ਸੁਸ਼ਮਾ ਦੇ ਬਿਆਨ ਤੋਂ ਬਾਅਦ ਹਰਜੀਤ ਮਸੀਹ ਨੇ ਕਿਹਾ ਮੈਨੂੰ ਸੱਚ ਬੋਲਣ ਦੀ ਮਿਲੀ ਸਜ਼ਾ
Tuesday, Mar 20, 2018 - 06:18 PM (IST)
ਗੁਰਦਾਸਪੁਰ (ਵਿਨੋਦ) - ਨੌਜਵਾਨ ਹਰਜੀਤ ਮਸੀਹ ਪੁੱਤਰ ਹਦੈਤ ਮਸੀਹ ਨਿਵਾਸੀ ਪਿੰਡ ਕਾਲਾ ਅਫਗਾਨਾ ਜ਼ਿਲਾ ਗੁਰਦਾਸਪੁਰ ਨੇ ਜੂਨ 2015 ਵਿਚ ਇਰਾਕ ਵਿਚ 39 ਭਾਰਤੀ ਨੌਜਵਾਨਾਂ ਦੀ ਆਈ. ਐੱਸ. ਆਈ. ਐੱਸ ਅੱਤਵਾਦੀਆਂ ਵਲੋਂ ਹੱਤਿਆ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਉਸ ਨੇ ਅੱਜ 'ਜਗਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰਾ ਕੀਤਾ ਦਾਅਵਾ ਤੱਕ ਕੇਂਦਰ ਸਰਕਾਰ ਨੇ ਝੂਠਾ ਕਰਾਰ ਦੇ ਕੇ ਮੇਰੇ 'ਤੇ ਕਈ ਝੂਠੇ ਕੇਸ ਬਣਾ ਕੇ ਜੇਲ ਵਿਚ ਪਾ ਦਿੱਤਾ ਸੀ, ਅੱਜ ਉਹੀ ਕੇਂਦਰ ਸਰਕਾਰ ਨੇ 39 ਭਾਰਤੀਆਂ ਦੀ ਅੱਤਵਾਦੀਆਂ ਵਲੋਂ ਹੱਤਿਆ ਕੀਤੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਉਸ ਨੇ ਮੰਗ ਕੀਤੀ ਕਿ ਮੇਰੇ 'ਤੇ ਦਰਜ ਸਾਰੇ ਝੂਠੇ ਕੇਸ ਵਾਪਸ ਲਏ ਜਾਣ ਅਤੇ ਮੈਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਹਰਜੀਤ ਮਸੀਹ ਪੁੱਤਰ ਹਦੈਤ ਮਸੀਹ ਨਿਵਾਸੀ ਕਾਲਾ ਅਫਗਾਨਾ ਜ਼ਿਲਾ ਗੁਰਦਾਸਪੁਰ ਨੇ ਅੱਜ ਆਪਣੇ ਵਕੀਲ ਮੁਨੀਸ਼ ਕੁਮਾਰ ਦੇ ਨਾਲ ਦੱਸਿਆ ਕਿ ਉਹ 31 ਜੁਲਾਈ 2013 ਨੂੰ ਕੁਝ ਹੋਰ ਨੌਜਵਾਨਾਂ ਦੇ ਨਾਲ ਰੋਜ਼ੀ ਰੋਟੀ ਕਮਾਉਣ ਦੇ ਚੱਕਰ ਵਿਚ ਇਰਾਕ ਗਿਆ ਸੀ। ਉਥੇ ਉਹ ਹੋਰ ਸਾਥੀਆਂ ਦੇ ਨਾਲ ਰਹਿੰਦਾ ਸੀ ਅਤੇ 14 ਜੂਨ 2014 ਨੂੰ ਅੱਤਵਾਦੀਆਂ ਨੇ 39 ਭਾਰਤੀ ਨੌਜਵਾਨਾਂ ਦਾ ਅਗਵਾ ਕਰਕੇ ਆਪਣੇ ਨਾਲ ਲੈ ਗਏ ਸੀ ਜਦਕਿ ਮੈਂ ਅੱਤਵਾਦੀਆਂ ਦੇ ਹੱਥੋਂ ਬਚ ਗਿਆ ਸੀ। ਉਦੋਂ ਮੈਂ ਭਾਰਤ ਆਉਣ ਦੇ ਲਈ ਕੋਸ਼ਿਸ਼ ਕੀਤੀ ਤਾਂ ਮੈਨੂੰ ਇਰਾਕ ਦੇ ਬਾਰਡਰ ਤੇ ਭਾਰਤੀ ਦੂਤਾਵਾਸ ਦੇ ਲੋਕਾਂ ਨੇ ਫੜ ਲਿਆ ਸੀ ਅਤੇ ਮੈਨੂੰ ਦਿੱਲੀ ਭੇਜ ਦਿੱਤਾ। ਕੁਝ ਮਹੀਨੇ ਮੈਨੂੰ ਭਾਰਤ ਸਰਕਾਰ ਦੀ ਗੁਪਤਚਰ ਏਜੰਸੀਆਂ ਨੇ ਆਪਣੇ ਕੋਲ ਰੱਖਿਆ ਸੀ ਅਤੇ ਮੇਰੇ ਤੋਂ ਪੁੱਛਗਿਛ ਵੀ ਕੀਤੀ ਸੀ। ਉਦੋਂ ਵੀ ਮੈਂ ਉਨ੍ਹਾਂ ਨੂੰ ਸਪਸ਼ੱਟ ਕਰ ਦਿੱਤਾ ਸੀ ਕਿ ਭਾਰਤੀ ਨੌਜਵਾਨਾਂ ਨੂੰ ਅੱਤਵਾਦੀਆਂ ਨੇ ਅਗਵਾ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਹੈ ਪਰ ਮੇਰੀ ਗੱਲ ਦਾ ਕਿਸੇ ਨੇ ਯਕੀਨ ਨਹੀਂ ਕੀਤਾ। ਉਸ ਦੇ ਬਾਅਦ ਮੈਂ ਆਪਣੇ ਪਿੰਡ ਪਹੁੰਚ ਕੇ ਵੀ ਸਮਾਚਾਰ ਪੱਤਰਾਂ ਦੇ ਮਧਿਅਮ ਨਾਲ ਇਸ ਸਾਰੀ ਘਟਨਾ ਦੀ ਜਾਣਕਾਰੀ ਜਨਤਕ ਕਰ ਦਿੱਤੀ ਸੀ।
ਹਰਜੀਤ ਮਸੀਹ ਨੇ ਦੋਸ਼ ਲਗਾਇਆ ਕਿ ਉਸ ਦੇ ਬਾਅਦ ਮੇਰੇ ਬੁਰੇ ਦਿਨ ਸ਼ੁਰੂ ਹੋ ਗਏ। ਸਰਕਾਰ ਦੇ ਇਸ਼ਾਰੇ 'ਤੇ ਇਕ ਮਹਿਨਾ ਗੁਰਪਿੰਦਰ ਕੌਰ ਪੁੱਤਰੀ ਹਰਦੀਪ ਸਿੰਘ ਨਿਵਾਸੀ ਭੋਏਵਾਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਭਰਾ ਮਨਜਿੰਦਰ ਸਿੰਘ ਨੂੰ ਮੈਂ ਅਤੇ ਇਕ ਹੋਰ ਵਿਅਕਤੀ ਰਾਜਬੀਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਨਿਵਾਸੀ ਰਮਦਾਸ ਨੇ ਦੋ ਲੱਖ ਰੁਪਏ ਲੈ ਕੇ ਦੁੱਬਈ ਭੇਜਿਆ ਅਤੇ ਦੋ ਮਹੀਨੇ ਬਾਅਦ ਹੀ ਵਾਪਸ ਭਾਰਤ ਭੇਜ ਦਿੱਤਾ। ਉਸ ਦੇ ਬਾਅਦ ਮਨਜਿੰਦਰ ਸਿੰਘ ਨੂੰ ਬਗਦਾਦ ਭੇਜਿਆ ਅਤੇ ਉਥੇ ਤਿੰਨ ਦਿਨ ਏਅਰਪੋਰਟ 'ਤੇ ਰੱਖਿਆ ਅਤੇ ਉਥੇ ਇਕ ਭਾਰਤੀ ਲੜਕੀ ਦੀ ਮਦਦ ਨਾਲ ਭਾਰਤ ਵਾਪਸ ਆ ਗਿਆ। ਉਸ ਦੇ ਬਾਅਦ ਫਿਰ ਦੋਵਾਂ ਨੇ 31 ਜੁਲਾਈ 2013 ਨੂੰ ਇਰਾਕ ਭੇਜ ਦਿੱਤਾ। ਮਨਜਿੰਦਰ ਸਿੰਘ ਉਦੋਂ ਮੋਬਾਇਲ 'ਤੇ ਦੋਸ਼ ਲਗਾਉਂਦਾ ਸੀ ਕਿ ਹਰਜੀਤ ਮਸੀਹ ਅਤੇ ਰਾਜਬੀਰ ਨੇ ਸਾਨੂੰ ਦੁਬਈ ਭੇਜਣ ਦੀ ਗੱਲ ਕਰਕੇ ਇਰਾਕ ਭੇਜ ਦਿੱਤਾ ਹੈ। 15 ਜੂਨ 2014 ਨੂੰ ਉਸ ਦੇ ਭਰਾ ਮਨਜਿੰਦਰ ਦਾ ਫੋਨ ਆਇਆ ਸੀ ਅਤੇ ਉਸ ਦੇ ਬਾਅਦ ਫੋਨ ਬੰਦ ਹੋ ਗਿਆ।
ਹਰਜੀਤ ਮਸੀਹ ਨੇ ਦੋਸ਼ ਲਗਾਇਆ ਕਿ ਗੁਰਪਿੰਦਰ ਕੌਰ ਦੇ ਬਿਆਨ ਦੇ ਆਧਾਰ 'ਤੇ ਫਤਿਹਗੜ੍ਹ ਚੂੜੀਆਂ ਪੁਲਸ ਨੇ 30 ਮਾਰਚ 2016 ਨੂੰ ਧਾਰਾ 420, 406,370, 34,10,24,26 ਅਧੀਨ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ ਅਤੇ ਮੇਰਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਉਦੋਂ ਤੋਂ ਹੀ ਮੈਨੂੰ ਸਰਕਾਰ ਵੱਖ-ਵੱਖ ਢੰਗ ਅਪਣਾ ਕੇ ਪ੍ਰੇਸ਼ਾਨ ਕਰ ਰਹੀ ਹੈ। ਅੱਜ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 39 ਭਾਰਤੀ ਨੌਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਮੇਰੇ 'ਤੇ ਉਦੋਂ ਦੋਸ਼ ਲਗਾਏ ਜਾਂਦੇ ਸੀ ਕਿ ਮੈਂ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਹਾਂ। ਉਸ ਨੇ ਕਿਹਾ ਕਿ ਮੇਰੀ ਮੰਗ ਹੈ ਕਿ ਮੇਰੇ 'ਤੇ ਦਰਜ ਸਾਰੇ ਕੇਸ ਰੱਦ ਕੀਤੇ ਜਾਣ ਅਤੇ ਮੈਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਤੇ ਹਰਜੀਤ ਮਸੀਹ ਦੇ ਨਾਲ ਉਸ ਦੇ ਵਕੀਲ ਮੁਨੀਸ਼ ਕੁਮਾਰ ਵੀ ਸੀ।