ਮਾਨਸੂਨ ਦੀ ਤਿਆਰੀ ਨੂੰ ਲੈ ਕੇ ਰਤਨ ਢਿੱਲੋਂ ਨੇ ਘੇਰੀ ਪੰਜਾਬ ਸਰਕਾਰ
Tuesday, May 12, 2026 - 12:38 PM (IST)
ਚੰਡੀਗੜ੍ਹ : ਪੰਜਾਬ ਦੇ ਸਿਆਸੀ ਅਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਰਤਨ ਢਿੱਲੋਂ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਮਾਨਸੂਨ ਦੀ ਤਿਆਰੀ ਅਤੇ ਦਰਿਆਵਾਂ/ਨਹਿਰਾਂ ਦੀ ਡੀ-ਸਿਲਟਿੰਗ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਮਾਨਸੂਨ ਦੇ ਆਉਣ 'ਚ ਹੁਣ ਸਿਰਫ਼ 2 ਤੋਂ 3 ਮਹੀਨੇ ਦਾ ਸਮਾਂ ਰਹਿ ਗਿਆ ਹੈ, ਪਰ ਪੰਜਾਬ 'ਚ ਅਜੇ ਤੱਕ ਤਿਆਰੀਆਂ ਨਾਮਾਤਰ ਦਿਖਾਈ ਦੇ ਰਹੀਆਂ ਹਨ। ਰਤਨ ਢਿੱਲੋਂ ਨੇ ਇੱਕ ਟਵੀਟ ਰਾਹੀਂ ਸੂਬੇ ਦੇ ਮੌਜੂਦਾ ਹਾਲਾਤ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਨੇ ਹੜ੍ਹਾਂ ਕਾਰਨ ਭਾਰੀ ਤਬਾਹੀ ਝੱਲੀ ਸੀ ਪਰ ਇਸ ਸਬਕ ਦੇ ਬਾਵਜੂਦ ਅਜੇ ਤੱਕ ਨਦੀਆਂ ਅਤੇ ਨਹਿਰਾਂ ਵਿੱਚੋਂ ਡੀ-ਸਿਲਟਿੰਗ (ਗਾਰ ਕੱਢਣਾ) ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਰਤਨ ਢਿੱਲੋਂ ਨੇ ਸਿਸਟਮ ਦੀ ਹਾਲਤ 'ਤੇ ਹੈਰਾਨੀ ਜਤਾਉਂਦਿਆਂ ਕਿਹਾ ਕਿ ਸੂਬਾ ਇੰਨਾ 'ਕੰਗਾਲ' ਅਤੇ 'ਬੇਵੱਸ' ਮਹਿਸੂਸ ਕਰ ਰਿਹਾ ਹੈ ਕਿ ਮੁੱਖ ਮੰਤਰੀ ਨੂੰ ਲੋਕਾਂ ਨੂੰ ਆਪਣੇ ਖ਼ਰਚੇ 'ਤੇ ਨਦੀਆਂ ਸਾਫ਼ ਕਰਨ ਲਈ ਕਹਿਣਾ ਪੈ ਰਿਹਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਪੰਜਾਬ ਕੋਲ ਮਾਨਸੂਨ ਵਰਗੀ ਆਫ਼ਤ ਨਾਲ ਨਜਿੱਠਣ ਲਈ ਕੋਈ ਫੰਡ, ਯੋਜਨਾਬੰਦੀ ਜਾਂ ਤਿਆਰੀ ਨਹੀਂ ਹੈ? ਸੂਬੇ ਦੇ ਮੌਜੂਦਾ ਹਾਲਾਤ ਨੂੰ ਉਨ੍ਹਾਂ ਨੇ ਬੇਹੱਦ 'ਦੁਖਦਾਈ ਅਤੇ ਚਿੰਤਾਜਨਕ' ਦੱਸਿਆ ਹੈ।
