ਗੁਰਦਾਸਪੁਰ ਫਤਿਹ ਕਰਨ ਵਾਲੇ ਸੰਨੀ ਦਿਓਲ ਪਾਰਲੀਮੈਂਟ ''ਚੋਂ ਸੁੱਚੇ ਮੂੰਹ ਮੁੜੇ

Friday, Aug 09, 2019 - 07:01 PM (IST)

ਗੁਰਦਾਸਪੁਰ : ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਸੀਟ 'ਤੇ ਰਿਕਾਰਡ ਜਿੱਤ ਹਾਸਲ ਕਰਨ ਵਾਲੇ ਭਾਜਪਾ ਐੱਮ. ਪੀ. ਸੰਨੀ ਦਿਓਲ ਨੇ ਪਾਰਲੀਮੈਂਟ 'ਚ ਚੁੱਪ ਵੱਟੀ ਰੱਖੀ। ਭਾਵੇਂ ਸੰਨੀ ਦਿਓਲ ਫਿਲਮਾਂ 'ਚ ਖੂਬ ਗਰਜਦੇ ਹਨ ਪਰ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ 'ਚ ਉਨ੍ਹਾਂ ਮੂੰਹ ਨਹੀਂ ਖੋਲ੍ਹਿਆ। ਮੌਨਸੂਨ ਸੈਸ਼ਨ 'ਚ ਉਨ੍ਹਾਂ ਦੀ ਹਾਜ਼ਰੀ ਦਾ ਵੀ ਸੋਕਾ ਪਿਆ ਰਿਹਾ। ਗੁਰਦਾਸਪੁਰ ਸੀਟ ਤੋਂ ਸੰਸਦ ਮੈਂਬਰ ਬਣੇ ਸੰਨੀ ਨੇ ਜਿੱਤ ਮਗਰੋਂ ਹਲਕੇ 'ਚ ਮੂੰਹ ਨਹੀਂ ਦਿਖਾਇਆ ਜਦੋਂ ਕਿ ਪਾਰਲੀਮੈਂਟ ਵਿਚ ਮੌਨ ਧਾਰੀ ਰੱਖਿਆ। ਇਸ ਕਾਰਨ ਗੁਰਦਾਸਪੁਰ ਦੇ ਲੋਕ ਨਿਰਾਸ਼ਾ 'ਚ ਹਨ। ਹਲਕੇ ਦੇ ਕੰਮਕਾਰ ਲਈ ਸੰਨੀ ਨੇ ਆਪਣਾ ਪ੍ਰਤੀਨਿਧ ਗੁਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਹੈ। ਸੰਨੀ ਦਿਓਲ ਆਪਣੇ ਲੜਕੇ ਕਰਨ ਦਿਓਲ ਦੀ ਪਲੇਠੀ ਫਿਲਮ 'ਪਲ ਪਲ ਦਿਲ ਕੇ ਪਾਸ' ਨੂੰ ਰਿਲੀਜ਼ ਕਰਨ ਵਿਚ ਰੁੱਝੇ ਹੋਏ ਹਨ। ਸੰਨੀ ਪੰਜਾਬ 'ਚੋਂ ਇਕਲੌਤੇ ਸੰਸਦ ਮੈਂਬਰ ਹਨ ਜੋ ਪਾਰਲੀਮੈਂਟ 'ਚੋਂ ਸੁੱਚੇ ਮੂੰਹ ਮੁੜੇ ਹਨ।

