ਆਖਿਰ ਖ਼ੁਦ ’ਤੇ ਆਈ ਤਾਂ ਸੁਨੀਲ ਜਾਖੜ ਦਾ ਕਾਂਗਰਸ ਦੇ ‘ਹਿੰਦੂ ਵਿਰੋਧੀ’ ਹੋਣ ਦਾ ਦਰਦ ਛਲਕਿਆ

Wednesday, May 18, 2022 - 01:15 PM (IST)

ਆਖਿਰ ਖ਼ੁਦ ’ਤੇ ਆਈ ਤਾਂ ਸੁਨੀਲ ਜਾਖੜ ਦਾ ਕਾਂਗਰਸ ਦੇ ‘ਹਿੰਦੂ ਵਿਰੋਧੀ’ ਹੋਣ ਦਾ ਦਰਦ ਛਲਕਿਆ

ਜਲੰਧਰ (ਚੋਪੜਾ)– ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਵਿਚ ਹਿੰਦੂ ਆਗੂਆਂ ਨੂੰ ਨਜ਼ਰਅੰਦਾਜ਼ ਕਰਨਾ ਕੋਈ ਨਵਾਂ ਮਾਮਲਾ ਨਹੀਂ ਹੈ। ਪਿਛਲੇ ਸਾਲਾਂ ਦੌਰਾਨ ਸੂਬੇ ਵਿਚ ਦਰਜਨਾਂ ਅਜਿਹੇ ਕੱਦਾਵਰ ਅਤੇ ਸੀਨੀਅਰ ਹਿੰਦੂ ਆਗੂ ਰਹੇ ਹਨ, ਜਿਹੜੇ ਕਿ ਸਰਕਾਰ ਅਤੇ ਸੰਗਠਨ ਵਿਚ ਧਰਮ, ਜਾਤੀ ਅਤੇ ਧੜੇਬੰਦੀ ਸੰਤੁਲਨ ਬਣਾਉਣ ਨੂੰ ਲੈ ਕੇ ਅਣਦੇਖੀ ਜਾਂ ਖੁੱਡੇ-ਲਾਈਨ ਲਾਏ ਜਾਣ ਦਾ ਸ਼ਿਕਾਰ ਹੋਏ ਹਨ ਪਰ ਸੁਨੀਲ ਜਾਖੜ ਨੇ ਹਿੰਦੂ ਆਗੂਆਂ ਦੇ ਹੱਕ ਦੀ ਆਵਾਜ਼ ਨਹੀਂ ਉਠਾਈ ਅਤੇ ਹੁਣ ਜਦੋਂ ਖ਼ੁਦ ’ਤੇ ਆਈ ਤਾਂ ਉਨ੍ਹਾਂ ਦਾ ਕਾਂਗਰਸ ਦੇ ‘ਹਿੰਦੂ ਵਿਰੋਧੀ’ ਹੋਣ ਦਾ ਦਰਦ ਛਲਕਿਆ ਹੈ। ਪਿਛਲੇ ਦਿਨੀਂ ਸੂਬਾਈ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਕਾਂਗਰਸ ਨੂੰ ‘ਗੁੱਡਲਕ ਅਤੇ ਗੁੱਡ ਬਾਏ ਕਾਂਗਰਸ’ ਕਹਿ ਕੇ ਪਾਰਟੀ ਨੂੰ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਜਾਖੜ ਨੇ ਇਕ ਤਰ੍ਹਾਂ ਨਾਲ ਕਾਂਗਰਸ ਨੂੰ ‘ਹਿੰਦੂ ਵਿਰੋਧੀ’ ਸਾਬਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

