ਸਾਬਕਾ ਮੇਅਰ ਸੁਰੇਸ਼ ਸਹਿਗਲ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ

Tuesday, Jan 29, 2019 - 10:30 AM (IST)

ਸਾਬਕਾ ਮੇਅਰ ਸੁਰੇਸ਼ ਸਹਿਗਲ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ

ਜਲੰਧਰ (ਜਤਿੰਦਰ, ਭਾਰਦਵਾਜ)—ਜ਼ਿਲਾ ਸੈਸ਼ਨ ਜੱਜ ਐੱਸ. ਕੇ. ਗਰਗ ਦੀ ਅਦਾਲਤ ਨੇ ਸਾਬਕਾ ਮੇਅਰ  ਸੁਰੇਸ਼ ਸਹਿਗਲ ਦੀ ਜ਼ਮਾਨਤ ਦੀ ਅਰਜ਼ੀ 'ਤੇ ਬਹਿਸ ਸੁਣਨ ਉਪਰੰਤ ਵਕੀਲ ਦੀਆਂ ਦਲੀਲਾਂ  ਨਾਲ ਸਹਿਮਤ ਹੁੰਦੇ ਹੋਏ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਕੇ ਜ਼ਮਾਨਤ 'ਤੇ ਜੇਲ ਤੋਂ  ਰਿਹਾਅ ਕਰਨ ਦਾ ਹੁਕਮ ਦਿੱਤਾ।

ਜ਼ਿਕਰਯੋਗ ਹੈ ਕਿ ਬੀਤੇ ਸਾਲ ਨਵੰਬਰ ਮਹੀਨੇ ਵਿਚ  ਫਗਵਾੜਾ ਗੇਟ ਸਥਿਤ ਮੁਹੱਲਾ ਸ਼ਿਵਰਾਜਗੜ੍ਹ ਵਿਚ ਬਣ ਰਹੀ ਬਿਲਡਿੰਗ ਦੇ ਨਾਜਾਇਜ਼ ਨਿਰਮਾਣ  ਨੂੰ ਰੋਕਣ ਗਏ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਨਾਲ ਮੌਕੇ 'ਤੇ  ਸਾਬਕਾ ਨਗਰ ਨਿਗਮ ਮੇਅਰ ਸੁਰੇਸ਼ ਸਹਿਗਲ ਵਲੋਂ ਝਗੜਾ ਕਰ ਕੇ ਉਸ ਦੀ ਕੁੱਟ-ਮਾਰ ਕਰ ਕੇ ਸਰਕਾਰੀ  ਡਿਊਟੀ ਵਿਚ ਰੁਕਾਵਟ ਪਾਉਣ 'ਤੇ ਇੰਸਪੈਕਟਰ ਵਲੋਂ ਪੁਲਸ ਡਵੀਜ਼ਨ ਨੰਬਰ 3 ਵਿਚ ਕੇਸ ਦਰਜ  ਕਰਵਾਇਆ ਗਿਆ ਸੀ। ਸੁਰੇਸ਼ ਸਹਿਗਲ ਵਲੋਂ ਲਾਈ ਗਈ ਅਗਾਊਂ ਜ਼ਮਾਨਤ ਸੈਸ਼ਨ ਕੋਰਟ, ਹਾਈ ਕੋਰਟ  ਅਤੇ ਸੁਪਰੀਮ ਕੋਰਟ ਵਲੋਂ ਰੱਦ ਕਰਨ ਅਤੇ ਸੁਪਰੀਮ ਕੋਰਟ ਵਲੋਂ ਉਨ੍ਹਾਂ ਨੂੰ ਟਰਾਇਲ ਕੋਰਟ  ਵਿਚ ਸਰੈਂਡਰ ਕਰ ਕੇ ਜ਼ਮਾਨਤ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ, ਜਿਸ 'ਤੇ ਸੁਰੇਸ਼ ਸਹਿਗਲ ਵਲੋਂ  ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਕੇ ਨਾਲ ਹੀ ਜ਼ਮਾਨਤ ਦੀ ਅਰਜ਼ੀ  ਲਾਈ ਗਈ ਸੀ ਪਰ ਟਰਾਇਲ ਕੋਰਟ ਨੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਕੇ ਉਨ੍ਹਾਂ ਨੂੰ 14 ਦਿਨਾਂ ਦੇ  ਜੁਡੀਸ਼ੀਅਲ ਰਿਮਾਂਡ ਦੇ ਕੇ ਜੇਲ ਭੇਜਣ ਦਾ ਹੁਕਮ ਸੁਣਾਇਆ ਸੀ। 

ਬਾਅਦ ਵਿਚ ਅਗਲੇ ਦਿਨ  ਸੁਰੇਸ਼ ਸਹਿਗਲ ਵਲੋਂ ਆਪਣੇ ਵਕੀਲ ਰਾਹੀਂ ਜ਼ਿਲਾ ਸੈਸ਼ਨ ਜੱਜ ਐੱਸ. ਕੇ. ਗਰਗ ਦੀ ਅਦਾਲਤ  ਵਿਚ ਜ਼ਮਾਨਤ ਦੀ ਅਰਜ਼ੀ ਲਾਈ ਗਈ ਸੀ, ਜਿਸ 'ਤੇ ਅਦਾਲਤ ਨੇ 28 ਜਨਵਰੀ ਸੁਣਵਾਈ ਲਈ  ਤਰੀਕ ਪਾਈ  ਸੀ, ਜਿਸ ਨੂੰ ਅੱਜ ਮਨਜ਼ੂਰ ਕਰ ਲਿਆ ਗਿਆ।


author

Shyna

Content Editor

Related News