ਪੰਜਾਬ ''ਚ ਹਿੰਦੂ-ਸਿੱਖ ਏਕਤਾ ਨੂੰ ਨਹੀਂ ਕੋਈ ਖਤਰਾ, ਬਾਦਲ ਭੜਕਾਊ ਬਿਆਨਬਾਜ਼ੀ ਤੋਂ ਕਰਨ ਪ੍ਰਹੇਜ਼: ਜਾਖੜ

09/11/2018 11:24:52 AM

ਜਲੰਧਰ (ਚੋਪੜਾ)— ਪੰਜਾਬ 'ਚ ਹਿੰਦੂ-ਸਿੱਖ ਏਕਤਾ ਨੂੰ ਕੋਈ ਖਤਰਾ ਨਹੀਂ ਹੈ ਅਤੇ ਸਿੱਖ ਹੋਣ ਕਾਰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਰਗੇ ਸੀਨੀਅਰ ਆਗੂ ਅਜਿਹੀ ਭੜਕਾਊ ਬਿਆਨਬਾਜ਼ੀ ਤੋਂ ਪ੍ਰਹੇਜ਼ ਕਰਨ। ਉਕਤ ਸ਼ਬਦ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੈਟਰੋਲ ਦੀ ਸੈਂਚੁਰੀ ਮਾਰਨ ਨੂੰ ਤਿਆਰ ਹੈ, ਜੇਕਰ ਇਸ ਨੂੰ ਰੋਕਣਾ ਹੈ ਤਾਂ ਟੀਮ ਇੰਡੀਆ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਵਿਕਟ ਲੈਣੀ ਹੀ ਪਵੇਗੀ।

ਕਾਂਗਰਸ 'ਤੇ ਹਿੰਦੂ-ਸਿੱਖ ਏਕਤਾ 'ਚ ਤਰੇੜ ਪਾਉਣ ਦੀਆਂ ਕੋਸ਼ਿਸ਼ਾਂ ਦੇ ਦੋਸ਼ ਸਬੰਧੀ ਜਾਖੜ ਨੇ ਕਿਹਾ ਕਿ ਪੰਜਾਬ 'ਚ ਹਿੰਦੂ, ਸਿੱਖ, ਮੁਸਲਿਮ, ਈਸਾਈ ਸਾਰੇ ਧਰਮ ਅੱਜ ਚਿੰਤਤ ਹਨ ਕਿ ਕਿਤੇ ਗੈਰ-ਸਮਾਜਿਕ ਤੱਤ ਬਹਿਬਲ ਕਲਾਂ ਕਾਂਡ ਤੋਂ ਧਿਆਨ ਹਟਾ ਕੇ ਪੰਜਾਬ 'ਚ ਫਿਰ ਤੋਂ ਕੋਈ ਗਲਤ ਕੰਮ ਨਾ ਸ਼ੁਰੂ ਕਰਵਾ ਦੇਣ। ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ, ਬੁਲਾਰੇ ਤਰੁਣ ਚੁੱਘ ਸਣੇ ਕਈ ਆਗੂਆਂ ਨੇ ਬਿਆਨ ਦਿੱਤੇ ਹਨ ਕਿ ਗੁਨਾਹਗਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਯੂ-ਟਿਊਬ 'ਤੇ ਅਪਲੋਡ ਇਕ ਵੀਡੀਓ 'ਚ ਕਿਹਾ ਕਿ ਪੰਥ ਅਤੇ ਅਕਾਲੀ ਦਲ ਨੂੰ ਕੋਈ ਖਤਰਾ ਨਹੀਂ, ਖਤਰਾ ਤਾਂ ਸਿਰਫ ਬਾਦਲਾਂ ਨੂੰ ਹੈ ਅਤੇ ਉਹ ਜਨਤਾ ਨੂੰ ਸਫਾਈ ਦੇਣ।

ਜਾਖੜ ਨੇ ਦੱਸਿਆ ਕਿ ਮੈਨੂੰ ਹੁਣ 2 ਚੈਲੰਜ ਮਿਲੇ ਹਨ। ਇਕ ਅਨਿਲ ਅੰਬਾਨੀ ਨੇ ਮੈਨੂੰ ਨੋਟਿਸ ਭੇਜਿਆ ਤਾਂ ਕਿ ਮੈਂ ਰਾਫੇਲ ਮਾਮਲੇ 'ਤੇ ਬੋਲਣਾ ਬੰਦ ਕਰਾਂ ਪਰ ਉਨ੍ਹਾਂ ਨੇ ਸੰਸਦ ਦੇ ਅੰਦਰ ਅਤੇ ਬਾਹਰ ਰਾਫੇਲ ਸਮਝੌਤੇ ਦੇ ਮਾਮਲੇ 'ਚ ਇਲਜ਼ਾਮ ਲਗਾਉਣ ਵਾਲੇ ਰਾਹੁਲ ਗਾਂਧੀ ਨੂੰ ਨੋਟਿਸ ਨਹੀਂ ਭੇਜਿਆ। ਉਥੇ ਹੀ ਸੁਖਬੀਰ ਮੈਨੂੰ ਅੰਦਰ ਕਰਨ ਦੀਆਂ ਗੱਲਾਂ ਕਰ ਰਹੇ ਹਨ ਪਰ ਉਹ ਵਿਧਾਨ ਸਭਾ 'ਚ ਬਾਦਲਾਂ ਖਿਲਾਫ ਬੋਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਨਹੀਂ ਕਹਿ ਰਹੇ।

ਐੈੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ। ਪੰਜਾਬ 'ਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਕੈ. ਅਮਰਿੰਦਰ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ। ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੋਦੀ ਸਰਕਾਰ ਦੇ ਕਾਰਜਕਾਲ 'ਚ ਪੈਟਰੋਲੀਅਮ ਪਦਾਰਥਾਂ 'ਤੇ ਸੈਂਟਰਲ ਐਕਸਾਈਜ਼ ਡਿਊਟੀ ਦੀ ਆੜ 'ਚ 13 ਲੱਖ ਕਰੋੜ ਰੁਪਏ ਦੀ ਲੁੱਟ ਹੋਈ। ਉਨ੍ਹਾਂ ਨੂੰ ਖਦਸ਼ਾ ਹੈ ਕਿ ਇਕੱਠੇ ਕੀਤੇ ਲੱਖਾਂ-ਕਰੋੜਾਂ ਰੁਪਏ ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ਚੋਣਾਂ 'ਚ ਖਰਚ ਕਰਨਗੇ।


Related News