PunjabKesari
ਮੌਨਸੂਨ ਸੈਸ਼ਨ 21 ਜੂਨ ਨੂੰ ਸ਼ੁਰੂ ਹੋਇਆ ਸੀ ਅਤੇ ਕਰੀਬ 37 ਦਿਨ ਬੈਠਕਾਂ ਜੁੜੀਆਂ। ਜਦੋਂ ਸੈਸ਼ਨ ਦਾ ਲੇਖਾ ਜੋਖਾ ਕੀਤਾ ਤਾਂ ਪਤਾ ਲੱਗਾ ਕਿ ਸੰਨੀ ਦਿਓਲ ਸਿਰਫ਼ ਪੰਜ ਦਿਨ ਹੀ ਸੈਸ਼ਨ ਵਿਚ ਆਏ ਜਦੋਂ ਕਿ ਬਾਕੀ ਸਮਾਂ ਗੈਰਹਾਜ਼ਰ ਰਹੇ। ਹਲਕੇ ਦੇ ਲੋਕ ਆਖਦੇ ਹਨ ਕਿ ਸੰਨੀ ਹਲਕੇ ਤੋਂ ਦੂਰ ਹਨ ਤੇ ਪਾਰਲੀਮੈਂਟ 'ਚ ਜਾਂਦੇ ਨਹੀਂ। ਠੀਕ ਇਵੇਂ ਹੀ ਧਰਮਿੰਦਰ ਨੇ ਸਾਲ 2004 ਵਿਚ ਚੋਣ ਜਿੱਤਣ ਤੋਂ ਬਾਅਦ ਬੀਕਾਨੇਰ ਦੇ ਲੋਕਾਂ ਨਾਲ ਕੀਤਾ ਸੀ। ਉਨ੍ਹਾਂ ਦੀ ਪਾਰਲੀਮੈਂਟ ਬਹਿਸ ਵਿਚ ਹਿੱਸਾ ਲੈਣ ਦੀ ਔਸਤ 6.7 ਹੈ ਜਦੋਂ ਕਿ ਪੰਜਾਬ ਦੀ ਦਰ 5 ਹੈ। ਸੰਨੀ ਨੇ ਨਾ ਬਹਿਸ ਵਿਚ ਹਿੱਸਾ ਲਿਆ ਅਤੇ ਨਾ ਹੀ ਕੋਈ ਲਿਖਤੀ ਸਵਾਲ ਪਾਰਲੀਮੈਂਟ ਵਿਚ ਲਾਇਆ। ਜਦੋਂ ਕਿ ਸਵਾਲ ਦੀ ਕੌਮੀ ਔਸਤ 18 ਅਤੇ ਪੰਜਾਬ ਦੀ 12 ਰਹੀ ਹੈ। 
ਫ਼ਰੀਦਕੋਟ ਤੋਂ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਸੰਨੀ ਨੂੰ ਪਿੱਛੇ ਛੱਡ ਗਏ। ਭਾਵੇਂ ਸੈਸ਼ਨ ਵਿਚ ਹਿੰਦੀ ਬੋਲਣ ਤੋਂ ਉਨ੍ਹਾਂ ਦਾ ਪੇਚ ਫਸਿਆ ਰਿਹਾ ਪਰ ਉਨ੍ਹਾਂ ਸੈਸ਼ਨ ਦੌਰਾਨ ਤਿੰਨ ਵਾਰ ਬਹਿਸ ਵਿਚ ਹਿੱਸਾ ਲਿਆ ਅਤੇ ਦੋ ਲਿਖਤੀ ਸਵਾਲ ਲਾਏ। ਭਗਵੰਤ ਮਾਨ ਨੇ ਬਹਿਸ 'ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਅਤੇ ਸੱਤ ਵਾਰ ਬਹਿਸ ਵਿਚ ਸ਼ਮੂਲੀਅਤ ਕੀਤੀ ਅਤੇ ਇਸ ਵਾਰ ਉਨ੍ਹਾਂ ਕੋਈ ਲਿਖਤੀ ਸੁਆਲ ਨਹੀਂ ਲਾਇਆ।

PunjabKesari
ਐਮ.ਪੀ ਸੁਖਬੀਰ ਸਿੰਘ ਬਾਦਲ ਅਤੇ ਪ੍ਰਨੀਤ ਕੌਰ ਨੇ ਵੀ ਸੈਸ਼ਨ ਦੌਰਾਨ ਇਕ ਵੀ ਲਿਖਤੀ ਸਵਾਲ ਨਹੀਂ ਲਾਇਆ। ਸੁਖਬੀਰ ਬਾਦਲ ਨੇ ਦੋ ਵਾਰ ਬਹਿਸ ਵਿਚ ਅਤੇ ਪ੍ਰਨੀਤ ਕੌਰ ਨੇ ਤਿੰਨ ਵਾਰ ਬਹਿਸ ਵਿਚ ਹਿੱਸਾ ਲਿਆ। ਬਹਿਸ ਵਿਚ ਸਭ ਤੋਂ ਵੱਧ ਸ੍ਰੀ ਆਨੰਦਪੁਰ ਸਾਹਿਬ ਤੋਂ ਐੱਮ.ਪੀ ਮਨੀਸ਼ ਤਿਵਾੜੀ ਗਰਜੇ। ਉਨ੍ਹਾਂ ਸਭ ਤੋਂ ਵੱਧ 10 ਵਾਰ ਬਹਿਸ ਵਿਚ ਹਿੱਸਾ ਲਿਆ ਜਦੋਂ ਕਿ ਜਸਵੀਰ ਡਿੰਪਾ ਨੇ ਅੱਠ, ਰਵਨੀਤ ਬਿੱਟੂ ਨੇ 6 ਵਾਰ ਅਤੇ ਡਾ.ਅਮਰ ਸਿੰਘ ਨੇ 7 ਵਾਰ ਬਹਿਸ ਵਿਚ ਸ਼ਮੂਲੀਅਤ ਕੀਤੀ। ਸਵਾਲ ਦੇ ਮਾਮਲੇ ਵਿਚ ਲੁਧਿਆਣਾ ਤੋਂ ਐੱਮ.ਪੀ ਰਵਨੀਤ ਬਿੱਟੂ ਦੀ ਝੰਡੀ ਰਹੀ। ਉਨ੍ਹਾਂ ਸਭ ਤੋਂ ਵੱਧ 40 ਸੁਆਲ ਲਾਏ ਜਦੋਂ ਕਿ ਚੌਧਰੀ ਸੰਤੋਖ ਸਿੰਘ ਨੇ 30 ਅਤੇ ਐੱਮ.ਪੀ ਮੁਨੀਸ਼ ਤਿਵਾੜੀ ਨੇ 25 ਸਵਾਲ ਪੁੱਛੇ। ਗੁਰਜੀਤ ਸਿੰਘ ਔਜਲਾ ਨੇ 7 ਸੁਆਲ ਪੁੱਛੇ ਜਦਕਿ 6 ਵਾਰ ਬਹਿਸ ਵਿਚ ਹਿੱਸਾ ਲਿਆ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ 36 ਸੁਆਲ ਪੁੱਛੇ ਅਤੇ 4 ਚਾਰ ਵਾਰ ਬਹਿਸ ਵਿਚ ਹਿੱਸਾ ਲਿਆ।


Gurminder Singh

Content Editor

Related News