ਤਰੁਣ ਚੁੱਘ ਨੇ ਗੰਭੀਰ ਮੁੱਦਿਆਂ ''ਤੇ ਘੇਰੀ ਪੰਜਾਬ ਸਰਕਾਰ, ਪੜ੍ਹੋ ਕੀ ਦਿੱਤਾ ਬਿਆਨ

Wednesday, May 13, 2026 - 04:53 PM (IST)

ਤਰੁਣ ਚੁੱਘ ਨੇ ਗੰਭੀਰ ਮੁੱਦਿਆਂ ''ਤੇ ਘੇਰੀ ਪੰਜਾਬ ਸਰਕਾਰ, ਪੜ੍ਹੋ ਕੀ ਦਿੱਤਾ ਬਿਆਨ

ਚੰਡੀਗੜ੍ਹ (ਅੰਕੁਰ ਤਾਂਗੜੀ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਅੱਜ ਭ੍ਰਿਸ਼ਟਾਚਾਰ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਤਰੁਣ ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਦਾਅਵਾ ਕੀਤਾ ਸੀ ਕਿ ਨਵੀਂ ਆਬਕਾਰੀ ਨੀਤੀ ਨਾਲ ਪੰਜਾਬ ਦੇ ਖਜ਼ਾਨੇ 'ਚ 20 ਹਜ਼ਾਰ ਕਰੋੜ ਰੁਪਏ ਆਉਣਗੇ ਪਰ ਹਕੀਕਤ 'ਚ ਪੰਜਾਬ ਦੇ ਸਾਧਨਾਂ ਦੀ ਖੁੱਲ੍ਹੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਖਣਨ ਮਾਫ਼ੀਆ ਅਤੇ ਲੀਕਰ ਮਾਫ਼ੀਆ ਨੂੰ ਸਰਕਾਰ ਦੀ ਪੂਰੀ ਸਰਪਰਸਤੀ ਮਿਲ ਰਹੀ ਹੈ ਅਤੇ ਪੰਜਾਬ ਦੇ ਕੁਦਰਤੀ ਸਾਧਨਾਂ ਨੂੰ ਲੁੱਟਿਆ ਜਾ ਰਿਹਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਖਣਨ ਦੇ ਨਾਮ ‘ਤੇ ਕਰੋੜਾਂ ਰੁਪਏ ਦੀ ਲੁੱਟ ਹੋਈ ਹੈ ਅਤੇ ਇਸ ਕਾਰਨ ਪੰਜਾਬ 'ਚ ਕਈ ਥਾਵਾਂ ‘ਤੇ ਵੱਡੇ ਹਾਦਸੇ ਵਾਪਰੇ ਹਨ। ਚੁੱਘ ਨੇ ਸਤਲੁਜ ਦਰਿਆ ਦੇ ਕਿਨਾਰੇ ਬੰਨ੍ਹ ਟੁੱਟਣ ਦੇ ਖ਼ਤਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਨੇ ਪਹਿਲਾਂ ਹੀ ਸਰਕਾਰ ਨੂੰ ਗੈਰ-ਕਾਨੂੰਨੀ ਖਣਨ ਬਾਰੇ ਚਿਤਾਵਨੀ ਦਿੱਤੀ ਸੀ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਚੁੱਘ ਨੇ ਕਿਹਾ ਕਿ ਈ. ਡੀ. ਵੱਲੋਂ ਕੀਤੀਆਂ ਕਾਰਵਾਈਆਂ 'ਚ ਵੱਡੇ ਪੱਧਰ ‘ਤੇ ਦਸਤਾਵੇਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚ ਸੈਂਕੜੇ ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦੇ ਸੰਕੇਤ ਮਿਲਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਸਰਕਾਰੀ ਢਾਂਚੇ ਨੂੰ ਪੰਜਾਬ ਪ੍ਰਾਈਵੇਟ ਲਿਮਟਿਡ ਵਾਂਗ ਚਲਾਇਆ ਜਾ ਰਿਹਾ ਹੈ।

 ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ-ਵਿਵਸਥਾ ਵੀ ਸਵਾਲਾਂ ਦੇ ਘੇਰੇ 'ਚ ਹੈ। ਚੁੱਘ ਨੇ ਮੀਡੀਆ 'ਚ ਆਈਆਂ ਕੁੱਝ ਵੀਡੀਓਜ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਪੁਲਸ ਦੀਆਂ ਗੱਡੀਆਂ ਸਬੰਧੀ ਸਾਹਮਣੇ ਆਈਆਂ ਤਸਵੀਰਾਂ ਨੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਰਾਜ ਖ਼ਿਲਾਫ਼ ਇਕੱਠੇ ਹੋ ਕੇ ਆਵਾਜ਼ ਚੁੱਕੀ ਜਾਵੇ। ਚੁੱਘ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਜਨਤਾ ਹੁਣ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ 'ਚ ਇਸਦਾ ਜਵਾਬ ਦੇਵੇਗੀ।


author

Babita

Content Editor

Related News