ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਕਈ ਦਿਨਾਂ ਤੋਂ ਲੋੜੀਂਦਾ ਅਪਰਾਧੀ ਸਈਪੁਰੀਆ ਚੜ੍ਹਿਆ ਅੜਿੱਕੇ
Friday, Nov 03, 2023 - 10:30 PM (IST)
ਜਲੰਧਰ (ਵਰੁਣ, ਮਹੇਸ਼) : ਚੌਕੀ ਫੋਕਲ ਪੁਆਇੰਟ ਦੀ ਪੁਲਸ ਨੇ ਦਾਦਾ ਕਾਲੋਨੀ 'ਚ ਪ੍ਰਾਪਰਟੀ ਖਾਤਿਰ ਆਪਣੇ ਰਿਸ਼ਤੇਦਾਰਾਂ ’ਤੇ ਗੋਲ਼ੀਆਂ ਚਲਾਉਣ ਵਾਲੇ ਰਾਜਾ ਸਈਪੁਰੀਆ ਦੇ ਬੇਟੇ ਸੰਨੀ ਸਈਪੁਰੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਤੋਂ 7.65 ਐੱਮ. ਐੱਮ. ਦੀ ਪਿਸਟਲ ਬਰਾਮਦ ਹੋਈ ਹੈ। ਇਸ ਮਾਮਲੇ 'ਚ ਪੁਲਸ ਰਾਜਾ ਸਈਪੁਰੀਆ, ਉਸ ਦੀ ਪਤਨੀ ਸੋਨੀਆ ਉਰਫ ਪਬ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪਹਿਲਾਂ ਹੀ ਜੇਲ੍ਹ ਭੇਜ ਚੁੱਕੀ ਹੈ, ਜਦਕਿ ਸੰਨੀ ਇਧਰ-ਉਧਰ ਲੁਕਦਾ ਫਿਰ ਰਿਹਾ ਸੀ।
ਇਹ ਵੀ ਪੜ੍ਹੋ : ਸਕੂਲੀ ਬੱਚਿਆਂ ਨੂੰ ਲਿਜਾ ਰਿਹਾ ਆਟੋ ਰਿਕਸ਼ਾ ਪਲਟਿਆ, 4 ਸਾਲਾ ਬੱਚੀ ਲੜ ਰਹੀ ਜ਼ਿੰਦਗੀ ਤੇ ਮੌਤ ਦੀ ਜੰਗ
ਡੀ. ਸੀ. ਪੀ. ਜਗਮੋਹਨ ਸਿੰਘ ਨੇ ਦੱਸਿਆ ਕਿ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਨਰਿੰਦਰ ਮੋਹਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ 307, ਆਰਮਜ਼ ਐਕਟ ਅਤੇ ਹੋਰ ਧਾਰਾਵਾਂ 'ਚ ਲੋੜੀਂਦਾ ਰਾਜਬੀਰ ਸਿੰਘ ਉਰਫ ਸੰਨੀ ਪੁੱਤਰ ਰਾਜਾ ਸਈਪੁਰੀਆ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਆਪਣੇ ਘਰ ਆਇਆ ਹੋਇਆ ਹੈ, ਜੋ ਕਾਫੀ ਸਮੇਂ ਤੋਂ ਲੁਕ ਕੇ ਰਹਿ ਰਿਹਾ ਸੀ। ਅਜਿਹੇ 'ਚ ਪੁਲਸ ਨੇ ਤੁਰੰਤ ਉਸ ਦੇ ਘਰ ਰੇਡ ਕਰਕੇ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤੋਂ ਵਾਰਦਾਤ 'ਚ ਵਰਤੀ ਗਈ ਪਿਸਟਲ ਅਤੇ 2 ਗੋਲ਼ੀਆਂ ਬਰਾਮਦ ਹੋਈਆਂ ਹਨ, ਜਦਕਿ ਜਿਸ ਸਵਿਫਟ ਗੱਡੀ 'ਚ ਸਵਾਰ ਹੋ ਕੇ ਉਹ ਗੋਲ਼ੀਆਂ ਚਲਾਉਣ ਆਏ ਸੀ, ਉਸ ਨੂੰ ਵੀ ਪੁਲਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਡੀ. ਸੀ. ਪੀ. ਨੇ ਕਿਹਾ ਕਿ ਇਸ ਮਾਮਲੇ 'ਚ ਰਾਜਾ ਸਈਪੁਰੀਆ, ਉਸ ਦੀ ਪਤਨੀ ਸੋਨੀਆ, ਪਵਨ ਪੰਮਾ ਅਤੇ ਸੁਨੀਲ ਸ਼ੀਲਾ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਜੇਲ੍ਹ ਭੇਜ ਚੁੱਕੀ ਹੈ। ਪੁਲਸ ਨੂੰ ਰਾਜਾ ਤੋਂ 303 ਬੋਰ ਦਾ ਵੈਪਨ ਅਤੇ ਸੁਨੀਲ ਸ਼ੀਲਾ ਤੋਂ 32 ਬੋਰ ਦਾ ਰਿਵਾਲਵਰ ਤੇ ਗੋਲ਼ੀਆਂ ਬਰਾਮਦ ਹੋਈਆਂ ਸਨ। ਸੰਨੀ ਖ਼ਿਲਾਫ਼ 20 ਸਾਲ ਦੀ ਉਮਰ 'ਚ ਹੀ 307 ਦੇ 3 ਕੇਸ ਦਰਜ ਹਨ।
ਇਹ ਵੀ ਪੜ੍ਹੋ : 'ਆਪ' ਨੇ ਬਾਲਾਸਰ ਫਾਰਮ ਤੇ ਗੁੜਗਾਓਂ ਦੇ ਪਲਾਟ ਨੂੰ ਲੈ ਕੇ ਸੁਖਬੀਰ ਬਾਦਲ 'ਤੇ ਵਿੰਨ੍ਹਿਆ ਨਿਸ਼ਾਨਾ
ਕੀ ਸੀ ਮਾਮਲਾ?
ਦਾਦਾ ਕਾਲੋਨੀ ਦੇ ਰਹਿਣ ਵਾਲੇ ਸਤੀਸ਼ ਕੁਮਾਰ ਪੁੱਤਰ ਰਮੇਸ਼ ਕੁਮਾਰ ਨੇ 7 ਅਗਸਤ 2023 ਨੂੰ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਰਿਸ਼ਤੇਦਾਰ ਰਾਜਾ ਸਈਪੁਰੀਆ ਉਨ੍ਹਾਂ ਦੀ ਪ੍ਰਾਪਰਟੀ ’ਤੇ ਅੱਖ ਰੱਖੀ ਬੈਠਾ ਹੈ, ਜਿਸ ਨੇ 7 ਅਗਸਤ ਨੂੰ ਪਹਿਲਾਂ ਤਾਂ ਘਰ ਦੇ ਬਾਹਰ ਆ ਕੇ ਗਾਲੀ-ਗਲੋਚ ਕੀਤਾ। ਇਸ ਦੇ ਨਾਲ ਹੀ ਉਸ ਦੀ ਪਤਨੀ ਸੋਨੀਆ ਨੇ ਵੀ ਗਾਲ੍ਹਾਂ ਕੱਢੀਆਂ, ਜਦੋਂ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸੇ ਦੌਰਾਨ ਸੰਨੀ ਆਪਣੇ ਸਾਥੀਆਂ ਪਵਨ ਪੰਮਾ, ਸੁਸ਼ੀਲ ਸ਼ੀਲਾ ਅਤੇ ਪਵਨ ਕਾਨ੍ਹਪੁਰੀਆ ਨਾਲ ਆਇਆ ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਇਕ ਗੋਲ਼ੀ ਸਤੀਸ਼ ਦੇ ਭਰਾ ਜਤਿੰਦਰ ਨੂੰ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਰਾਜਾ ਸਈਪੁਰੀਆ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਬਾਕੀ ਦੇ ਲੋਕ ਫਰਾਰ ਹੋ ਗਏ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ 'ਚ ਪਵਨ ਕਾਨ੍ਹਪੁਰੀਆ ਅਜੇ ਫਰਾਰ ਹੈ। ਚੌਕੀ ਫੋਕਲ ਪੁਆਇੰਟ ਦੀ ਪੁਲਸ ਨੇ ਸਤੀਸ਼ ਕੁਮਾਰ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਧਾਰਾ 304, ਆਰਮਜ਼ ਐਕਟ 325, 506, 148 ਤੇ 149 ਅਧੀਨ ਕੇਸ ਦਰਜ ਕੀਤਾ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8