ਜਾਖੜ ਨੇ ਸੀਨੀਅਰ ਮਹਿਲਾ ਕਾਂਗਰਸੀ ਆਗੂ ਅੰਬਿਕਾ ਸੋਨੀ ’ਤੇ ਵੀ ਵੱਡਾ ਹਮਲਾ ਕੀਤਾ ਹੈ। ਜਾਖੜ ਦਾ ਮੰਨਣਾ ਹੈ ਕਿ 2021 ਵਿਚ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ਾ ਦੇਣ ਤੋਂ ਬਾਅਦ 42 ਵਿਧਾਇਕ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਪੱਖ ਵਿਚ ਸਨ, ਜਦਕਿ ਸਿਰਫ਼ 2 ਵਿਧਾਇਕ ਚਰਨਜੀਤ ਸਿੰਘ ਚੰਨੀ ਦੇ ਪੱਖ ਵਿਚ ਸਨ। ਉਨ੍ਹਾਂ ਅੰਬਿਕਾ ਸੋਨੀ ਨੂੰ ਕਥਿਤ ਤੌਰ ’ਤੇ ਇਕ ਖ਼ਾਸ ਦਲੀਲ ਦੀ ਵਰਤੋਂ ਕਰਨ ਲਈ ਦੋਸ਼ੀ ਠਹਿਰਾਇਆ ਹੈ ਕਿ ਜੇਕਰ ਇਕ ਹਿੰਦੂ (ਜਾਖੜ) ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਤਾਂ ਪੰਜਾਬ ’ਚ ਅੱਗ ਲੱਗ ਜਾਵੇਗੀ, ਜਦਕਿ ਪੰਜਾਬ ਇਕ ਧਰਮ-ਨਿਰਪੱਖ ਸੂਬਾ ਹੈ।
ਜਾਖੜ ਜਿਹੜੇ ਕਿ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ, ਵੱਲੋਂ ਪਾਰਟੀ ਨੂੰ ਅਲਵਿਦਾ ਕਹਿਣ ਦੌਰਾਨ ਲਾਏ ਗੰਭੀਰ ਦੋਸ਼ਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਜਿਸ ਕਾਂਗਰਸ ਨੂੰ ‘ਹਿੰਦੂ ਵਿਰੋਧੀ’ ਹੋਣ ਦਾ ਉਹ ਖ਼ਿਤਾਬ ਦੇ ਰਹੇ ਹਨ, ਉਸ ਪਾਰਟੀ ਵਿਚ ਉਨ੍ਹਾਂ ਕਿੰਨੇ ਹਿੰਦੂ ਆਗੂਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ, ਜਦੋਂ ਕਿ ਕਈ ਸੀਨੀਅਰ ਆਗੂ ਚੀਕ-ਚੀਕ ਕੇ ਪਾਰਟੀ ਵਿਚ ਹਿੰਦੂਆਂ ਨੂੰ ਅਣਡਿੱਠ ਨਾ ਕਰਨ ਦੀ ਆਵਾਜ਼ ਉਠਾਉਂਦੇ ਰਹੇ ਹਨ ਪਰ ਉਦੋਂ ਕਿਸੇ ਸੀਨੀਅਰ ਆਗੂ ਨੇ ਉਨ੍ਹਾਂ ਦਾ ਹੱਥ ਨਹੀਂ ਫੜਿਆ, ਜਿਸ ਕਾਰਨ ਉਨ੍ਹਾਂ ਦੀ ਆਵਾਜ਼ ਦਬ ਕੇ ਰਹਿ ਗਈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ 1 ਮਹੀਨੇ ਤੋਂ ਜਲੰਧਰ ਡਿਵੀਜ਼ਨ ਦਾ ਕਮਿਸ਼ਨਰ ਲੱਭਣ ’ਚ ਰਹੀ ਨਾਕਾਮ

