ਭਾਰਤੀ ਦੀ ਹੀ ਨਹੀਂ ਸਗੋਂ ਵਿਦੇਸ਼ੀ ਵੀ ਸਨ ਸੁਸ਼ਮਾ ਦੇ ਫੈਨ, ਬੱਸ ਇਕ ਟਵੀਟ ਉਤੇ ਕਰਦੀ ਸੀ ਮਦਦ
Wednesday, Aug 07, 2019 - 12:49 AM (IST)
ਜਲੰਧਰ (ਅਰੁਣ ਚੋਪੜਾ)- ਸਾਬਕਾ ਵਿਦੇਸ਼ ਮੰਤਰੀ ਦੇ ਕਾਰਜਕਾਲ ਦੌਰਾਨ ਸੁਸ਼ਮਾ ਸਵਾਰਜ ਨੇ ਸਿਰਫ ਦੇਸ਼ ਵਿਚ ਵਸਦੇ ਲੋਕਾਂ ਲਈ ਹੀ ਕੰਮ ਨਹੀਂ ਕੀਤਾ ਸਗੋਂ ਆਪਣੇ ਦੇਸ਼ ਤੋਂ ਬਾਹਰ ਰੋਜੀ ਰੋਟੀ ਦੀ ਭਾਲ ਵਿਚ ਗਏ ਅਨੇਕਾਂ ਭਾਰਤੀਆਂ ਦੀ ਮਦਦ ਲਈ ਵੀ ਉਹ ਹਮੇਸ਼ਾ ਤਿਆਰ ਰਹਿੰਦੀ ਸੀ। ਇਹੀ ਕਾਰਨ ਸੀ ਕਿ ਵੱਡੀ ਗਿਣਤੀ ਵਿਚ ਐੱਨ. ਆਰ. ਆਈ. ਉਨ੍ਹਾਂ ਦੇ ਫੈਨ ਸਨ। ਉਨ੍ਹਾਂ ਦੇ ਫੈਨਸ ਵਿਚ ਭਾਰਤੀਆਂ ਦੇ ਨਾਲ-ਨਾਲ ਵਿਦੇਸ਼ੀ ਵੀ ਸ਼ਾਮਲ ਸਨ। ਇਸ ਦਾ ਮੁਖ ਕਾਰਨ ਉਨ੍ਹਾਂ ਦਾ ਸਿਰਫ ਇਕ ਟਵੀਟ ਮਗਰੋਂ ਮਦਦ ਲਈ ਅੱਗੇ ਆ ਕੇ ਕੰਮ ਕਰਨਾ ਪ੍ਰਮੁਖ ਸੀ। ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੂੰ ਜਦ ਕਦੇ ਵੀ ਕੋਈ ਪ੍ਰੇਸ਼ਾਨੀ ਹੁੰਦੀ, ਉਦੋਂ ਹੀ ਸੁਸ਼ਮਾ ਸਵਰਾਜ ਉਨ੍ਹਾਂ ਲ਼ਈ ਮਦਦ ਦਾ ਹੱਥ ਅੱਗੇ ਵਧਾ ਦਿੰਦੀ। ਸੁਸ਼ਮਾ ਸਵਰਾਜ ਦਾ ਜਨਮ 14 ਫਰਵਰੀ 1952 ਵਿਚ ਅੰਬਾਲਾ ਵਿਚ ਹੋਇਆ ਸੀ। ਸਿਆਸਤ ਵਿਚ ਆਉਣ ਤੋਂ ਪਹਿਲਾਂ ਸੁਸ਼ਮਾ ਸਵਾਰਜ ਨੇ ਸੁਪਰੀਮ ਕੋਰਟ ਵਿਚ ਵਕੀਲ ਦੇ ਤੌਰ ਉਤੇ ਵੀ ਕੰਮ ਕੀਤਾ।
2014 ਵਿਚ ਭਾਜਪਾ ਸੱਤਾ ਵਿਚ ਆਈ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤੇ ਉਨ੍ਹਾਂ ਵਲੋਂ ਵਿਦੇਸ਼ ਮੰਤਰੀ ਦਾ ਕਾਰਜਕਾਲ ਸੁਸ਼ਮਾ ਸਵਰਾਜ ਨੂੰ ਸੌਪਿਆ ਗਿਆ। ਸੁਸ਼ਮਾ ਸਵਰਾਜ ਨੇ ਇਹ ਅਹੱਦਾ ਸੰਭਾਲਦੇ ਹੀ ਆਪਣਾ ਕੰਮ ਬਾਖੂਬੀ ਢੰਗ ਨਾਲ ਕਰਨਾ ਸ਼ੁਰੂ ਕਰ ਦਿੱਤਾ। ਸੁਸ਼ਮਾ ਸਵਾਰਜ ਨੇ ਵਿਦੇਸ਼ਾਂ ਵਿਚ ਫਸੇ ਕਈ ਭਾਰਤੀਆਂ ਦੀ ਸਹੀ-ਸਲਾਮਤ ਘਰ ਵਾਪਸੀ ਵੀ ਕਰਵਾਈ। ਇਨ੍ਹਾਂ ਭਾਰਤੀਆਂ ਵਿਚ ਪੰਜਾਬੀਆਂ ਦੀ ਵੱਡੀ ਗਿਣਤੀ ਵੀ ਸ਼ਾਮਲ ਸੀ।
