‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਆਪਣੇ ਗੜ੍ਹ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕੀਤਾ ਰੋਡ ਸ਼ੋਅ
Sunday, Apr 30, 2023 - 04:12 PM (IST)
ਜਲੰਧਰ (ਧਵਨ)–ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਸ਼ਨੀਵਾਰ ਨੂੰ ਆਪਣੇ ਗੜ੍ਹ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹਜ਼ਾਰਾਂ ਸਮਰਥਕਾਂ ਅਤੇ ਵਰਕਰਾਂ ਨਾਲ ਇਕ ਵੱਡਾ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਦੌਰਾਨ ਉਨ੍ਹਾਂ ਦੀ ਪਤਨੀ ਸੁਨੀਤਾ ਰਿੰਕੂ ਵੀ ਉਨ੍ਹਾਂ ਦੇ ਨਾਲ ਰਹੀ। ਸੁਸ਼ੀਲ ਰਿੰਕੂ ਨੇ ਰੋਡ ਸ਼ੋਅ ਦੀ ਸ਼ੁਰੂਆਤ ਜਲੰਧਰ ਦੇ ਪ੍ਰਸਿੱਧ ਸ੍ਰੀ ਗੁਰੂ ਰਵਿਦਾਸ ਮੰਦਿਰ ’ਚ ਮੱਥਾ ਟੇਕ ਕੇ ਕੀਤੀ। ਇਥੋਂ ਸ਼ੁਰੂ ਹੋ ਕੇ ਰੋਡ ਸ਼ੋਅ ਬਸਤੀ ਗੁਜ਼ਾਂ, ਈਵਨਿੰਗ ਕਾਲਜ, ਝੰਡੀਆਂ ਵਾਲਾ ਪੀਰ ਚੌਕ, ਅਵਤਾਰ ਨਗਰ ਰੋਡ, ਸ਼ਹਿਨਾਈ ਪੈਲੇਸ, ਭਗਵਾਨ ਵਾਲਮੀਕਿ ਚੌਕ, ਰਵਿਦਾਸ ਚੌਕ, ਮਾਡਲ ਹਾਊਸ, ਭਾਰਗੋ ਕੈਂਪ ਮੇਨ ਬਾਜ਼ਾਰ, ਬੁੱਢਾ ਮੱਲ ਗਰਾਊਂਡ, ਲੱਕੜ ਚੌਕ, ਨਾਰੀ ਨਿਕੇਤਨ ਅਤੇ ਡਾ. ਅੰਬੇਡਕਰ ਚੌਕ ਹੁੰਦੇ ਹੋਏ ਜੋਤੀ ਚੌਕ ਵਿਖੇ ਸਮਾਪਤ ਹੋਇਆ।
ਰੋਡ ਸ਼ੋਅ ਵਿਚ ਸੁਸ਼ੀਲ ਰਿੰਕੂ ਅਤੇ ਆਮ ਆਦਮੀ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਹਜ਼ਾਰਾਂ ਦੀ ਗਿਣਤੀ ਵਿਚ ‘ਆਪ’ ਵਰਕਰ, ਸਮਰਥਕ ਅਤੇ ਆਮ ਲੋਕ ਉਨ੍ਹਾਂ ਦੇ ਨਾਲ ਚੱਲੇ। ਆਮ ਲੋਕਾਂ ਵਿਚਕਾਰ ਵੀ ਰੋਡ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕਾਂ ਨੇ ਜਗ੍ਹਾ-ਜਗ੍ਹਾ ‘ਆਪ’ ਉਮੀਦਵਾਰ ਨੂੰ ਮਾਲਾ ਪਹਿਨਾ ਕੇ ਅਤੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਸਮਰਥਨ ਵਿਚ ਨਾਅਰੇ ਲਾਏ।
ਇਹ ਵੀ ਪੜ੍ਹੋ : ਸ਼ਾਹਕੋਟ 'ਚ ਵੱਡੀ ਘਟਨਾ, ਪ੍ਰੇਮਿਕਾ ਨੂੰ ਮਿਲਣ ਘਰ ਗਿਆ ਸੀ ਪ੍ਰੇਮੀ, ਰੌਲਾ ਪੈਣ ਮਗਰੋਂ ਪ੍ਰੇਮੀ ਜੋੜੇ ਨੇ ਨਿਗਲੀ ਸਲਫ਼ਾਸ
ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਅਸੀਂ ਜਲੰਧਰ ਦੇ ਆਮ ਲੋਕਾਂ ਦੀ ਆਵਾਜ਼ ਨੂੰ ਸੰਸਦ ਤੱਕ ਪਹੁੰਚਾਵਾਂਗੇ ਅਤੇ ਜਲੰਧਰ ਦੇ ਵਿਕਾਸ ਲਈ ਕੇਂਦਰੀ ਫੰਡ ਲਿਆਵਾਂਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੀ ਜਨਤਾ ਦੀ ਆਵਾਜ਼ ਸੰਸਦ ਵਿਚ ਉਠਾਈ, ਉਸੇ ਤਰ੍ਹਾਂ ਅਸੀਂ ਤੁਹਾਡੀ ਆਵਾਜ਼ ਨੂੰ ਪੁਰਜ਼ੋਰ ਢੰਗ ਨਾਲ ਸੰਸਦ ਵਿਚ ਉਠਾਵਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਇਕ ਸਾਲ ਦੌਰਾਨ ਕਈ ਇਤਿਹਾਸਕ ਫੈਸਲੇ ਲਏ ਅਤੇ ਕਈ ਲਾਮਿਸਾਲ ਕੰਮ ਕੀਤੇ ਹਨ, ਜਿਹੜੇ ਪਿਛਲੀਆਂ ਸਰਕਾਰਾਂ 70 ਸਾਲਾਂ ਦੌਰਾਨ ਨਹੀਂ ਕਰ ਸਕੀਆਂ। ਉਨ੍ਹਾਂ ਲੋਕਾਂ ਤੋਂ ਸਮਰਥਨ ਦੀ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਭਗਵੰਤ ਮਾਨ ਸਰਕਾਰ ਦੀਆਂ ਈਮਾਨਦਾਰ ਨੀਤੀਆਂ ਅਤੇ ਕੰਮਾਂ ’ਤੇ ਮੋਹਰ ਲਾਓ ਅਤੇ ਉਨ੍ਹਾਂ ਦਾ ਹੌਸਲਾ ਵਧਾਓ ਤਾਂ ਕਿ ਅਸੀਂ ਸਭ ਮਿਲ ਕੇ ਪੰਜਾਬ ਲਈ ਦੁੱਗਣੀ ਰਫ਼ਤਾਰ ਨਾਲ ਕੰਮ ਕਰ ਸਕੀਏ।
ਹ ਵੀ ਪੜ੍ਹੋ : ਜਲੰਧਰ: ਸਾਈਬਰ ਠੱਗਾਂ ਦਾ ਕਾਰਨਾਮਾ ਕਰੇਗਾ ਹੈਰਾਨ, ਕੁੜੀ ਦੇ ਵਟਸਐਪ ਜ਼ਰੀਏ ਇੰਝ ਠੱਗੇ 40 ਹਜ਼ਾਰ ਰੁਪਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