'ਸੁਨੀਲ ਜਾਖੜ' ਨੇ ਲਾਈਵ ਹੋ ਕੇ ਕੀਤਾ ਵੱਡਾ ਧਮਾਕਾ, 'ਕਾਂਗਰਸ' ਨੂੰ ਕਿਹਾ Good Bye

05/14/2022 3:17:47 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਫੇਸਬੁੱਕ 'ਤੇ ਲਾਈਵ ਹੁੰਦਿਆਂ ਵੱਡਾ ਧਮਾਕਾ ਕਰ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਕਾਂਗਰਸ 'ਤੇ ਤਰਸ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੱਜ ਇਕ ਮੁੱਖ ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਦੈਪੁਰ 'ਚ ਲਾਇਆ ਗਿਆ ਚਿੰਤਨ ਕੈਂਪ ਅਸਲ 'ਚ ਚਿੰਤਾ ਵਾਲਾ ਕੈਂਪ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ 'ਚ ਚੋਣਾਂ ਦੇ ਸਮੇਂ ਹਰੀਸ਼ ਰਾਵਤ ਨੂੰ ਇਕ ਪਾਸੇ ਪੰਜਾਬ ਦਾ ਪ੍ਰਭਾਰੀ ਬਣਾ ਦਿੱਤਾ ਗਿਆ, ਦੂਜੇ ਪਾਸੇ ਉੱਤਰਾਖੰਡ 'ਚ ਚੋਣਾਂ ਸਨ।

ਇਹ ਵੀ ਪੜ੍ਹੋ : 'ਸੁਨੀਲ ਜਾਖੜ' ਅੱਜ ਕੱਢਣਗੇ ਮਨ ਦੀ ਭੜਾਸ, 12 ਵਜੇ ਫੇਸਬੁੱਕ 'ਤੇ ਹੋਣਗੇ ਲਾਈਵ

ਸੁਨੀਲ ਜਾਖੜ ਨੇ ਕਾਂਗਰਸ ਹਾਈਕਮਾਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਇਹ ਕਿਹਾ ਗਿਆ ਕਿ ਉਨ੍ਹਾਂ ਨੂੰ ਸਾਰੇ ਅਹੁਦਿਆਂ ਤੋਂ ਮੁਅੱਤਲ ਕੀਤਾ ਜਾਂਦਾ ਪਰ ਉਸ ਸਮੇਂ ਤਾਂ ਉਨ੍ਹਾਂ ਕੋਲ ਕੋਈ ਅਹੁਦਾ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਮੈਂ ਪਾਰਟੀ ਦੇ ਖ਼ਿਲਾਫ਼ ਗਿਆ ਸੀ ਤਾਂ ਫਿਰ ਮੈਨੂੰ ਪਾਰਟੀ 'ਚੋਂ ਕੱਢਿਆ ਕਿਉਂ ਨਹੀਂ ਗਿਆ। ਜਾਖੜ ਨੇ ਕਿਹਾ ਕਿ ਦਿਲ ਤੋੜਨ ਦਾ ਵੀ ਇਕ ਸਲੀਕਾ ਹੁੰਦਾ ਹੈ ਪਰ ਜਿਸ ਤਰ੍ਹਾਂ ਕਾਂਗਰਸ ਨੇ ਉਨ੍ਹਾਂ ਦਾ ਦਿਲ ਤੋੜਿਆ ਹੈ, ਇਹ ਤਾਂ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਮੈਂ ਜਿੱਥੇ ਹਾਂ, ਉੱਥੇ ਹੀ ਖੜ੍ਹਾ ਰਹਾਂਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮੈਨੂੰ ਨੋਟਿਸ ਤਾਂ ਦੇ ਦਿੱਤਾ ਪਰ ਨੋਟਿਸ ਦੇਣ ਦਾ ਕਾਰਨ ਤਾਂ ਦੱਸੋ, ਮੇਰਾ ਕਸੂਰ ਤਾਂ ਦੱਸੋ ਕੀ ਹੈ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਕਿਹਾ ਕਿ ਕਾਂਗਰਸ ਤੁਹਾਡੇ ਤੋਂ ਬਿਨਾਂ ਨਹੀਂ ਚੱਲ ਸਕਦੀ ਅਤੇ ਇਹ ਤੁਹਾਨੂੰ ਦੇਖਣਾ ਪਵੇਗਾ ਕਿ ਪਾਰਟੀ ਨੂੰ ਕਿਵੇਂ ਚਲਾਉਣਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਪੋਸਟਰ ਬੁਆਇਜ਼ 'ਸਿੱਧੂ-ਚੰਨੀ' ਕਾਂਗਰਸ ਦੇ ਚਿੰਤਨ ਕੈਂਪ ਤੋਂ ਗਾਇਬ, ਹਾਈਕਮਾਨ ਨੇ ਬਣਾਈ ਦੂਰੀ

