ਸੁਰਵੀਨ ਦੇ ਨਾਲ ਪਤੀ ਤੇ ਭਰਾ ਨੂੰ ਕੀਤਾ ਤਲਬ, ਵਧੀਆਂ ਮੁਸ਼ਕਲਾਂ
Thursday, Apr 11, 2019 - 03:30 PM (IST)
ਹੁਸ਼ਿਆਰਪੁਰ (ਅਮਰਿੰਦਰ) : ਮਈ 2018 'ਚ ਥਾਣਾ ਸਿਟੀ ਦੀ ਪੁਲਸ ਕੋਲ ਬਾਲੀਵੁੱਡ ਅਤੇ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ਦੇ ਨਾਲ ਉਸ ਦੇ ਪਤੀ ਅਕਸ਼ੈ ਠੱਕਰ ਅਤੇ ਭਰਾ ਮਨਵਿੰਦਰ ਚਾਵਲਾ ਦੇ ਖਿਲਾਫ਼ 40 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਮਾਮਲੇ 'ਚ ਦੋਸ਼ੀਆਂ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਹੁਣ ਨਵੇਂ ਸਿਰੇ ਤੋਂ ਅਦਾਲਤ 'ਚ ਰਿੱਟ ਦਾਇਰ ਹੋਣ ਨਾਲ ਮੁਸ਼ਕਿਲਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਸੀ. ਜੇ. ਐੱਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਇਸ ਬਹੁਚਰਚਿਤ ਮਾਮਲੇ ਦੀ ਅਗਲੀ ਸੁਣਵਾਈ 2 ਮਈ ਮੁਕਰਰ ਕੀਤੀ ਗਈ ਹੈ।
ਪੁਲਸ ਨੇ ਦਿੱਤੀ ਹੋਈ ਹੈ ਕਲੀਨ ਚਿੱਟ
ਸ਼ਿਕਾਇਤਕਰਤਾ ਹੁਸ਼ਿਆਰਪੁਰ ਦੇ ਪੰਕਜ ਗੁਪਤਾ ਪੁੱਤਰ ਸਤਪਾਲ ਗੁਪਤਾ ਨੇ ਆਪਣੇ ਵਕੀਲ ਨਾਲ ਮੀਡੀਆ ਨੂੰ ਦੱਸਿਆ ਕਿ ਥਾਣਾ ਸਿਟੀ ਦੀ ਪੁਲਸ ਨੇ ਮਈ 2018 'ਚ ਦੋਸ਼ੀਆਂ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਸੀ। ਤਿੰਨੋਂ ਦੋਸ਼ੀਆਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਡੀ. ਜੀ. ਪੀ. ਨੂੰ ਅਪੀਲ ਕੀਤੀ ਸੀ। ਡੀ. ਜੀ. ਪੀ. ਵੱਲੋਂ ਇਸ ਬਹੁਚਰਚਿਤ ਮਾਮਲੇ ਦੀ ਜਾਂਚ ਏ. ਡੀ. ਜੀ. ਪੀ. (ਕ੍ਰਾਈਮ) ਨੂੰ ਸੌਂਪੀ ਗਈ ਸੀ, ਜਿਨ੍ਹਾਂ ਵੱਲੋਂ ਜਾਂਚ ਉਪਰੰਤ ਪੁਲਸ ਨੇ ਤਿੰਨੋਂ ਦੋਸ਼ੀਆਂ ਨੂੰ ਸਤੰਬਰ 2018 'ਚ ਆਪਣੀ ਜਾਂਚ ਰਿਪੋਰਟ 'ਚ ਕਲੀਨ ਚਿੱਟ ਦੇ ਦਿੱਤੀ ਸੀ।
ਗੁਪਤਾ ਪਰਿਵਾਰ ਮਾਮਲੇ ਸਬੰਧੀ ਪਹੁੰਚਿਆ ਅਦਾਲਤ
ਸਤੰਬਰ 2018 'ਚ ਪੁਲਸ ਜਾਂਚ 'ਚ ਕਲੀਨ ਚਿੱਟ ਮਿਲਣ ਤੋਂ ਬਾਅਦ ਗੁਪਤਾ ਪਰਿਵਾਰ ਨੇ ਆਪਣੇ ਵਕੀਲ ਰਾਹੀਂ ਕਲੀਨ ਚਿੱਟ 'ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਅਪੀਲ ਕੀਤੀ ਕਿ ਸੀ. ਜੇ. ਐੱਮ. ਅਮਿਤ ਮੱਲ੍ਹਣ ਦੀ ਅਦਾਲਤ 'ਚ ਰਿੱਟ ਦਾਇਰ ਕਰ ਦਿੱਤੀ ਗਈ ਹੈ। ਹੁਣ ਅਦਾਲਤ ਨੇ ਰਿੱਟ ਸਵੀਕਾਰ ਕਰਦਿਆਂ ਤਿੰਨਾਂ ਦੋਸ਼ੀਆਂ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੈ ਠੱਕਰ ਅਤੇ ਭਰਾ ਮਨਵਿੰਦਰ ਚਾਵਲਾ ਨੂੰ ਸੰਮਨ ਜਾਰੀ ਕਰ ਕੇ ਧਾਰਾ 420 ਅਤੇ 120-ਬੀ ਅਧੀਨ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 2 ਮਈ ਮੁਕਰਰ ਕੀਤੀ ਹੈ।
ਕੀ ਕਹਿੰਦਾ ਹੈ ਪੀੜਤ ਗੁਪਤਾ ਪਰਿਵਾਰ
ਸ਼ਿਕਾਇਤਕਰਤਾ ਸਤਪਾਲ ਗੁਪਤਾ ਨੇ ਆਪਣੇ ਪਰਿਵਾਰ ਤੇ ਵਕੀਲ ਦੀ ਮੌਜੂਦਗੀ 'ਚ ਦੱਸਿਆ ਕਿ ਨੀਲ ਬੱਟਾ ਸੰਨਾਟਾ ਪੰਜਾਬੀ ਫਿਲਮ ਨਿਰਮਾਣ 'ਚ ਤਿੰਨਾਂ ਨੇ ਮੇਰੇ ਨਾਲ 40 ਲੱਖ ਰੁਪਏ ਫਿਲਮ ਨਿਰਮਾਣ ਕੰਪਨੀ ਦੀ ਬਜਾਏ ਐਕਟ੍ਰੈੱਸ ਸੁਰਵੀਨ ਚਾਵਲਾ ਦੇ ਪਤੀ ਅਕਸ਼ੈ ਠੱਕਰ ਦੇ ਖਾਤੇ ਵਿਚ ਕਿਸ ਤਰ੍ਹਾਂ ਟਰਾਂਸਫਰ ਕੀਤੇ, ਸਮਝ ਨਹੀਂ ਆ ਰਿਹਾ। ਦੋਸ਼ੀਆਂ ਦੇ ਇਸ ਰਵੱਈਏ ਨਾਲ ਇਹ ਜ਼ਾਹਰ ਹੋ ਰਿਹਾ ਹੈ ਕਿ ਮੈਂ 40 ਲੱਖ ਰੁਪਏ ਦਿੱਤੇ ਹੀ ਨਹੀਂ ਹਨ। ਇਸ ਤਰ੍ਹਾਂ ਦੋਸ਼ੀਆਂ ਨੇ ਮੇਰੇ ਨਾਲ 40 ਲੱਖ ਰੁਪਏ ਦੀ ਸਿੱਧੇ ਤੌਰ 'ਤੇ ਧੋਖਾਦੇਹੀ ਕੀਤੀ ਹੈ।