ਪੰਜਾਬ ''ਚ ਹੋਏ ਧਮਾਕਿਆਂ ਨੂੰ ਲੈ ਕੇ ਰਵਨੀਤ ਬਿੱਟੂ ਨੇ ਸਰਕਾਰ ''ਤੇ ਸਾਧਿਆ ਨਿਸ਼ਾਨਾ

Wednesday, May 06, 2026 - 04:54 PM (IST)

ਪੰਜਾਬ ''ਚ ਹੋਏ ਧਮਾਕਿਆਂ ਨੂੰ ਲੈ ਕੇ ਰਵਨੀਤ ਬਿੱਟੂ ਨੇ ਸਰਕਾਰ ''ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ (ਵੈੱਬ ਡੈਸਕ, ਅੰਕੁਰ ਤਾਂਗੜੀ) : ਪੰਜਾਬ ਦੀ ਸਿਆਸਤ 'ਚ ਇੱਕ ਵਾਰ ਫਿਰ ਤਿੱਖੀ ਬਿਆਨਬਾਜ਼ੀ ਦੇਖਣ ਨੂੰ ਮਿਲੀ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਬਿੱਟੂ ਨੇ ਆਪਣੇ ਬਿਆਨ 'ਚ ਸੁਰੱਖਿਆ ਮਾਮਲਿਆਂ ਤੋਂ ਲੈ ਕੇ ਸਿਆਸੀ ਹਾਲਾਤਾਂ ਤੱਕ ਕਈ ਗੰਭੀਰ ਮੁੱਦੇ ਉਠਾਏ। ਬਿੱਟੂ ਨੇ ਕਿਹਾ ਕਿ ਦੇਸ਼ ਦੇ ਲੋਕ ਤਿਰੰਗੇ ਨਾਲ ਪਿਆਰ ਕਰਦੇ ਹਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ’ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਾਲ ਹੀ 'ਚ ਹੋਏ 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਦੇਸ਼ ਭਰ 'ਚ ਖੁਸ਼ੀ ਦਾ ਮਾਹੌਲ ਸੀ ਪਰ ਦੂਜੇ ਪਾਸੇ ਵਿਰੋਧੀ ਤਾਕਤਾਂ ਇਸ ਖੁਸ਼ੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ।

ਉਨ੍ਹਾਂ ਨੇ ਦੋਸ਼ ਲਾਇਆ ਕਿ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਪੰਜਾਬ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਇਸ ਸਬੰਧ 'ਚ ਬਿੱਟੂ ਨੇ ਪੰਜਾਬ ਪੁਲਸ ਦੇ ਡੀ. ਜੀ. ਪੀ. ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੁਰੱਖਿਆ ਏਜੰਸੀਆਂ ਵੱਲੋਂ ਵੀ ਇਸ ਤਰ੍ਹਾਂ ਦੇ ਖ਼ਤਰੇ ਦੀ ਪੁਸ਼ਟੀ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਬਿੱਟੂ ਨੇ ਕਿਹਾ ਕਿ ਉਹ ਗੰਭੀਰ ਮਸਲਿਆਂ ਨੂੰ ਸਮਝਣ ਦੀ ਬਜਾਏ ਸਿਰਫ਼ ਚੁਟਕਲੇਬਾਜ਼ੀ ਅਤੇ ਡਰਾਮੇਬਾਜ਼ੀ 'ਚ ਲੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਹਨ ਅਤੇ ਇਸ ਸਮੇਂ ਇੱਕ ਜ਼ਿੰਮੇਵਾਰ ਅਗਵਾਈ ਦੀ ਲੋੜ ਹੈ।

ਬਿੱਟੂ ਨੇ ਮੁੱਖ ਮੰਤਰੀ ਮਾਨ ਨੂੰ ਚੁਣੌਤੀ ਵੀ ਦਿੱਤੀ ਕਿ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਭਾਜਪਾ ਦੇ ਆਗੂ ਜਾਂ ਵਰਕਰ ਕਿਸੇ ਗਲਤ ਗਤੀਵਿਧੀ 'ਚ ਸ਼ਾਮਲ ਹਨ ਤਾਂ ਪੁਲਸ ਨੂੰ ਖੁੱਲ੍ਹ ਕੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਤਰ੍ਹਾਂ ਦੀ ਕਿਸੇ ਵੀ ਜਾਂਚ ਤੋਂ ਡਰਦੀ ਨਹੀਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ ਅਤੇ ਸਰਕਾਰ ਇਸ ਨੂੰ ਸੰਭਾਲਣ 'ਚ ਨਾਕਾਮ ਰਹੀ ਹੈ। ਦੂਜੇ ਪਾਸੇ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਦਿੱਲੀ ਤੋਂ ਕੰਟਰੋਲ ਹੋ ਰਹੀ ਪ੍ਰਣਾਲੀ ਕਾਰਨ ਸੂਬੇ ਦੇ ਅਧਿਕਾਰੀਆਂ ਅਤੇ ਸਰਕਾਰ 'ਚ ਤਾਲਮੇਲ ਦੀ ਕਮੀ ਹੈ।


author

Babita

Content Editor

Related News