ਇੰਨਾ 5 ਕਾਰਨਾਂ ਕਰਕੇ ਸੰਨੀ ਦਿਓਲ ਲਈ ਔਖੀ ਹੈ ਗੁਰਦਾਸਪੁਰ ਦੀ ਲੜਾਈ

Tuesday, Apr 23, 2019 - 09:07 PM (IST)

ਇੰਨਾ 5 ਕਾਰਨਾਂ ਕਰਕੇ ਸੰਨੀ ਦਿਓਲ ਲਈ ਔਖੀ ਹੈ ਗੁਰਦਾਸਪੁਰ ਦੀ ਲੜਾਈ

ਗੁਰਦਾਸਪੁਰ (ਬਿਊਰੋ)- ਭਾਰਤੀ ਜਨਤਾ ਪਾਰਟੀ ਵਲੋਂ ਗੁਰਦਾਸਪੁਰ ੋਤੰ ਮੈਦਾਨ ਵਿਚ ਉਤਾਰੇ ਗਏ ਫਿਲਮ ਅਭਿਨੇਤਾ ਸੰਨੀ ਦਿਓਲ ਲਈ ਸਿਆਸਤ ਦੀ ਆਪਣੀ ਇਹ ਪਲੇਠੀ ਲੜਾਈ ਇੰਨੀ ਆਸਾਨ ਨਹੀਂ ਰਹਿਣ ਵਾਲੀ। ਹਾਲਾਂਕਿ ਉਨ੍ਹਾਂ ਦੇ ਪਰਿਵਾਰ ਦਾ ਸਿਆਸੀ ਇਤਿਹਾਸ ਇਹ ਦੱਸਦਾ ਹੈ ਕਿ ਪਰਿਵਾਰਕ ਮੈਂਬਰਾਂ ਨੇ ਜਿੱਥੋਂ ਜਿਥੋੱ ਚੋਣ ਲੜੀ ਹੈ, ਜਨਤਾ ਨੇ ਇਨ੍ਹਾਂ ਨੂੰ ਸਿਰ ਮੱਥੇ 'ਤੇ ਬਿਠਾਇਆ ਹੈ ਫਿਰ ਚਾਹੇ 2004 ਵਿਚ ਬੀਕਾਨੇਰ ਤੋਂ ਚੋਣ ਜਿੱਤਣ ਵਾਲੇ ਧਰਮਿੰਦਰ ਹੋਣ ਜਾਂ ਮਥੁਰਾ ਤੋਂ 2014 'ਚ ਚੋਣ ਜਿੱਤਣ ਵਾਲੀ ਹੇਮਾ ਮਾਲਿਨੀ। ਪਰ ਸੰਨੀ ਦਿਓਲ ਲਈ ਗੁਰਦਾਸਪੁਰ ਦੀ ਇਹ ਲੜਾਈ ਹੇਠ ਲਿਖੇ ਕਾਰਨਾਂ ਕਰਕੇ ਔਖੀ ਹੈ।
1. ਪੰਜਾਬ ਵਿਚ ਵੋਟਾ 19 ਮਈ ਨੂੰ ਪੈਣਗੀਆਂ। ਲਿਹਾਜ਼ਾ ਸੰਨੀ ਦਿਓਲ ਜੇਕਰ 24 ਅਪ੍ਰੈਲ ਤੋਂ ਵੀ ਪ੍ਰਚਾਰ ਸ਼ੁਰੂ ਕਰਨ ਤਾਂ ਉਨ੍ਹਾਂ ਕੋਲ ਪ੍ਰਚਾਰ ਲਈ ਮਹਿਜ਼ 27 ਦਿਨ ਦਾ ਸਮਾਂ ਹੀ ਬਚਦਾ ਹੈ ਅਤੇ ਇੰਨੇ ਥੋੜੇ ਸਮੇਂ ਵਿਚ ਗੁਰਦਾਸਪੁਰ ਵਰਗਾ ਵੱਡਾ ਹਲਕਾ ਕਵਰ ਕਰਨਾ ਸੰਨੀ ਦਿਓਲ ਲਈ ਇੰਨਾ ਆਸਾਨ ਨਹੀਂ ਹੋਵੇਗਾ।