ਕਈ ਸੀਨੀਅਰ ਹਿੰਦੂ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਵਿਚ ਸਿੱਖਾਂ ਤੋਂ ਬਾਅਦ ਸਭ ਤੋਂ ਵੱਡਾ ਵੋਟ ਬੈਂਕ ਹਿੰਦੂ ਹਨ ਪਰ ਉਨ੍ਹਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਸੂਬੇ ਦੀਆਂ 15 ਅਜਿਹੀਆਂ ਸੀਟਾਂ ਹਨ, ਜਿਹੜੀਆਂ ਹਿੰਦੂ ਬਹੁਗਿਣਤੀ ਹਨ ਅਤੇ ਇਥੋਂ ਹਿੰਦੂ ਉਮੀਦਵਾਰ ਹੀ ਚੋਣ ਮੈਦਾਨ ਵਿਚ ਉਤਾਰੇ ਜਾਂਦੇ ਸਨ ਪਰ ਹੁਣ ਉਥੋਂ ਜੱਟ ਸਿੱਖ ਵਿਧਾਇਕ ਹਨ। ਅਜਿਹੇ ਵਿਚ ਹਿੰਦੂ ਆਗੂ ਕਿੱਥੇ ਜਾਣਗੇ? ਹਿੰਦੂ ਆਗੂਆਂ ਦਾ ਕਹਿਣਾ ਸੀ ਕਿ ਬਠਿੰਡਾ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਕੋਟਕਪੂਰਾ ਸੀਟਾਂ, ਜਿੱਥੋਂ 1957 ਤੋਂ 2017 ਤੱਕ 14 ਵਿਧਾਨ ਸਭਾ ਚੋਣਾਂ ਵਿਚੋਂ 11 ਵਾਰ ਹਿੰਦੂ ਉਮੀਦਵਾਰ ਜਿੱਤੇ। ਇਸੇ ਤਰ੍ਹਾਂ ਗੁਰਦਾਸਪੁਰ ਸੀਟ ’ਤੇ ਕਾਂਗਰਸ ਪਹਿਲਾਂ ਰਮਨ ਬਹਿਲ ਨੂੰ ਅੱਗੇ ਕਰਦੀ ਰਹੀ ਹੈ ਤਾਂ ਕੋਟਕਪੂਰਾ ਵਿਚ ਉਪਿੰਦਰ ਸ਼ਰਮਾ ਵਰਗੇ ਆਗੂ ਪਾਰਟੀ ਦੇ ਉਮੀਦਵਾਰ ਰਹੇ ਹਨ।
ਅਜਿਹੇ ਹਾਲਾਤ ਵਿਚ ਜਾਖੜ ਨੇ ਆਪਣੇ ਅਹੁਦੇ ਅਤੇ ਪਾਰਟੀ ਵਿਚ ਮਿਲੀ ਤਾਕਤ ਦੇ ਬਾਵਜੂਦ ਹਿੰਦੂਆਂ ਦੀ ਅਣਦੇਖੀ ਦੇ ਮਾਮਲਿਆਂ ’ਤੇ ਆਪਣਾ ਰੁਖ਼ ਨਰਮ ਬਣਾਈ ਰੱਖਿਆ, ਜਦੋਂ ਕਿ ਉਹ ਹਿੰਦੂਆ ਦੇ ਵੱਕਾਰ ਅਤੇ ਹਿੰਦੂ ਕੇਡਰ ਦੀ ਆਵਾਜ਼ ਹਾਈਕਮਾਨ ਤੱਕ ਪਹੁੰਚਾਉਣ ਵਿਚ ਵੱਡੀ ਭੂਮਿਕਾ ਅਦਾ ਕਰਨ ਵਿਚ ਸਮਰੱਥ ਸਨ, ਉਦੋਂ ਜਾਖੜ ਸੱਤਾ ਸੁੱਖ ਦੀ ਖਾਤਰ ਅਜਿਹੇ ਮਾਮਲਿਆਂ ਨੂੰ ਅਣਡਿੱਠ ਕਰਦੇ ਰਹੇ।