ਯਮਨ ਵਿਚ ਜਦ ਹਾਊਥੀ ਵਿਦਰੋਹੀਆਂ ਅਤੇ ਸਰਕਾਰ ਦੇ ਵਿਚਕਾਰ ਜੰਗ ਛਿੜੀ ਤਾਂ ਹਜਾਰਾਂ ਭਾਰਤੀ ਇਸ ਜੰਦ ਵਿਚ ਫਸ ਗਏ। ਜੰਗ ਲਗਾਤਾਰ ਵੱਧਦੀ ਜਾ ਰਹੀ ਸੀ ਅਤੇ ਸਾਊਦੀ ਅਰਬ ਦੀ ਫੌਜ ਲਗਾਤਾਰ ਯਮਨ ‘ਚ ਬੰਬ ਸੁੱਟ ਰਹੀ ਸੀ। ਇਸ ਦੌਰਾਨ ਯਮਨ ਵਿਚ ਫਸੇ ਭਾਰਤੀਆਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਾਰਜ ਨੂੰ ਮਦਦ ਦੀ ਅਪੀਲ ਕੀਤੀ। ਜਿਸ ਉਤੇ ਸੁਸ਼ਮਾ ਸਵਰਾਜ ਨੇ ਯਮਨ ਵਿਚ ਫਸੇ ਭਾਰਤੀਆਂ ਦੇ ਲਈ ਸਪੈਸ਼ਲ ਅਪ੍ਰੈਨ ਰਾਹਤ ਚਲਾਇਆ ਅਤੇ ਅਪ੍ਰੇਸ਼ਨ ਦੌਰਾਨ ਸਾਢੇ 5 ਹਜਾਰ ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ। ਇਹ ਅਪ੍ਰੇਸ਼ਨ ਇਨ੍ਹਾਂ ਸਫਲ ਰਿਹਾ ਕਿ ਭਾਰਤ ਹੀ ਨਹੀਂ ਯਮਨ ਵਿਚ ਫਸੇ 41 ਦੇਸ਼ਾਂ ਦੇ ਨਾਗਰੀਕਾਂ ਨੂੰ ਵੀ ਇਸ ਅਪ੍ਰੇਸ਼ਨ ਦੌਰਾਨ ਸੁਰੱਖਿਅਤ ਬਚਾਇਆ ਜਾ ਸਕੀਆ। ਇਸ ਵਿਚ 4640 ਭਾਰਤੀ ਵੀ ਸਨ।
ਇਸੇ ਤਰ੍ਹਾਂ ਦੱਖਣੀ ਸੁਡਾਨ ਵਿਚ ਛਿੜੀ ਸਿਵਲ ਵਾਰ ਵਿਚ ਫਸੇ ਭਾਰਤੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਲਈ ਵਿਦੇਸ਼ ਮੰਤਰੀ ਨੇ ਅਪ੍ਰੇਸ਼ਨ ਸੰਕਟਮੋਚਨ ਦੀ ਸ਼ੁਰੂਆਤ ਕੀਤੀ। ਇਸ ਅਪ੍ਰੇਸ਼ਨ ਦੇ ਤਹਿਤ ਸੁਡਾਨ ਵਿਚ ਫਸੇ 150 ਤੋਂ ਵੱਧ ਭਾਰਤੀਆਂ ਨੂੰ ਬਾਹਰ ਕੱਢਿਆ ਗਿਆ। ਇਸ ਵਿਚ 56 ਲੋਕ ਕੇਰਲ ਦੇ ਸਨ।