ਇਸ ਮੌਕੇ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਬਹੁਤ ਚੰਗੇ ਇਨਸਾਨ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਥਾਂ 'ਤੇ ਕੋਈ ਹੋਰ ਵਿਅਕਤੀ ਹੁੰਦਾ ਤਾਂ ਇਹ ਤੋੜ-ਵਿਛੋੜਾ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਾਰਟੀ ਚਲਾਉਣ ਲਈ ਚਾਪਲੂਸ ਲੋਕਾਂ ਤੋਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਕਮਾਨ ਖ਼ੁਦ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਜਿਸ ਦਿਨ ਦਾ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ, ਉਸੇ ਦਿਨ ਤੋਂ ਉਨ੍ਹਾਂ ਦਾ ਕਾਂਗਰਸ ਨਾਲ ਰਿਸ਼ਤਾ ਖ਼ਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਚੰਗੇ ਵਿਅਕਤੀਆਂ ਨੂੰ ਪਛਾਨਣਾ ਪਵੇਗਾ। ਸੁਨੀਲ ਜਾਖੜ ਨੇ ਇਸ ਮੌਕੇ ਅੰਬਿਕਾ ਸੋਨੀ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਨੇ ਹਿੰਦੂਆਂ ਨੂੰ ਬਦਨਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਬਿਕਾ ਵੱਲੋਂ ਪੰਜਾਬ ਕਾਂਗਰਸ 'ਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵਿਦਿਆਰਥਣਾਂ ਨਾਲ ਰਾਤ ਨੂੰ ਘਟੀਆ ਹਰਕਤ ਕਰਦਾ ਸੀ ਸਰਕਾਰੀ ਸਕੂਲ ਦਾ ਅਧਿਆਪਕ, ਹੋਈ ਵੱਡੀ ਕਾਰਵਾਈ

ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਇਸ ਦਾ ਅੰਜਾਮ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦਾ ਕੀ ਸਟੈਂਡ ਹੈ। ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਇਆ ਗਿਆ ਅਤੇ ਫਿਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਫਿਰ ਪਾਰਟੀ ਇਸ ਕੋਸ਼ਿਸ਼ 'ਚ ਲੱਗੀ ਰਹੀ ਕਿ ਇਹ ਦੋਵੇਂ ਮਿਲ ਕੇ ਕੰਮ ਕਰਨ। ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਕਾਂਗਰਸ ਨੂੰ ਗੁੱਡ ਲੱਕ ਵੀ ਕਿਹਾ। ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਕਿ ਭਾਵੇਂ ਉਹ ਸਾਰੇ ਦੇਸ਼ 'ਚ ਸਿਆਸਤ ਕਰ ਲੈਣ ਪਰ ਪੰਜਾਬ ਨੂੰ ਬਖ਼ਸ਼ ਦੇਣ ਕਿਉਂਕਿ ਪੰਜਾਬ ਨੇ ਬਹੁਤ ਕਾਲੇ ਦਿਨ ਦੇਖੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬੇੜਾ ਗਰਕ ਦਿੱਲੀ ਬੈਠੇ ਉਨ੍ਹਾਂ ਆਗੂਆਂ ਨੇ ਕੀਤਾ ਹੈ, ਜਿਨ੍ਹਾਂ ਨੂੰ ਪੰਜਾਬ, ਪੰਜਾਬੀਆਂ ਅਤੇ ਸਿੱਖੀ ਬਾਰੇ ਕੁੱਝ ਵੀ ਪਤਾ ਨਹੀਂ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਪੰਜਾਬੀ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Babita

Content Editor

Related News