ਮਹਾਰਾਣਾ ਪ੍ਰਤਾਪ ਦੇ ਨਾਂ ''ਤੇ ਯੂਨੀਵਰਸਿਟੀ ਸਥਾਪਤ ਕਰਨ ਦੀ ਮੰਗ ਉੱਠੀ

Monday, Mar 05, 2018 - 03:18 PM (IST)

ਮਹਾਰਾਣਾ ਪ੍ਰਤਾਪ ਦੇ ਨਾਂ ''ਤੇ ਯੂਨੀਵਰਸਿਟੀ ਸਥਾਪਤ ਕਰਨ ਦੀ ਮੰਗ ਉੱਠੀ

ਹਾਜੀਪੁਰ (ਸੁਦਰਸ਼ਨ)— ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਹਿਮੂਦਪੁਰ ਬਟਾਲਾ ਵਿਖੇ ਰਾਜਪੂਤ ਸਭਾ ਦੀ ਇਕ ਮੀਟਿੰਗ ਪ੍ਰਧਾਨ ਪ੍ਰਦੀਪ ਕਟੋਚ ਦੀ ਪ੍ਰਧਾਨਗੀ 'ਚ ਹੋਈ। ਸਭਾ ਨੂੰ ਸੰਬੋਧਨ ਕਰਦਿਆਂ ਰਾਜਪੂਤ ਕਲਿਆਣ ਬੋਰਡ ਦੇ ਸੂਬਾਈ ਵਾਈਸ ਚੇਅਰਮੈਨ ਸੰਦੀਪ ਮਿਨਹਾਸ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਇਕ ਅਜਿਹੇ ਸੂਰਵੀਰ ਯੋਧਾ ਸਨ, ਜਿਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਮੁਗਲਾਂ ਦੇ ਦੰਦ ਖੱਟੇ ਕੀਤੇ ਸਨ। ਆਖਰੀ ਸਾਹ ਤੱਕ ਉਹ ਮੁਗਲਾਂ ਨਾਲ ਲੜਦੇ ਰਹੇ, ਪਰ ਉਨ੍ਹਾਂ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ।
ਪੰਜਾਬ ਰਾਜਪੂਤ ਮਹਾਸਭਾ ਦੇ ਯੁਵਾ ਪ੍ਰਧਾਨ ਕੁੰਵਰ ਸੰਗਰਾਮ ਸਿੰਘ ਨੇ ਕਿਹਾ ਕਿ ਮੁਕੇਰੀਆਂ ਸਿਵਲ ਹਸਪਤਾਲ ਨਜ਼ਦੀਕ ਪੈਂਦੇ ਚੌਕ ਵਿਚ ਸੂਰਵੀਰ ਮਹਾਰਾਣਾ ਪ੍ਰਤਾਪ ਦਾ ਬੁੱਤ ਲਾਉਣ ਦੀ ਪ੍ਰਸ਼ਾਸਨ ਤੋਂ ਕਈ ਵਾਰ ਮੰਗ ਕੀਤੀ ਹੈ, ਪਰ ਸਰਕਾਰ ਅਤੇ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜਿਸ ਕਾਰਨ ਰਾਜਪੂਤ ਸਮਾਜ 'ਚ ਰੋਸ ਪਾਇਆ ਜਾ ਰਿਹਾ ਹੈ।
ਮੀਟਿੰਗ ਦੌਰਾਨ ਡਾ. ਵਿਜੇ ਸਿੰਘ, ਜਗਦੀਸ਼ ਮਿਨਹਾਸ, ਬਲਵਿੰਦਰ ਸਿੰਘ, ਰਣਵੀਰ ਸਿੰਘ, ਜਗਦੇਵ, ਸਰਪੰਚ ਸੌਰਭ, ਨੀਲਕੰਠ, ਗੁਰਮੀਤ ਸਿੰਘ, ਠਾ. ਕਪਿਲ, ਸ਼ਿਵਦੇਵ ਸਿੰਘ, ਅਨਿਲ, ਵਿਕਾਸ, ਸੁਨੀਲ, ਕੁਲਵੀਰ, ਕਰਤਾਰ ਸਿੰਘ ਅਤੇ ਹੋਰਾਂ ਨੇ ਇਕ ਸਮੂਹਿਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉੱਤਰ ਭਾਰਤ ਦੇ ਕਿਸੇ ਵੀ ਸੂਬੇ ਜਿਸ 'ਚ ਹਰਿਆਣਾ, ਪੰਜਾਬ, ਰਾਜਸਥਾਨ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਕਿਸੇ ਵੀ ਇਲਾਕੇ ਵਿਚ ਮਹਾਰਾਣਾ ਪ੍ਰਤਾਪ ਦੇ ਨਾਂ 'ਤੇ ਯੂਨੀਵਰਸਿਟੀ ਸਥਾਪਤ ਕੀਤੀ ਜਾਵੇ ਤਾਂ ਕਿ ਉਸ ਮਹਾਨ ਦੇਸ਼ਭਗਤ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇ।


Related News