ਰਿਟਾਇਰਡ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ

Friday, Jan 05, 2018 - 09:27 AM (IST)

ਰਿਟਾਇਰਡ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ

ਪਟਿਆਲਾ (ਬਲਜਿੰਦਰ)-ਰਿਟਾਇਰਡ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਖਿਲਾਫ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਦਰਜ ਕੀਤੇ ਕੇਸ ਲਈ ਗਰੇਵਾਲ ਵੱਲੋਂ ਆਪਣੇ ਵਕੀਲ ਕੁੰਦਨ ਸਿੰਘ ਨਾਗਰਾ ਰਾਹੀਂ ਅਗਾਊਂ ਜ਼ਮਾਨਤ ਲਈ ਦਾਇਰ ਕੀਤੀ ਗਈ ਅਰਜ਼ੀ ਐਡੀਸ਼ਨਲ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਅਦਾਲਤ ਵੱਲੋਂ ਅਰਜ਼ੀ ਖਾਰਜ ਕਰਨ ਤੋਂ ਬਾਅਦ ਗਰੇਵਾਲ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਫਿਲਹਾਲ ਲਟਕੀ ਹੋਈ ਹੈ।  ਇਥੇ ਦੱਸਣਯੋਗ ਹੈ ਕਿ ਲੰਘੀ 21 ਦਸੰਬਰ ਨੂੰ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਰਿਟਾਇਰਡ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਖਿਲਾਫ ਆਮਦਨ ਨਾਲੋਂ ਜ਼ਿਆਦਾ ਖਰਚ ਅਤੇ ਜਾਇਦਾਦ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਨੇ 1999 ਤੋਂ ਲੈ ਕੇ 31 ਮਾਰਚ 2014 ਤੱਕ ਦੇ ਸਮੇਂ ਦੀ ਜਾਂਚ ਕੀਤੀ। ਇਸ ਵਿਚ ਪਾਇਆ ਗਿਆ ਕਿ ਰਿਟਾਇਰਡ ਐੱਸ. ਐੱਸ. ਪੀ. ਗਰੇਵਾਲ ਦੀ ਇਸ ਸਮੇਂ ਦੌਰਾਨ 2 ਕਰੋੜ ਦੇ ਲਗਭਗ ਆਮਦਨੀ ਸੀ। ਖਰਚ 12 ਕਰੋੜ ਰੁਪਏ ਕੀਤੇ ਗਏ। ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਗਰੇਵਾਲ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਅਜੇ ਤੱਕ ਗਰੇਵਾਲ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲ ਨਹੀਂ ਹੋ ਸਕੀ। ਇਸੇ ਦੌਰਾਨ ਗਰੇਵਾਲ ਨੇ ਕੱਲ ਆਪਣੇ ਵਕੀਲ ਕੁੰਦਨ ਸਿੰਘ ਨਾਗਰਾ ਰਾਹੀਂ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ।


Related News