ਜਦਕਿ ਇਸ ਸਭ ਦੇ ਉਲਟ ਜਾਖੜ ਦੀ ਕਾਰਜਸ਼ੈਲੀ ਕਈ ਵਾਰ ਕਾਂਗਰਸ ਹਾਈਕਮਾਨ ਲਈ ਚੁਣੌਤੀ ਸਾਬਿਤ ਹੁੰਦੀ ਰਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਨ, ਉਦੋਂ ਕੈਪਟਨ ਲਾਬੀ ਨੇ ਬਾਜਵਾ ਨੂੰ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾਉਣ ਦੀ ਮੁਹਿੰਮ ਚਲਾਈ ਸੀ, ਉਦੋਂ ਜਾਖੜ ਵੀ ਕੈਪਟਨ ਲਾਬੀ ਵਿਚ ਬਹੁਤ ਸਰਗਰਮ ਸਨ। ਇਸ ਲਾਬੀ ਨੇ ਹਾਈਕਮਾਨ ਵੱਲੋਂ ਕੈਪਟਨ ਨੂੰ ਪ੍ਰਧਾਨ ਨਾ ਬਣਾਉਣ ਦੀ ਸੂਰਤ ਵਿਚ ਨਵੀਂ ਪਾਰਟੀ ਬਣਾਉਣ ਦੀ ਧਮਕੀ ਤੱਕ ਦੇ ਦਿੱਤੀ ਸੀ ਪਰ ਕਾਂਗਰਸ ਹਾਈਕਮਾਨ ਨੇ ਬੈਕਫੁੱਟ ’ਤੇ ਆਉਂਦਿਆਂ ਕੈਪਟਨ ਨੂੰ ਸੂਬਾ ਪ੍ਰਧਾਨ ਬਣਾ ਦਿੱਤਾ।

ਇਹ ਵੀ ਪੜ੍ਹੋ: ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਭਗਵੰਤ ਮਾਨ ਸਰਕਾਰ ਲਈ ਚੁਣੌਤੀ, ਘੜੀ ਲਿਜਾਣ ’ਤੇ ਵੀ ਰੋਕ

2017 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਜਾਖੜ ਉਨ੍ਹਾਂ ਦੇ ਖਾਸਮ-ਖਾਸ ਲੋਕਾਂ ਵਿਚੋਂ ਇਕ ਮੰਨੇ ਜਾਂਦੇ ਸਨ ਪਰ ਸਮਾਂ ਬਦਲਿਆ ਅਤੇ ਇਕ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਜਾਖੜ ਕੁਝ ਵਿਧਾਇਕਾਂ ਨਾਲ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਤਾਂ ਸੀ. ਐੱਮ. ਸਕਿਓਰਿਟੀ ਨੇ ਉਨ੍ਹਾਂ ਨੂੰ ਮੋਬਾਇਲ ਬਾਹਰ ਰੱਖ ਕੇ ਅੰਦਰ ਜਾਣ ਨੂੰ ਕਹਿ ਦਿੱਤਾ, ਜਿਸ ਤੋਂ ਨਾਰਾਜ਼ ਹੋ ਕੇ ਜਾਖੜ ਮੁੱਖ ਮੰਤਰੀ ਨੂੰ ਮਿਲੇ ਬਿਨਾਂ ਹੀ ਵਾਪਸ ਪਰਤ ਆਏ। ਇਸ ਮਾਮਲੇ ਨੇ ਵੀ ਪੰਜਾਬ ਦੇ ਹਿੰਦੂ ਆਗੂਆਂ ਦੀ ਅਣਦੇਖੀ ਅਤੇ ਉਨ੍ਹਾਂ ਦੀ ਪੀੜਾ ਨੂੰ ਤਾਜ਼ਾ ਕਰ ਦਿੱਤਾ ਸੀ ਪਰ ਮੰਨਿਆ ਜਾਂਦਾ ਹੈ ਕਿ ਮੁੱਖ ਮੰਤਰੀ ਦੀ ਚਾਪਲੂਸੀ, ਸੱਤਾ ਸੁੱਖ ਦੀ ਲਾਲਸਾ ਅਤੇ ਨਿੱਜੀ ਲਾਲਸਾਵਾਂ ਖਾਤਿਰ ਜਾਖੜ ਚੁੱਪ-ਚਾਪ ਇਸ ਜ਼ਹਿਰ ਦੇ ਘੁੱਟ ਨੂੰ ਵੀ ਪੀ ਗਏ ਸਨ।

