ਸੰਸਦ ਮੈਂਬਰ ਸੰਨੀ ਦਿਉਲ ਦੀ ਕੋਠੀ ਦੇ ਸਾਹਮਣੇ ਪਾਣੀ ’ਚ ਪਕੌੜੇ ਤਲ ਯੂਥ ਕਾਂਗਰਸ ਵਲੋਂ ਵੱਧਦੀ ਮਹਿੰਗਾਈ ਦਾ ਵਿਰੋਧ
Monday, Jun 07, 2021 - 10:14 AM (IST)
ਪਠਾਨਕੋਟ (ਸ਼ਾਰਦਾ, ਆਦਿਤਯ) - ਲਗਾਤਾਰ ਵੱਧ ਰਹੀ ਮਹਿੰਗਾਈ ਦੇ ਵਿਰੋਧ ’ਚ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਗੁਰਦਾਸਪੁਰ ਅਤੇ ਪਠਾਨਕੋਟ ਦੇ ਸੰਸਦ ਮੈਂਬਰ ਸੰਨੀ ਦਿਉਲ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਵੱਧਦੀ ਮਹਿੰਗਾਈ ਦਾ ਵਿਰੋਧ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਯੂਥ ਕਾਂਗਰਸ ਦੇ ਨੇਤਾਵਾਂ ਤੇ ਕਾਰਜਕਰਤਾਵਾਂ ਨੇ ਸੰਸਦ ਮੈਂਬਰ ਦੀ ਕੋਠੀ ਦੇ ਸਾਹਮਣੇ ਕੜਾਈ ’ਚ ਪਾਣੀ ’ਚ ਪਕੌੜੇ ਤਲੇ। ਇਸ ਤੋਂ ਬਾਅਦ ਉਨ੍ਹਾਂ ਨੂੰ ਡੱਬੇ ’ਚ ਪੈਕ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਸਦ ਮੈਂਬਰ ਸੰਨੀ ਦਿਉਲ ਨੂੰ ਭੇਜਣ ਲਈ ਕੋਠੀ ’ਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਉਕਤ ਡੱਬਿਆਂ ਨੂੰ ਕੋਠੀ ਦੇ ਗੇਟ ਦੇ ਸਾਹਮਣੇ ਰਖ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਭੋਆ ਇਲਾਕੇ ਦੇ ਇੰਚਾਰਜ ਵਰੁਣ ਕੋਹਲੀ ਤੇ ਸ਼ਹਿਰੀ ਜਨਰਲ ਸਕੱਤਰ ਅੰਕਿਤ ਮਿਹਰਾ ਨੇ ਰੋਸ ਵਜੋਂ ਜਾਣਕਾਰੀ ਦੇਂਦੇ ਹੋਇਆ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ’ਚ ਸਿਰਫ਼ ਸਿਲੰਡਰ ਹੀ ਮਹਿੰਗਾ ਹੋਇਆ ਸੀ ਤਾਂ ਭਾਜਪਾ ਨੇ ਹਾਏ-ਤੌਬਾ ਮਚਾ ਦਿੱਤੀ ਸੀ। ਅੱਜ ਪੂਰੇ ਦੇਸ਼ ’ਚ ਸਿਲੰਡਰ ਦੇ ਨਾਲ ਪੈਟਰੋਲ ਤੇ ਡੀਜ਼ਲ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਅਤੇ ਅੱਜ ਭਾਜਪਾ ਦੀ ਜ਼ੁਬਾਨ ’ਤੇ ਤਾਲਾ ਲਗ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦਿਆਂ ਮਹਿੰਗਾਈ ’ਤੇ ਕੰਟਰੋਲ ਨਾ ਕੀਤਾ ਤਾਂ ਯੂਥ ਕਾਂਗਰਸ ਆਉਣ ਵਾਲੇ ਦਿਨਾਂ ’ਚ ਸੰਘਰਸ਼ ਕਰੇਗੀ। ਇਸ ਮੌਕੇ ਨਿਤਿਨ ਸੈਣੀ, ਸੌਰਭ ਮਹਾਜਨ, ਕਮਲ, ਦੀਪਕ, ਵਿਸ਼ਾਲ, ਅਭਿਸ਼ੇਕ, ਰਾਹੁਲ ਸੈਣੀ, ਸਾਹਿਲ, ਪਰਵੀਨ, ਰਿਤਿਕ ਹਾਜ਼ਰ ਸਨ।