ਪਠਾਨਕੋਟ ’ਚ ਸ਼ੱਕੀਆਂ ਨੇ ਧਮਕੀ ਭਰੇ ਪੋਸਟਰ ਸੁੱਟੇ, ਭੰਨੀ ਗੱਡੀ

Sunday, Jul 21, 2024 - 04:29 AM (IST)

ਪਠਾਨਕੋਟ ’ਚ ਸ਼ੱਕੀਆਂ ਨੇ ਧਮਕੀ ਭਰੇ ਪੋਸਟਰ ਸੁੱਟੇ, ਭੰਨੀ ਗੱਡੀ

ਪਠਾਨਕੋਟ (ਸ਼ਾਰਦਾ) - ਢਾਕੀ ਰੋਡ ’ਤੇ ਪੈਂਦੇ ਨਹਿਰੂ ਨਗਰ ਚੌਕ ਸਾਹਮਣੇ ਬਾਲਾ ਜੀ ਕਾਲੋਨੀ ਵਿਚ ਸਵੇਰੇ ਤੜਕੇ ਚਾਰ ਵਜੇ ਦੇ ਕਰੀਬ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕਿਸੇ ਗੱਡੀ ਦੇ ਸ਼ੀਸ਼ੇ ਦੇ ਟੁੱਟਣ ਦੀ ਆਵਾਜ਼ ਆਈ ਤਾਂ  ਨੇੜਲੇ ਲੋਕਾਂ ਨੇ ਛੱਤ ’ਤੇ ਚੜ੍ਹ ਕੇ ਕਰੀਬ ਚਾਰ ਸ਼ੱਕੀਆਂ ਨੂੰ ਦੇਖਿਆ। 

ਸ਼ੱਕੀਆਂ ਦੇ ਜਾਣ ਤੋਂ ਬਾਅਦ ਲੋਕ ਬਾਹਰ ਨਿਕਲੇ ਤਾਂ ਉਨ੍ਹਾਂ ਦੇਖਿਆ ਕਿ ਗਲੀ ਵਿਚ ਕੁਝ ਚਾਰਟਨੁਮਾ ਪੋਸਟਰ ਡਿੱਗੇ ਹੋਏ ਸਨ, ਜਿਨ੍ਹਾਂ ’ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਸਨ ਅਤੇ ਜਨਤਕ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੋਈ ਸੀ। ਇਸ ਦੇ ਨਾਲ ਇਹ ਵੀ ਲਿਖਿਆ ਹੋਇਆ ਸੀ ਕਿ ਪੂਰੇ ਇੰਡੀਆ ਵਿਚ ਅਸੀਂ 100 ਦੀ ਗਿਣਤੀ ਵਿਚ ਅੱਤਵਾਦੀ ਆ ਚੁੱਕੇ ਹਾਂ, ਜਿਨ੍ਹਾਂ ’ਚੋਂ 30 ਪਠਾਨਕੋਟ ਆ ਗਏ ਹਨ।  ਇਸ ਤੋਂ ਬਾਅਦ ਉਨ੍ਹਾਂ ਨੇ ਦੇਖਿਆ ਕਿ ਖਾਲੀ ਜਗ੍ਹਾ ’ਤੇ ਪਿਛਲੇ ਚਾਰ ਮਹੀਨੇ ਤੋਂ ਖੜ੍ਹੀ ਇਨੋਵਾ ਗੱਡੀ ਦਾ ਫਰੰਟ ਵਾਲਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਉਸ ਦੇ ਨਾਲ ਸੱਜੇ ਹਿੱਸੇ ਵਾਲੇ ਦਰਵਾਜ਼ੇ ਦਾ ਵੀ ਸ਼ੀਸ਼ਾ ਟੁੱਟਾ ਹੋਇਆ ਸੀ।