ਹੁਣ ਹਾਈਕਮਾਨ ਨੇ ਪਾਰਟੀ ਵਿਰੋਧੀ ਬਿਆਨਬਾਜ਼ੀ ਨੂੰ ਲੈ ਕੇ ਜਾਖੜ ’ਤੇ ਅਨੁਸ਼ਾਸਨਿਕ ਕਾਰਵਾਈ ਕਰਦਿਆਂ 11 ਅਪ੍ਰੈਲ ਨੂੰ ਜਾਰੀ ਕਾਰਨ ਦੱਸੋ ਨੋਟਿਸ ਵਿਚ ਉਨ੍ਹਾਂ ਕੋਲੋਂ ਪਾਰਟੀ ਵਿਰੋਧੀ ਸਰਗਰਮੀਆਂ ਅਤੇ ਸੂਬਾਈ ਚੋਣਾਂ ਵਿਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਅਤੇ ਸਾਬਕਾ ਸੀ. ਐੱਮ. ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਆਲੋਚਨਾਤਮਕ ਰੁਖ਼ ਰੱਖਣ ਦਾ ਜਵਾਬ ਮੰਗਿਆ ਤਾਂ ਜਾਖੜ ਨੇ ਪਾਰਟੀ ਵਿਰੋਧੀ ਸੁਰ ਤੇਜ਼ ਕਰਦਿਆਂ ਕਾਂਗਰਸ ਤੋਂ ਕਿਨਾਰਾ ਕਰ ਲਿਆ। ਜੋਵੀ ਹੋਵੇ, ਜਾਖੜ ਸਮੇਂ-ਸਮੇਂ ’ਤੇ ਆਪਣੀ ਲਾਲਸਾ ਨੂੰ ਲੈ ਕੇ ਪਾਰਟੀ ਵਿਰੋਧੀ ਬਿਆਨਬਾਜ਼ੀ ਕਰਦੇ ਰਹੇ ਹਨ ਪਰ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਜਾਖੜ ਦੀ ਹਿੰਦੂ ਸੀ. ਐੱਮ. ਨੂੰ ਲੈ ਕੇ ਕੀਤੀ ਗਈ ਬਿਆਨਬਾਜ਼ੀ ਨੇ ਕਾਂਗਰਸ ਨੂੰ ਵੱਡਾ ਡੈਂਟ ਪਾਇਆ ਹੈ। ਅਜਿਹੇ ਵਿਚ ਪੰਜਾਬ ਵਿਚ ਸੱਤਾਹੀਣ ਕਾਂਗਰਸ ਨੂੰ ਲੈ ਕੇ ਹਾਈਕਮਾਨ ਲਈ ਜਾਖੜ ਦਾ ਪਾਰਟੀ ਵਿਚ ਰਹਿਣਾ ਜਾਂ ਛੱਡ ਜਾਣਾ ਕੋਈ ਖਾਸ ਮਾਇਨੇ ਨਹੀਂ ਰੱਖਦਾ। ਪਰ ਜੋ ਵੀ ਹੋਵੇ, ਹੁਣ ਕਈ ਵੱਡੇ ਸਵਾਲ ਉੱਠ ਰਹੇ ਹਨ ਕਿ ਆਖਿਰ ਕਾਂਗਰਸ ਵਿਚ ਹਿੰਦੂ ਆਗੂਆਂ ਨੂੰ ਕਦੋਂ ਤੱਕ ਖੁੱਡੇ-ਲਾਈਨ ਲਾਇਆ ਜਾਂਦਾ ਰਹੇਗਾ? ਕੀ ਜਾਖੜ ਨੇ ਹਿੰਦੂ ਕੇਡਰ ਨੂੰ ਮੁੱਦਾ ਬਣਾ ਕੇ ਕਾਂਗਰਸ ਹਾਈਕਮਾਨ ਸਾਹਮਣੇ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ? ਅਜਿਹੇ ਵਿਚ ਕੀ ਪਾਰਟੀ ‘ਹਿੰਦੂ ਵਿਰੋਧੀ’ ਹੋਣ ਦਾ ਸਿਆਸੀ ਠੱਪਾ ਬਰਦਾਸ਼ਤ ਕਰ ਪਾਵੇਗੀ ਜਾਂ ਨੇੜ ਭਵਿੱਖ ਵਿਚ ਹਿੰਦੂ ਆਗੂਆਂ ਪ੍ਰਤੀ ਆਪਣੀ ਸੋਚ ਵਿਚ ਬਦਲਾਅ ਲਿਆ ਪਾਵੇਗੀ।

ਇਹ ਵੀ ਪੜ੍ਹੋ: ਜਲੰਧਰ: ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News