2. ਇਸ ਸੀਟ 'ਤੇ 2017 ਵਿਚ ਹੋਈ ਜ਼ਿਮਨੀ ਚੋਣ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸਵਰਨ ਸਲਾਰੀਆ 193219 ਵੋਟਾਂ ਦੇ ਵੱਡੇ ਫਰਕ ਨਾਲ ਹਾਰੇ ਸਨ। ਲਿਹਾਜ਼ਾ ਇੰਨਾ ਵੱਡਾ ਫਰਕ ਖਤਮ ਕਰਨਾ ਸੰਨੀ ਦਿਓਲ ਲਈ ਵੱਡੀ ਚੁਣੌਤੀ ਹੈ।

3. ਸੰਨੀ ਦਿਓਲ ਨੇ ਬਾਲੀਵੁੱਡ ਵਿਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਪਰ ਸਿਆਸਤ ਫਿਲਹਾਲ ਉਨ੍ਹਾਂ ਲਈ ਨਵੀਂ ਹੈ। ਖਾਸ ਤੌਰ 'ਤੇ ਗੁਰਦਾਸਪੁਰ ਹਲਕਾ ਤਾਂ ਉਨ੍ਹਾਂ ਲਈ ਬਿਲਕੁਲ ਹੀ ਨਵਾਂ ਹੈ ਕਿਉਂਕਿ ਉਨ੍ਹਾਂ ਦਾ ਸਥਾਨਕ ਪੱਧਰ 'ਤੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਪਹਿਲਾਂ ਤੋਂ ਕੋਈ ਸੰਪਰਕ ਨਹੀਂ ਰਿਹਾ ਹੈ। ਲਿਹਾਜ਼ਾ ਉਨ੍ਹਾਂ ਲਈ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਨਾਲ ਤਾਲ ਮੇਲ ਬਿਠਾਉਣਾ ਵੀ ਵੱਡੀ ਚੁਣੌਤੀ ਹੋਵੇਗੀ।

4. ਉਨ੍ਹਾਂ ਦੇ ਮੁਕਾਬਲੇ ਖੜੇ ਕਾਂਗਰਸ ਦੇ ਸੁਨੀਲ ਜਾਖੜ ਨਾ ਸਿਰਫ ਇਸ ਸੀਟ ਦੇ ਮੌਜੂਦਾ ਸਾਂਸਦ ਹਨ ਬਲਕਿ ਇਕ ਹੰਢੇ ਹੋਏ ਸਿਆਸਤਦਾਨ ਵੀ ਹਨ। ਵਿਧਾਨ ਸਭਾ ਚੋਣਾਂ ਦੇ ਦੌਰਾਨ ਵੀ ਕਾਂਗਰਸ ਇਸ ਸੀਟ ਹੇਠ ਆਉਂਦੀਆਂ ਵਧੇਰੇ ਵਿਧਾਨ ਸਭਾ ਸੀਟਾਂ 'ਤੇ ਚੋਣ ਜਿੱਤ ਗਈ ਸੀ। ਇਸ ਲਿਹਾਜ਼ ਨਾਲ ਜਾਖੜ ਦੀ ਮਜ਼ਬੂਤ ਸਥਿਤੀ ਨੂੰ ਚੁਣੌਤੀ ਦੇਣਾ ਵੀ ਇੰਨਾ ਆਸਾਨ ਨਹੀਂ ਹੈ।

5. ਇਸ ਸੀਟ ਅਧੀਨ ਆਉਣ ਵਾਲੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਭਾਰਤੀ ਜਨਤਾ ਪਾਰਟੀ ਚੋਣ ਲੜਦੀ ਹੈ ਜਦਕਿ 5 ਸੀਟਾਂ 'ਤੇ ਅਕਾਲੀ ਦਲ ਚੋਣ ਲੜਦਾ ਹੈ। ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਟਕਸਾਲੀਆਂ ਨਾਲ ਸੇਵਾ ਸਿੰਘ ਸੇਖਵਾਂ ਵੀ ਇਸੇ ਹਲਕੇ ਨਾਲ ਸੰਬੰਧ ਰੱਖਦੇ ਹਨ ਅਤੇ ਉਨ੍ਹਾਂ ਦੀ ਨਾਰਾਜ਼ਗੀ ਦਾ ਨੁਕਸਾਨ ਵੀ ਸੰਨੀ ਦਿਓਲ ਨੂੰ ਹੋ ਸਕਦਾ ਹੈ।


author

Sunny Mehra

Content Editor

Related News