ਜਾਖੜ ਨੇ ਬਟਾਲਾ ਕਤਲ ਦੇ ਸਿਆਸੀਕਰਨ ਲਈ ਅਕਾਲੀ ਲੀਡਰਸ਼ਿਪ ''ਤੇ ਬੋਲਿਆ ਹੱਲਾ

Monday, Nov 25, 2019 - 05:49 PM (IST)

ਜਾਖੜ ਨੇ ਬਟਾਲਾ ਕਤਲ ਦੇ ਸਿਆਸੀਕਰਨ ਲਈ ਅਕਾਲੀ ਲੀਡਰਸ਼ਿਪ ''ਤੇ ਬੋਲਿਆ ਹੱਲਾ

ਜਲੰਧਰ (ਧਵਨ) : ਪੰਜਾਬ 'ਚ ਸੱਤਾਧਾਰੀ ਕਾਂਗਰਸ ਵਲੋਂ 25 ਨਵੰਬਰ ਨੂੰ ਸੂਬੇ ਭਰ 'ਚ ਬਲਾਕ ਪੱਧਰ 'ਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪੰਜਾਬ 'ਚ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ, ਜੀ. ਡੀ. ਪੀ. ਦੀਆਂ ਦਰਾਂ ਵਿਚ ਲਗਾਤਾਰ ਗਿਰਾਵਟ ਤੇ ਹੋਰਨਾਂ ਲੋਕ ਵਿਰੋਧੀ ਫੈਸਲਿਆਂ ਦੇ ਖਿਲਾਫ ਪਹਿਲਾਂ ਵੀ ਇਕ ਮਹੀਨਾ ਜ਼ਿਲਾ ਸਦਰ ਮੁਕਾਮਾਂ 'ਤੇ ਮੁਜ਼ਾਹਰੇ ਕੀਤੇ ਸਨ, ਜਿਸ 'ਚ ਦੇਸ਼ 'ਚ ਛਾਈ ਆਰਥਿਕ ਮੰਦੀ, ਮਹਿੰਗਾਈ ਅਤੇ ਬੇਰੋਜ਼ਗਾਰੀ ਦੇ ਮੁੱਦਿਆਂ ਨੂੰ ਚੁੱਕਿਆ ਗਿਆ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਆਗੂਆਂ ਅਤੇ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ ਸੋਮਵਾਰ ਨੂੰ ਦਿੱਤੇ ਜਾਣ ਵਾਲੇ ਬਲਾਕ ਪੱਧਰੀ ਧਰਨਿਆਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਵਲੋਂ ਨੋਟਬੰਦੀ ਕੀਤੇ ਜਾਣ ਤੋਂ ਬਾਅਦ ਆਰਥਿਕ ਸਥਿਤੀ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਅੱਜ ਦੇਸ਼ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਬਾਜ਼ਾਰ ਵਿਚ ਖਪਤਕਾਰ ਵਸਤਾਂ ਦੀ ਮੰਗ ਡਿੱਗ ਚੁੱਕੀ ਹੈ। ਬੇਰੋਜ਼ਗਾਰੀ ਦੇਸ਼ ਵਿਚ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨਾਲ ਨੌਜਵਾਨਾਂ ਅੰਦਰ ਨਿਰਾਸ਼ਾ ਦੀ ਸਥਿਤੀ ਪਾਈ ਜਾ ਰਹੀ ਹੈ। ਸਨਅਤਾਂ ਅਤੇ ਕਾਰੋਬਾਰ ਬੰਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਜੀ. ਐੱਸ. ਟੀ. ਦਾ ਬਕਾਇਆ ਅਦਾ ਕਰਨ 'ਚ ਨਾਕਾਮ ਰਹੀ ਹੈ।

ਢਿੱਲਵਾਂ ਦੇ ਕਤਲ 'ਤੇ ਅਕਾਲੀ ਕਰ ਰਹੇ ਨੇ ਸਿਆਸਤ
ਉਨ੍ਹਾਂ ਅਕਾਲੀ ਲੀਡਰਸ਼ਿਪ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਬਟਾਲਾ 'ਚ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਬਾਰੇ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਕਤਲ ਕਾਂਡ ਦੀ ਨਿਖੇਧੀ ਕਰਦੀ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਨਹੀਂ ਦਿੱਤਾ ਜਾਵੇਗਾ। ਪੁਲਸ ਨੇ ਪਹਿਲਾਂ ਹੀ 7 ਲੋਕਾਂ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302 ਅਤੇ ਅਸਲਾ ਕਾਨੂੰਨ ਦੇ ਅਧੀਨ ਮੁਕੱਦਮਾ ਦਰਜ ਕੀਤਾ ਹੋਇਆ ਹੈ।

ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਇਸ ਵਿਚ ਕਿਸੇ ਵੀ ਸਿਆਸੀ ਆਗੂ ਦਾ ਹੱਥ ਨਹੀਂ ਹੈ ਪਰ ਨਾਲ ਹੀ ਇਹ ਗੱਲ ਮੰਦਭਾਗੀ ਹੈ ਕਿ ਅਕਾਲੀ ਦਲ ਦੇ ਆਗੂਆਂ ਵਲੋਂ ਅਜਿਹੀਆਂ ਮੁਜਰਮਾਨਾ ਘਟਨਾਵਾਂ ਤੋਂ ਸਿਆਸੀ ਲਾਭ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ ਸਰਕਾਰ ਦੇ ਸਮੇਂ ਤੋਂ ਰੋਜ਼ਾਨਾ ਹੀ ਕਤਲ ਹੁੰਦੇ ਸਨ ਅਤੇ ਸਾਬਕਾ ਅਕਾਲੀ ਸਰਕਾਰ ਦੇ ਸਮੇਂ ਬਰਗਾੜੀ ਸਣੇ ਅਨੇਕਾਂ ਥਾਵਾਂ 'ਤੇ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ਹੋਈਆਂ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ ਬਰਗਾੜੀ ਕਾਂਡ ਤੋਂ ਆਪਣੇ ਬਚਾਅ ਲਈ ਇਹ ਮਾਮਲਾ ਸੀ. ਬੀ. ਆਈ. ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸਾਬਕਾ ਅਕਾਲੀ ਸਰਕਾਰ ਸਮੇਂ ਵੀ ਕਾਂਗਰਸੀ ਆਗੂਆਂ ਤੇ ਕਾਰਕੁੰਨਾਂ 'ਤੇ ਝੂਠੇ ਮੁਕੱਦਮੇ ਦਾਇਰ ਕੀਤੇ ਗਏ ਅਤੇ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਨੇ 4500 ਝੂਠੇ ਮਾਮਲੇ ਮਨਸੂਖ ਕਰਨ ਦੀ ਸਿਫਾਰਸ਼ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜਨਤਾ ਹੁਣ ਅਕਾਲੀ ਦਲ ਤੋਂ ਗੁੰਮਰਾਹ ਹੋਣ ਵਾਲੀ ਨਹੀਂ ਹੈ।


author

Anuradha

Content Editor

Related News