ਪਿੰਡ ਸੋਹਲ ''ਚ ਔਰਤ ਦੀ ਸ਼ੱਕੀ ਹਲਾਤਾਂ ''ਚ ਕੱਟੀ ਗਈ ਗੁੱਤ
Friday, Aug 11, 2017 - 09:35 PM (IST)

ਝਬਾਲ (ਹਰਬੰਸ ਲਾਲੂਘੁੰਮਣ)- ਥਾਣਾ ਝਬਾਲ ਦੇ ਪਿੰਡ ਸੋਹਲ ਸਥਿਤ ਇਕ ਔਰਤ ਦੀ ਦੁਪਹਿਰ ਸਮੇਂ ਸੁੱਤੀ ਪਈ ਦੀ ਸ਼ੱਕੀ ਹਲਾਤਾਂ 'ਚ ਗੁੱਤ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਸ਼ੱਕ ਔਰਤ ਵੱਲੋਂ ਉਸ ਦੀ ਗੁੱਤ ਕੱਟੇ ਜਾਣ ਦੇ ਮਾਮਲੇ 'ਚ ਕੋਈ ਵੀ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਸਰਕਲ ਗੱਗੋਬੂਹਾ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਉਕਤ ਔਰਤ ਸਮੇਤ ਪਿੱਛਲੇ ਸਮੇਂ ਦੌਰਾਨ ਤਰਨ ਤਾਰਨ ਅੰਦਰ ਵਾਪਰੀਆਂ ਅਜਿਹੀਆਂ ਘਟਨਾਵਾਂ ਦੀ ਖੁਦ ਜਾਂਚ ਕਰੇਗੀ। ਇੱਧਰ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਆਰੰਭ ਦਿੱਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਤਰਲੋਚਨ ਸਿੰਘ ਸੋਹਲ ਦੀ ਹਾਜ਼ਰੀ 'ਚ ਜਾਣਕਾਰੀ ਦਿੰਦਿਆਂ ਔਰਤ ਮਨਦੀਪ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਸੋਹਲ ਨੇ ਦੱਸਿਆ ਕਿ ਅੱਜ ਦੁਪਹਿਰੇ ਪੌਣੇ ਇਕ ਵਜੇ ਜਦੋਂ ਉਹ ਘਰ 'ਚ ਇਕੱਲੀ ਸੀ ਅਤੇ ਆਂਢ-ਗੁਆਂਢ ਵੀ ਕੋਈ ਨਹੀਂ ਸੀ ਤਾਂ ਇਕ ਮੰਗਣ ਵਾਲੀ ਔਰਤ ਉਨ੍ਹਾਂ ਦੇ ਘਰ ਆਈ, ਜਿਸ ਨੂੰ ਉਸ ਵੱਲੋਂ ਆਟਾ ਆਦਿ ਪਾਇਆ ਗਿਆ। ਉਸ ਨੇ ਦੱਸਿਆ ਕਿ ਔਰਤ ਵੱਲੋਂ ਉਸ ਕੋਲੋਂ 10 ਰੁਪਏ ਦੀ ਮੰਗ ਕੀਤੀ ਤਾਂ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਇਸ 'ਤੇ ਕਥਿਤ ਔਰਤ ਵੱਲੋਂ ਉਸਦੇ ਕੋਲ ਚੁੰਨੀ ਝਾੜੀ ਗਈ, ਜਿਸ ਤੋਂ ਬਾਅਦ ਉਸ ਨੂੰ ਨੀਂਦ ਆ ਗਈ। ਜਦੋਂ ਉਹ ਨੀਂਦ ਤੋਂ ਜਾਗੀ ਤਾਂ ਉਸਦੀ ਗੁੱਚ ਕੱਟੀ ਹੋਈ ਸੀ ਅਤੇ ਵਾਲ ਹੇਠਾਂ ਜ਼ਮੀਨ 'ਤੇ ਪਏ ਸਨ। ਥਾਣਾ ਝਬਾਲ ਦੇ ਮੁੱਖੀ ਇੰਸਪੈਕਟਰ ਹਰਿਤ ਸ਼ਰਮਾ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਉਕਤ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਮਾਮਲਾ ਹੈ ਸ਼ੱਕੀ- ਭਾਈ ਤਰਲੋਚਨ ਸਿੰਘ ਸੋਹਲ-
ਸਤਿਕਾਰ ਕਮੇਟੀ ਆਗੂ ਭਾਈ ਤਰਲੋਚਨ ਸਿੰਘ ਸੋਹਲ ਨੇ ਕਿਹਾ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ, ਕਿਉਂਕਿ ਇਕ ਤਾਂ ਔਰਤ ਦਾ ਘਰ ਕਰੀਬ 25 ਘਰ ਲੰਘ ਕੇ ਗਲੀ 'ਚ ਅੱਗੇ ਜਾ ਕੇ ਆਂਉਦਾ ਹੈ ਅਤੇ ਦੂਜਾ ਜਿਨ੍ਹਾਂ ਚਸ਼ਮਦੀਦ ਲੋਕਾਂ ਦੀ ਔਰਤ ਵਲੋਂ ਮੰਗਣ ਵਾਲੀ ਔਰਤ ਨੂੰ ਵੇਖੇ ਜਾਣ ਦਾ ਜਿਕਰ ਕੀਤਾ ਜਾ ਰਿਹਾ ਹੈ ਉਨ੍ਹਾਂ ਵਲੋਂ ਕੋਈ ਵੀ ਔਰਤ ਵੇਖਣ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ ਜਦੋਂ ਕਿ ਇਸ ਮਾਮਲੇ 'ਚ ਜਾਂਚ ਕਰਵਾਉਣ ਤੋਂ ਵੀ ਔਰਤ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ। ਭਾਈ ਸੋਹਲ ਨੇ ਅਜਿਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਝ ਲੋਕ ਅਫ਼ਵਾਹਾਂ ਦਾ ਹੀ ਫਾਇਦਾ ਉਠਾ ਕੇ ਆਪਣੇ ਵਾਲ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਤਰਨ ਤਾਰਨ ਅੰਦਰ ਜਿੰਨੀਆਂ ਵੀ ਵਾਲ ਕੱਟਣ ਦੀਆਂ ਘਟਨਾਵਾਂ ਵਾਪਰੀਆਂ ਹਨ ਉਸ ਦੀ ਜਾਂਚ ਕਮੇਟੀ ਆਪਣੇ ਪੱਧਰ 'ਤੇ ਕਰੇਗੀ ਅਤੇ ਦੁੱਧ ਦਾ ਦੁੱਧ 'ਤੇ ਪਾਣੀ ਦਾ ਪਾਣੀ ਕਰਦਿਆਂ ਜਲਦ ਸੱਚ ਲੋਕਾਂ ਸਾਹਮਣੇ ਲਿਆਵੇਗੀ।