ਗੁਰਦਾਸਪੁਰ ਬਣੀ ਹੌਟ ਸੀਟ, ਸੰਨੀ ਦਿਓਲ ਅੱਜ ਭਰਨਗੇ ਨਾਮਜ਼ਦਗੀ
Monday, Apr 29, 2019 - 09:43 AM (IST)
ਜਲੰਧਰ/ਗੁਰਦਾਸਪੁਰ— ਭਾਜਪਾ 'ਚ ਸ਼ਾਮਲ ਹੋਏ ਬਾਲੀਵੁੱਡ ਸਟਾਰ ਸੰਨੀ ਦਿਓਲ ਸੋਮਵਾਰ ਨੂੰ ਗੁਰਦਾਸਪੁਰ ਸੰਸਦੀ ਸੀਟ ਤੋਂ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ 'ਚ ਉਤਰਨ ਜਾ ਰਹੇ ਹਨ, ਅੱਜ ਉਹ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਭਾਜਪਾ ਵੱਲੋਂ ਸੰਨੀ ਦਿਓਲ ਨੂੰ ਉਤਾਰੇ ਜਾਣ ਨਾਲ ਗੁਰਦਾਸਪੁਰ 'ਤੇ ਸਭ ਦੀ ਨਜ਼ਰ ਟਿਕ ਗਈ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਦਿੱਗਜ ਉਮੀਦਵਾਰ ਸੁਨੀਲ ਜਾਖੜ ਨਾਲ ਹੋਵੇਗਾ, ਜੋ ਇਸ ਸਮੇਂ ਸਾਂਸਦ ਵੀ ਹਨ। ਇਸ ਵਾਰ ਗੁਰਦਾਸਪੁਰ ਤੋਂ 'ਆਪ' ਦੇ ਨਾਲ-ਨਾਲ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੀ ਮੈਦਾਨ 'ਚ ਹੈ।
ਕਾਂਗਰਸ ਨੇਤਾ ਸੁਨੀਲ ਜਾਖੜ ਨੇ ਸਾਲ 2017 'ਚ ਗੁਰਦਾਸਪੁਰ ਸੀਟ 'ਤੇ ਹੋਈ ਜ਼ਿਮਨੀ ਚੋਣ (ਬਾਇਪੋਲ) 'ਚ ਭਾਜਪਾ ਉਮੀਦਵਾਰ ਸਵਰਣ ਸਲਾਰੀਆ ਨੂੰ 1,93,219 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਗੁਰਦਾਸਪੁਰ ਸੀਟ ਭਾਜਪਾ ਨੇਤਾ ਤੇ ਸੰਸਦ ਮੈਂਬਰ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀ। ਪਿਛਲੀ ਵਾਰ ਆਮ ਆਦਮੀ ਪਾਰਟੀ (ਆਪ) ਨੇ ਰਿਟਾਇਰਡ ਮੇਜਰ ਜਨਰਲ ਸੁਰੇਸ਼ ਖਜ਼ੂਰੀਆ ਨੂੰ ਉਤਰਾਇਆ ਸੀ। ਇਸ ਵਾਰ 'ਆਪ' ਨੇ ਪੀਟਰ ਮਸੀਹ ਨੂੰ ਟਿਕਟ ਦਿੱਤੀ ਹੈ। ਉੱਥੇ ਹੀ, ਇੱਥੇ ਪੰਜਾਬ ਡੈਮੋਕ੍ਰਟਿਕ ਅਲਾਇੰਸ ਵੱਲੋਂ ਲਾਲ ਚੰਦ ਨੂੰ ਟਿਕਟ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਫਿਲਮ ਸਟਾਰ ਸੰਨੀ ਦਿਓਲ ਕੱਲ ਗੁਰੂ ਨਗਰੀ ਪੁੱਜੇ ਸਨ।ਉਨ੍ਹਾਂ ਦਾ ਏਅਰਪੋਰਟ ਪਹੁੰਚਣ 'ਤੇ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਸਵਾਗਤ ਕੀਤਾ।ਇਸ ਤੋਂ ਬਾਅਦ ਇਕ ਹੋਟਲ ਦੇ ਬੰਦ ਕਮਰੇ 'ਚ ਅੱਧਾ ਘੰਟਾ ਸੰਨੀ ਨੇ ਮਲਿਕ ਨਾਲ ਸਿਆਸੀ ਵਿਚਾਰ ਸਾਂਝੇ ਕੀਤੇ।ਉਨ੍ਹਾਂ ਦੇ ਪਹੁੰਚਣ ਦੀ ਖਬਰ ਜਦੋਂ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਲੋਕ ਹੋਟਲ ਦੇ ਬਾਹਰ ਸੰਨੀ ਦਿਓਲ ਦੀ ਝਲਕ ਪਾਉਣ ਲਈ ਖੜ੍ਹੇ ਰਹੇ।