਕੋਟ (ਸ਼ਾਰਦਾ) - ਪਠਾਨਕੋਟ ਨੇੜਲੇ ਮਾਮੂਨ ਫੌਜੀ ਛਾਊਣੀ ਨਾਲ ਲਗਦੇ ਡਿਫੈਂਸ ਰੋਡ 'ਤੇ ਸਥਿਤ ਅੰਬਾਂ ਦੇ ਬਾਗ ਵਿਚੋਂ ਫੌਜ ਨੇ ਅੱਜ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਫੌਜ ਨੇ ਇਸ ਸ਼ੱਕੀ ਨੂੰ ਅਗਲੀ ਪੁੱਛਗਿੱਛ ਲਈ ਪੁਲਸ ਦੇ ਹਵਾਲੇ ਕਰ ਦਿੱਤਾ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਕਾਬੂ ਸ਼ੱਕੀ ਤੋਂ ਕੁਝ ਕੱਪੜੇ ਜੋ ਕਿ ਖਾਕੀਨੁਮਾ ਵਰਦੀ ਜਿਹੇ ਹਨ, ਵੀ ਮਿਲੇ ਹਨ। ਇਸ ਤੋਂ ਇਲਾਵਾ ਦੋ ਜੋੜੀ ਭਗਵਾ, ਇਕ ਹਰੇ ਰੰਗ ਅਤੇ ਦੋ ਪਿੰਕ ਰੰਗ ਦੇ ਵੀ ਕੱਪੜੇ ਮਿਲੇ ਹਨ ਜੋ ਸ਼ੱਕ ਦੇ ਘੇਰੇ ਵਿਚ ਹਨ।
ਇਸ ਵਿਅਕਤੀ ਦਾ ਮੈਡੀਕਲ ਕਰਵਾ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਸ਼ੱਕੀ ਹੈ ਕੌਣ? ਇਥੇ ਕਿਵੇਂ ਪੁੱਜਾ ਅਤੇ ਕਿਸੇ ਮਨਸੂਬੇ ਦੇ ਤਹਿਤ ਫੌਜੀ ਇਲਾਕੇ ਦੇ ਆਸੇ-ਪਾਸੇ ਆ ਧਮਕਿਆ। ਸਿਵਲ ਹਸਪਤਾਲ ਜਿਥੇ ਉਕਤ ਸ਼ੱਕੀ ਨੂੰ ਮੈਡੀਕਲ ਦੇ ਲਈ ਲਿਆਂਦਾ ਗਿਆ ਸੀ, ਦੇ ਐਸ.ਐਮ.ਓ. ਡਾ. ਭੁਪਿੰਦਰ ਸਿੰਘ ਦੇ ਅਨੁਸਾਰ ਸਿਵਲ ਹਸਪਤਾਲ ਨਾਲ ਸਬੰਧਤ ਡਾਕਟਰ ਛੁੱਟੀ 'ਤੇ ਹੋਣ ਕਾਰਣ ਉਕਤ ਵਿਅਕਤੀ ਨੂੰ ਮੈਡੀਕਲ  ਲਈ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ।  ਜ਼ਿਕਰਯੋਗ ਹੈ ਕਿ ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲੇ  ਮਗਰੋਂ ਇਹ ਇਲਾਕਾ ਸੁਰਖੀਆਂ ਵਿਚ ਬਣਿਆ ਹੋਇਆ ਹੈ ਜਿਸ ਦੇ  ਕਾਰਣ ਇਹ ਆਏ ਦਿਨ ਅਲਰਟ 'ਤੇ ਰਹਿੰਦਾ ਹੈ। ਇਸ ਇਲਾਕੇ  ਦੇ ਆਸੇ-ਪਾਸੇ ਕਿਤੋਂ ਫੌਜੀ ਵਰਦੀਆਂ ਮਿਲਣ 'ਤੇ ਕਿਤੇ ਸ਼ੱਕੀ ਦੇਖੇ ਜਾਣ ਅਤੇ ਕਈ ਵਾਰ ਬੰਬਨੁਮਾ ਵਸਤੂਆਂ ਦੇ ਮਿਲਣ ਨਾਲ ਅਕਸਰ ਇਲਾਕੇ  ਦੀ ਜਨਤਾ ਖੋਫ਼ ਦੇ ਸਾਏ ਵਿਚ ਰਹਿੰਦੀ ਹੈ। ਪਿਛਲੇ ਕੁਝ ਦਿਨਾਂ ਤੋਂ ਸੁਰੱਖਿਆ ਏਜੰਸੀਆਂ ਵੱਲੋਂ ਮਿਲੀ ਇਨਪੁੱਟ ਦੇ ਕਾਰਨ ਪਠਾਨਕੋਟ ਦੇ ਇਲਾਕੇ ਅਲਰਟ 'ਤੇ ਹਨ। ਅਜਿਹੇ ਵਿਚ ਅੱਜ  ਫੌਜੀ  ਇਲਾਕੇ  ਦੇ ਨੇੜੇ ਸ਼ੱਕੀ ਵਿਅਕਤੀ ਦਾ  ਕਾਬੂ ਆਉਣਾ ਕਈ ਸਵਾਲ ਛੱਡ ਗਿਆ ਹੈ। ਜਾਣਕਾਰੀ ਦੇ ਅਨੁਸਾਰ ਸ਼ੱਕੀ ਵਿਅਕਤੀ ਦੋ ਭਾਸ਼ਾਵਾਂ ਨੂੰ ਜਾਣਦਾ ਹੈ। ਮਾਤ ਭਾਸ਼ਾ ਦੇ ਨਾਲ ਨਾਲ ਉਸ ਨੂੰ ਬੰਗਾਲੀ ਭਾਸ਼ਾ ਵੀ ਆਉਂਦੀ ਹੈ। ਇਸ ਤੋਂ ਸੁਰੱਖਿਆ ਏਜੰਸੀਆਂ ਹੋਰ ਅਲਰਟ ਹੋ ਗਈਆਂ ਹਨ।


Related News