ਲੀਬੀਆ ਵਿਚ ਵੀ ਸਰਕਾਰ ਤੇ ਵਿਦਰੋਹੀਆਂ ਵਿਚਕਾਰ ਛਿੜੀ ਜੰਗ ਵਿਚ ਵੀ ਕਈ ਭਾਰਤੀ ਉਥੇ ਫਸ ਗਏ ਸਨ। ਲੀਬੀਆ ਤੋਂ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲੈ ਕੇ ਆਉਣ ਲਈ ਤਿਆਰੀ ਤੇਜ ਕੀਤੀ ਗਈ ਅਤੇ 29 ਭਾਰਤੀਆਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਗਿਆ। ਹਲਾਂਕਿ ਇਸ ਦੌਰਾਨ ਇਕ ਭਾਰਤੀ ਨਰਸ ਤੇ ਉਸਦੇ ਪੁੱਤਰ ਦੀ ਮੌਤ ਹੋ ਗਈ ਸੀ।
ਸੁਸ਼ਮਾ ਸਵਰਾਜ ਦੀਆਂ ਕੋਸ਼ੀਸ਼ਾਂ ਸਦਕਾ ਹੀ 15 ਸਾਲ ਪਹਿਲਾਂ ਭਟਕ ਕੇ ਸਰਹੱਦ ਪਾਰ ਪਹੁੰਚ ਗਈ ਗੀਤਾ ਨੂੰ ਭਾਰਤ ਲਿਆਂਦਾ ਜਾ ਸਕੀਆ ਸੀ। ਗੀਤਾ ਜਦ ਭਾਰਤ ਪਰਤੀ ਤਦ ਉਸਦੀ ਉਮਰ 23 ਸਾਲ ਦੀ ਸੀ। ਗੀਤਾ ਭਾਰਤ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੀ ਸੀ। ਕੁਝ ਅਜਿਹਾ ਹੀ ਜੁਡਿਥ ਡਿਸੂਜਾ ਕੇਸ ਵਿਚ ਵੀ ਹੋਇਆ ਸੀ। ਜੁਡਿਥ ਨੂੰ 9 ਜੂਨ ਨੂੰ ਕਾਬੂਲ ਤੋਂ ਅਗਵਾ ਕਰ ਲਿਆ ਗਿਆ ਸੀ। ਸੁਸ਼ਮਾ ਸਵਰਾਜ ਦੀਆਂ ਕੋਸ਼ੀਸ਼ਾਂ ਤੋਂ ਬਾਅਦ ਅਫਗਾਨ ਅਧਿਕਾਰੀਆਂ ਨੇ ਜੁਡਿਥ ਦੀ ਰਿਹਾਈ ਯਕੀਨੀ ਬਣਾਈ ਸੀ।
ਜਦੋਂ ਪਾਕਿ ਵਿਚ ਸਜਾ ਕੱਟ ਕੇ ਆਇਆ ਭਾਰਤੀ ਬੋਲਿਆ- ਮੇਰੀ ਮੈਡਮ ਮਹਾਨ
ਪਾਕਿਸਤਾਨ ਦੀ ਜੇਲ 'ਚ ਸਜ਼ਾ ਕੱਟ ਕੇ 6 ਸਾਲਾਂ ਬਾਅਦ ਵਾਪਸ ਪਰਤੇ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਅਤੇ ਉਸ ਦੇ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਸਭ ਤੋਂ ਪਹਿਲਾਂ ਮੁਲਾਕਾਤ ਕੀਤੀ ਸੀ। ਨਵੀਂ ਦਿੱਲੀ ਵਿਖੇ ਪਰਿਵਾਰ ਨੇ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦਾ ਧੰਨਵਾਦ ਕੀਤਾ ਸੀ। ਇਸ ਦੌਰਾਨ ਹਾਮਿਦ ਦੇ ਪਰਿਵਾਰਕ ਮੈਂਬਰ ਸੁਸ਼ਮਾ ਨੂੰ ਮਿਲ ਕੇ ਬਹੱਦ ਭਾਵੁਕ ਹੋ ਗਏ,ਉਨ੍ਹਾਂ ਦੇ ਹੰਝੂ ਵਹਿ ਹਏ। ਉਨ੍ਹਾਂ ਨੇ ਇਸ ਦੌਰਾਨ ਕਿਹਾ ਸੀ ਕਿ ''ਮੇਰਾ ਭਾਰਤ ਮਹਾਨ, ਮੇਰੀ ਮੈਡਮ ਮਹਾਨ, ਸਭ ਮੈਡਮ ਨੇ ਹੀ ਕੀਤਾ।'' ਹਾਮਿਦ ਨੇ ਰੋਂਦੇ ਹੋਏ ਕਿਹਾ ਕਿ ਮੈਂ ਤੁਹਾਡੇ ਕਰ ਕੇ ਅਤੇ ਬਜ਼ੁਰਗਾਂ ਦੇ ਆਸ਼ੀਰਵਾਦ ਸਦਕਾ ਹੀ ਅੱਜ ਇੱਥੇ ਹਾਂ।