ਇਸ ਤੋਂ ਬਾਅਦ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪੁੱਜ ਕੇ  ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਬੇਸ਼ੱਕ ਪੁਲਸ ਇਸ ਦੇ ਪਿੱਛੇ ਕਿਸੇ ਸ਼ਰਾਰਤੀ ਅਨਸਰ ਦੇ ਹੋਣ ਦਾ ਸ਼ੱਕ ਪ੍ਰਗਟਾ ਰਹੀ ਹੈ, ਉਥੇ ਹੀ ਘਟਨਾ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਕਤ ਜਗ੍ਹਾ ਦੇ ਹਿਸਾਬ ਨਾਲ ਸਿਰਫ ਡੇਢ ਕਿਲੋਮੀਟਰ ਦੂਰ ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਜੋੜਨ ਵਾਲਾ ਮੁੱਖ ਕੈਂਟ ਸਟੇਸ਼ਨ ਹੈ, ਜਿਥੇ ਰੋਜ਼ਾਨਾ 100 ਦੇ ਕਰੀਬ ਗੱਡੀਆਂ ਅਪ-ਡਾਊਨ ਕਰਦੀਆਂ ਹਨ।

PunjabKesari

ਡਰਨ ਦੀ ਕੋਈ ਜ਼ਰੂਰਤ ਨਹੀਂ ਹੈ: ਡੀ.ਐੱਸ.ਪੀ.
ਉਥੇ ਹੀ ਲੋਕਾਂ ਵੱਲੋਂ ਸ਼ੱਕੀਆਂ ਨੂੰ ਦੇਖੇ ਜਾਣ ਅਤੇ ਧਮਕੀ ਭਰੇ ਪੋਸਟਰਾਂ ਦੇ ਸੁੱਟੇ ਜਾਣ ਬਾਰੇ ਡੀ. ਐੱਸ. ਪੀ. ਸਿਟੀ ਸੁਮੀਰ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਸ਼ਰਾਰਤ ਹੈ, ਜਿਸ ਤੋਂ ਡਰਨ  ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਉਕਤ ਗੱਡੀ ਉਥੇ ਖੜੀ ਸੀ, ਹੋ ਸਕਦਾ ਹੈ ਉਸ ਨੂੰ ਲੈ ਕੇ ਕੋਈ ਸ਼ਰਾਰਤ ਕੀਤੀ ਗਈ ਹੈ।

PunjabKesari

ਪੋਸਟਰ ’ਤੇ ਲਿਖਿਆ-ਅਸੀਂ 100 ਦੇ ਕਰੀਬ ਭਾਰਤ ’ਚ ਆ ਚੁੱਕੇ ਹਾਂ
ਉਥੇ ਹੀ ਮੌਕੇ ’ਤੇ ਪੁੱਜੀ ਪੁਲਸ ਵੱਲੋਂ ਚਾਰ ਦੇ ਕਰੀਬ ਪੋਸਟਰ ਕਬਜ਼ੇ ਵਿਚ ਲਏ ਗਏ ਹਨ, ਜਿਨ੍ਹਾਂ ’ਤੇ ਇਹ ਧਮਕੀ ਲਿਖੀ ਹੋਈ ਸੀ ਕਿ ਇੰਡੀਆ ਵਿਚ 100 ਦੇ ਕਰੀਬ ਅਸੀਂ ਆ ਚੁੱਕੇ ਹਾਂ ਅਤੇ ਪਠਾਨਕੋਟ ਵਿਚ 30 ਦੇ ਕਰੀਬ ਹਾਂ। 
ਉਸ ’ਤੇ ਇਹ ਵੀ ਲਿਖਿਆ ਹੋਇਆ ਸੀ ਕਿ ਪਠਾਨਕੋਟ ਵਿਚ ਜਿੰਨੇ ਵੀ ਸਰਕਾਰੀ ਸਕੂਲ, ਜਿੰਨੀਆਂ ਵੀ ਪੁਲਸ ਚੌਕੀਆਂ ਅਤੇ ਬੈਂਕ ਹਨ ਉਹ ਬਚ ਨਹੀਂ ਸਕਣਗੇ। ਸਿਰਫ ਪੰਜ ਦਿਨ ਬਾਕੀ ਰਹਿ ਗਏ ਹਨ ਅਤੇ ਅੰਤ ਵਿਚ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਿਖਿਆ ਹੋਇਆ ਸੀ।

 


author

Inder Prajapati

Content Editor

Related News