ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹਰਕਤ ’ਚ ਆਇਆ ਸਿਹਤ ਵਿਭਾਗ, ਝੋਲਾਛਾਪ ਡਾਕਟਰਾਂ ਦੀ ਫੜੋਫੜੀ ਸ਼ੁਰੂ
Tuesday, Apr 24, 2018 - 11:49 AM (IST)

ਪਟਿਆਲਾ (ਲਖਵਿੰਦਰ)-ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿਚ ਆ ਗਿਆ ਹੈ। ਝੋਲਾਛਾਪ ਡਾਕਟਰਾਂ ਦੀ ਫੜੋਫੜੀ ਸ਼ੁਰੂ ਕਰ ਦਿੱਤੀ ਹੈ। ਸਿਹਤ ਵਿਭਾਗ ਵੱਲੋਂ 2017 ਵਿਚ 44 ਝੋਲਾਛਾਪ ਡਾਕਟਰ ਕਾਬੂ ਕੀਤੇ ਗਏ ਸਨ।
ਜ਼ਿਲਾ ਆਯੂਰਵੈਦਿਕ ਅਧਿਕਾਰੀ ਡਾ. ਅਨਿਲ ਗਰਗ ਨੇ ਦੱਸਿਆ ਕਿ ਹੁਣ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਦੇਵੀਗੜ੍ਹ ਇਲਾਕੇ ’ਚੋਂ 3 ਡਾਕਟਰ ਕਾਬੂ ਕੀਤੇ ਗਏ ਹਨ। ਇਨ੍ਹਾਂ ਕੋਲੋਂ ਦਵਾਈਆਂ ਜ਼ਬਤ ਕਰ ਕੇ ਲੈਬ ਟੈਸਟ ਲਈ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਵਾਈਆਂ ਵਿਚ ਜੇਕਰ ਥੋੜ੍ਹੀ ਜਿਹੀ ਵੀ ਨਸ਼ੇ ਦੀ ਮਾਤਰਾ ਪਾਈ ਗਈ ਤਾਂ ਐਕਟ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੁਪਰੀਮ ਕੋਰਟ ਦੇ ਆਦੇਸ਼ਾਂ ਨੇ ਬਿਲਕੁਲ ਸਾਫ ਕਰ ਦਿੱਤਾ ਹੈ ਕਿ ਜਿਹੜੇ ਵੀ ਡਾਕਟਰਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਅਤੇ ਨਾ ਹੀ ਜਿਸ ਡਾਕਟਰ ਕੋਲ ਡਾਕਟਰੀ ਦੀ ਕੋਈ ਡਿਗਰੀ ਹੈ, ਉਨ੍ਹਾਂ ਨੂੰ ਨਾ ਦਵਾਈਆਂ ਵੇਚਣ ਦਿੱਤੀਆਂ ਜਾਣਗੀਆਂ ਅਤੇ ਨਾ ਹੀ ਮਰੀਜ਼ਾਂ ਦਾ ਇਲਾਜ ਕਰਨ ਦਿੱਤਾ ਜਾਵੇਗਾ। ਜਿਹੜੇ ਡਾਕਟਰ ਹਫ਼ਤੇ ਵਿਚ ਇਕ ਵਾਰ ਪਟਿਆਲਾ ਜ਼ਿਲੇ ਵਿਚ ਆਪਣੇ ਪੋਸਟਰ ਲਾ ਕੇ, ਕਾਰਾਂ, ਜੀਪਾਂ ਆਦਿ ਵਾਹਨਾਂ ਵਿਚ ਆ ਕੇ ਸਪੀਕਰਾਂ ਰਾਹੀਂ ਦਵਾਈਆਂ ਵੇਚਣ ਜਾਂਦੇ ਹਨ, ਨੂੰ ਵੀ ਸਾਵਧਾਨ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਡਾਕਟਰਾਂ ਨੇ ਰਜਿਸਟ੍ਰੇਸ਼ਨ ਅਤੇ ਡਿਗਰੀ ਪ੍ਰਾਪਤ ਨਹੀਂ ਕੀਤੀ ਤਾਂ ਇਨ੍ਹਾਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਦੱਸਣਯੋਗ ਹੈ ਕਿ ਭਾਰਤ ਵਿਚ ਵੱਡੀ ਗਿਣਤੀ ’ਚ ਪਿਛਲੇ ਕਈ ਦਹਾਕਿਆਂ ਤੋਂ ਕਈ ਵਿਅਕਤੀ ਬਿਨਾਂ ਡਿਗਰੀ ਅਤੇ ਤਜਰਬੇ ਦੇ ਆਧਾਰ ’ਤੇ ਹੀ ਕੰਮ-ਕਾਜ ਸਿੱਖ ਕੇ ਲੋਕਾਂ ਦਾ ਇਲਾਜ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਹੱਦ ਤੱਕ ਸਸਤਾ ਇਲਾਜ ਮੁਹੱਈਆ ਹੋ ਰਿਹਾ ਹੈ।
ਦੇਖਣ ਵਾਲੀ ਗੱਲ ਇਹ ਹੈ ਕਿ ਜਿਸ ਵਿਅਕਤੀ ਵੱਲੋਂ ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਹੈ, ਉਹ ਉਸ ਬਾਰੇ ਕੁੱਝ ਕੁ ਜਾਣਕਾਰੀ ਹੀ ਪ੍ਰਾਪਤ ਕਰ ਸਕਦਾ ਹੈ। ਉਸ ਕੋਲ ਮਰੀਜ਼ ਨੂੰ ਚੈੈੱਕ ਕਰਨ ਦਾ ਬਹੁਤ ਹੀ ਛੋਟੇ ਪੱਧਰ ਦਾ ਤਜਰਬਾ ਹੁੰਦਾ ਹੈ। ਇਸ ਨਾਲ ਮਰੀਜ਼ ਦੀ ਜਾਨ ਖਤਰੇ ਵਿਚ ਵੀ ਪੈ ਸਕਦੀ ਹੈ। ਸਮੇਂ ਦੀ ਮੰਗ ਇਹ ਹੈ ਕਿ ਜੋ ਵਿਅਕਤੀ ਆਪਣਾ ਇਲਾਜ ਕਰਵਾਏ, ਉਹ ਘੱਟੋ-ਘੱਟ ਐੈੱਮ. ਬੀ. ਬੀ. ਐੈੱਸ. ਪੱਧਰ ਦੇ ਡਿਗਰੀ ਪ੍ਰਾਪਤ ਡਾਕਟਰ ਕੋਲੋਂ ਹੀ ਕਰਵਾਏ।