ਸੋਚੀ-ਸਮਝੀ ਸਾਜ਼ਿਸ਼ ਤਹਿਤ ਭਾਜਪਾ ਦਫ਼ਤਰਾਂ ’ਤੇ ਕੀਤੇ ਗਏ ਹਮਲੇ : ਜਾਖੜ
Wednesday, May 13, 2026 - 02:16 AM (IST)
ਮੋਹਾਲੀ/ਜਲੰਧਰ (ਰਣਬੀਰ, ਗੁਲਸ਼ਨ) - ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਬੀਤੇ ਦਿਨੀਂ ਬਟਾਲਾ, ਤਰਨਤਾਰਨ, ਲੁਧਿਆਣਾ ਤੇ ਜ਼ੀਰਕਪੁਰ ’ਚ ਪਾਰਟੀ ਦਫ਼ਤਰਾਂ ’ਤੇ ਇਕੋ ਵੇਲੇ ਹੋਏ ਹਮਲਿਆਂ ਨੂੰ ‘ਆਪ’ ਦੀ ਸੋਚੀ-ਸਮਝੀ ਸਾਜ਼ਿਸ਼ ਦੱਸਿਆ ਹੈ। ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਘਟਨਾ ’ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਮਮਤਾ ਬੈਨਰਜੀ ਦੇ ਬੰਗਾਲ ਵਰਗੇ ਹਾਲਾਤ ਸਿਰਜਣਾ ਚਾਹੁੰਦੀ ਹੈ ਪਰ ਉਸ ਦੇ ਇਸ ਤਰ੍ਹਾਂ ਦੇ ਹੋਛੀ ਰਾਜਨੀਤੀ ਦੇ ਹੱਥਕੰਡੇ ਭ੍ਰਿਸ਼ਟਾਚਾਰ ਖ਼ਿਲਾਫ਼ ਈ. ਡੀ. ਤੇ ਸੀ. ਬੀ. ਆਈ. ਦੀ ਕਾਰਵਾਈ ਨਹੀਂ ਰੋਕ ਸਕਣਗੇ।
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਕੇਂਦਰ ਸਰਕਾਰ ਦੀ ਕਾਰਵਾਈ ਦਾ ਸੇਕ ਜਦੋਂ ‘ਆਪ’ ਦੇ ਵੱਡਿਆਂ ਘਰਾਂ ਤੱਕ ਪੁੱਜਣ ਲੱਗਾ ਤਾਂ ਇਸ ਤੋਂ ਬੌਖਲਾਈ ‘ਆਪ’ ਲੀਡਰਸ਼ਿਪ ਨੀਵੇਂ ਪੱਧਰ ਦੀ ਰਾਜਨੀਤੀ ’ਤੇ ਉੱਤਰ ਆਈ ਹੈ ਅਤੇ ਭਾਜਪਾ ਦੇ ਦਫ਼ਤਰਾਂ ’ਤੇ ਹਮਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਿਚ ਬੀਤੇ ਦਿਨ ਦੇ ਹਮਲੇ ਤੋਂ ਬਾਅਦ ਐੱਸ. ਐੱਸ. ਪੀ. ਨੇ ਛੇਤੀ ਕਾਰਵਾਈ ਕੀਤੀ ਪਰ ਜ਼ਰੂਰੀ ਹੈ ਕਿ ਸਿਰਫ਼ ਮੋਹਰੇ ਫੜਨ ਦੀ ਬਜਾਏ ਇਸ ਸਾਜ਼ਿਸ਼ ਦੇ ਅਸਲ ਕਿਰਦਾਰ ਬੇਨਕਾਬ ਹੋਣ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਧੀਨ ਸਿੱਧੇ ਤੌਰ ’ਤੇ ਕੰਮ ਕਰਨ ਵਾਲੀ ਜਿਸ ਵਿਜੀਲੈਂਸ ’ਤੇ ਭ੍ਰਿਸ਼ਟਾਚਾਰ ਰੋਕਣ ਦੀ ਜ਼ਿੰਮੇਵਾਰੀ ਹੈ ਅਤੇ ਜੇ ਉਹ ਹੀ ਭ੍ਰਿਸ਼ਟ ਕਾਰਵਾਈਆਂ ’ਚ ਸ਼ਾਮਲ ਹੋਣ ਲੱਗੇ ਤਾਂ ਫਿਰ ਸੀ. ਬੀ. ਆਈ. ਦੀ ਕਾਰਵਾਈ ਜ਼ਰੂਰੀ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਤੇ ਈ. ਡੀ. ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਦਾ ਵਿਰੋਧ ਕਰਨ ਦਾ ਕੀ ਕੋਈ ਨੈਤਿਕ ਕਾਰਨ ਬਣਦਾ ਹੈ, ਜੋ ‘ਆਪ’ ਦੇ ਆਗੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਾਈਲ ਸਭ ਦੀ ਖੁੱਲ੍ਹੇਗੀ, ਹਿਸਾਬ ਸਭ ਦਾ ਹੋਵੇਗਾ।
