DGP ਪੰਜਾਬ ਨੂੰ ਮਿਲਿਆ ਭਾਜਪਾ ਦਾ ਵਫ਼ਦ, ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ
Thursday, May 07, 2026 - 04:43 PM (IST)
ਚੰਡੀਗੜ੍ਹ : ਪੰਜਾਬ ਭਾਜਪਾ ਦੇ ਇਕ ਵਫ਼ਦ ਵਲੋਂ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਡੀ. ਜੀ. ਪੀ. ਪੰਜਾਬ ਨਾਲ ਮੁਲਾਕਾਤ ਕੀਤੀ ਗਈ। ਜਲੰਧਰ ਅਤੇ ਅੰਮ੍ਰਿਤਸਰ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਵਫ਼ਦ ਵਲੋਂ ਇਹ ਮੁਲਾਕਾਤ ਕੀਤੀ ਗਈ। ਦਰਅਸਲ ਭਾਜਪਾ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਾਏ ਗਏ ਇਲਜ਼ਾਮਾਂ ਤੋਂ ਨਾਰਾਜ਼ ਚੱਲ ਰਹੀ ਹੈ, ਜਿਸ ਦੇ ਮੱਦੇਨਜ਼ਰ ਅੱਜ ਭਾਜਪਾ ਦਾ ਵਫ਼ਦ ਡੀ. ਜੀ. ਪੀ. ਦਫ਼ਤਰ ਪੁੱਜਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇਹ ਅੱਤਵਾਦ ਦਾ ਮੁੱਦਾ ਹੈ ਅਤੇ ਅਸੀਂ ਸਰਕਾਰ ਕੋਲ ਰਿਪੋਰਟ ਦਰਜ ਕਰਵਾਉਣ ਆਏ ਹਾਂ। ਇਸ ਮੁੱਦੇ ਦਾ ਰਾਜਨੀਤੀਕਰਨ ਨਾ ਕੀਤਾ ਜਾਵੇ। ਉਨ੍ਹਾਂ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਨਿਸ਼ਾਨਾ ਸਾਧਿਆ। ਮੁੱਖ ਮੰਤਰੀ ਵਲੋਂ ਇਨ੍ਹਾਂ ਧਮਾਕਿਆਂ ਪਿੱਛੇ ਭਾਜਪਾ ਦਾ ਹੱਥ ਹੋਣ ਦੇ ਬਿਆਨਾਂ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਇਹ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਸਾਜ਼ਿਸ਼ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬੰਬ ਚਲਾਉਣ ਵਾਲੇ ਹਾਂ ਤਾਂ ਸਾਨੂੰ ਗ੍ਰਿਫ਼ਤਾਰ ਕਰੋ ਅਤੇ ਅਸੀਂ ਇੱਥੇ ਗ੍ਰਿਫ਼ਤਾਰੀਆਂ ਦੇਣ ਆਏ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਕਿਸੇ ਵੀ ਹਾਲਤ 'ਚ ਭੰਗ ਨਹੀਂ ਕਰਨ ਦਿੱਤਾ ਜਾਵੇਗਾ।