ਮੁੰਬਈ ਦਾ ਰਹਿਣ ਵਾਲਾ ਹਾਮਿਦ ਅੰਸਾਰੀ ਇਕ ਲੜਕੀ ਨਾਲ ਆਨਲਾਈਨ ਦੋਸਤੀ ਕਰਨ ਮਗਰੋਂ 2012 'ਚ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਪਹੁੰਚਿਆ ਗਿਆ ਸੀ। ਅੰਸਾਰੀ ਅਫਗਾਨਿਸਤਾਨ ਦੇ ਰਸਤਿਓਂ ਦਾਖਲ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਕੇ ਪਾਕਿਸਤਾਨੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ। 15 ਦਸੰਬਰ 2015 ਨੂੰ ਫੌਜੀ ਅਦਾਲਤ ਨੇ ਉਸ ਨੂੰ 3 ਸਾਲ ਜੇਲ ਦੀ ਸਜ਼ਾ ਸੁਣਾਈ ਸੀ। ਉਸ 'ਤੇ ਫਰਜ਼ੀ ਪਾਕਿਸਤਾਨੀ ਆਈ.ਡੀ. ਕਾਰਡ ਰੱਖਣ ਦਾ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਉਸ 'ਤੇ ਜਾਸੂਸੀ ਦਾ ਕੇਸ ਚਲਾ ਕੇ ਜੇਲ ਭੇਜ ਦਿੱਤਾ ਗਿਆ ਸੀ।
ਹਾਮਿਦ ਦਾ ਮਾਮਲਾ ਉਸ ਵੇਲੇ ਦੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਪੁੱਜਾ, ਜਿਨ੍ਹਾਂ ਨੇ ਪਾਕਿਸਤਾਨ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕਿਆ। ਤਮਾਮ ਕੋਸ਼ਿਸ਼ਾਂ ਤੋਂ ਬਾਅਦ ਦੋਹਾਂ ਹੀ ਮੁਲਕਾਂ ਦੇ ਕਈ ਲੋਕਾਂ ਨੇ ਮਿਲ ਕੇ ਕੋਰਟ ਦੇ ਸਾਹਮਣੇ ਇਹ ਸਾਬਤ ਕਰ ਦਿੱਤਾ ਕਿ ਹਾਮਿਦ ਪਾਕਿਸਤਾਨ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਜ਼ਰੂਰ ਹੋਇਆ ਪਰ ਉਹ ਜਾਸੂਸ ਨਹੀਂ ਹੈ। ਪਾਕਿਸਤਾਨ ਰੇਂਜਰ ਦੇ ਅਧਿਕਾਰੀਆਂ ਨੇ ਇਸ ਤੋਂ ਬਾਅਦ ਹਾਮਿਦ ਨੂੰ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੂੰ ਸੌਂਪਿਆ ਦਿੱਤਾ ਸੀ।