ਅਕਾਲੀ ਦਲ ਤੇ ਭਾਜਪਾ ਦੇ ਆਪਸੀ ਰਿਸ਼ਤੇ ਹੀ ਠੀਕ ਨਹੀਂ ਤਾਂ ਉਹ ਪੰਜਾਬ ਦਾ ਕੀ ਭਲਾ ਕਰਨਗੇ : ਜਾਖੜ

10/11/2019 3:26:43 PM

ਜਲੰਧਰ (ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਰਾਜ 'ਚ ਅਕਾਲੀ ਦਲ ਅਤੇ ਭਾਜਪਾ ਦੇ ਆਪਸੀ ਰਿਸ਼ਤੇ ਹੀ ਠੀਕ ਨਹੀਂ ਹਨ ਤਾਂ ਫਿਰ ਉਹ ਪੰਜਾਬ ਦਾ ਭਲਾ ਕਿਸ ਤਰ੍ਹਾਂ ਨਾਲ ਕਰ ਸਕਦੇ ਹਨ। ਜਾਖੜ ਨੇ ਕਿਹਾ ਕਿ ਰਾਜ 'ਚ 4 ਵਿਧਾਨ ਸਭਾ ਹਲਕਿਆਂ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਭਾਵੇਂ ਅਕਾਲੀ ਦਲ ਅਤੇ ਭਾਜਪਾ ਮਿਲ ਕੇ ਚੱਲਣ ਦਾ ਵਿਖਾਵਾ ਜਨਤਾ ਦੇ ਸਾਹਮਣੇ ਕਰ ਰਹੇ ਹਨ ਪਰ ਹਕੀਕਤ ਇਹ ਹੈ ਕਿ ਦੋਵੇਂ ਪਾਰਟੀਆਂ ਦੇ ਆਗੂਆਂ ਅਤੇ ਕਾਰਕੁੰਨਾਂ ਦੇ ਮਨਾਂ 'ਚ ਤ੍ਰੇੜਾਂ ਆ ਚੁੱਕੀਆਂ ਹਨ, ਜਿਹੜੀਆਂ ਹੁਣ ਭਰਨ ਵਾਲੀਆਂ ਨਹੀਂ ਹਨ। ਅਜਿਹੀ ਸਥਿਤੀ 'ਚ ਇਨ੍ਹਾਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ ਹੈ। ਜਾਖੜ ਨੇ ਰਾਜ 'ਚ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਰਾਜਸੀ ਮੀਟਿੰਗਾਂ 'ਚ ਹਿੱਸਾ ਲੈਂਦੇ ਹੋਏ ਅਕਾਲੀ-ਭਾਜਪਾ ਗਠਜੋੜ ਦੇ ਆਗੂਆਂ 'ਤੇ ਦੱਬ ਕੇ ਰਾਜਸੀ ਹਮਲੇ ਕੀਤੇ। ਉਨ੍ਹਾਂ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਵੀ ਸਨ।

ਜਾਖੜ ਨੇ ਕਿਹਾ ਕਿ ਇਕ ਪਾਸੇ ਤਾਂ ਅਕਾਲੀ ਦਲ ਦੇ ਆਗੂ ਹਰਿਆਣਾ 'ਚ ਭਾਜਪਾ ਨਾਲ ਤਾਲਮੇਲ ਤੋੜ ਲੈਂਦੇ ਹਨ ਪਰ ਪੰਜਾਬ 'ਚ ਉਹ ਕੁਰਸੀ ਨੂੰ ਬਚਾਈ ਰੱਖਣ ਲਈ ਭਾਜਪਾ ਦਾ ਲੜ ਫੜ ਕੇ ਚੱਲ ਰਹੇ ਹਨ ਪਰ ਜਿਸ ਤਰ੍ਹਾਂ ਦੋਵਾਂ ਪਾਰਟੀਆਂ ਦੇ ਦਰਮਿਆਨ ਮਾਨਸਿਕ ਤੌਰ 'ਤੇ ਪਾੜਾ ਪੈ ਗਿਆ ਹੈ, ਨੂੰ ਦੇਖਦਿਆਂ ਇਹ ਗੱਠਜੋੜ ਲੰਮੇ ਸਮੇਂ ਤੱਕ ਚੱਲਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਹਿੱਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ 'ਚ ਸੁਰੱਖਿਅਤ ਹਨ, ਜਿਨ੍ਹਾਂ ਨੇ ਸੱਤਾ 'ਚ ਆਉਣ ਤੋਂ ਬਾਅਦ ਜਿਥੇ ਇਕ ਪਾਸੇ ਨਸ਼ੇ ਦੇ ਸਮੱਗਲਰਾਂ ਖ਼ਿਲਾਫ਼ ਸਖ਼ਤੀ ਨਾਲ ਕੰਮ ਕੀਤਾ ਹੈ, ਉੱਥੇ ਦੂਜੇ ਪਾਸੇ ਕਿਸਾਨਾਂ ਦਾ ਕ਼ਰਜ਼ਾ ਮੁਆਫ਼ ਕੀਤਾ ਹੈ ਅਤੇ ਹੁਣ ਉਹ ਘਰ-ਘਰ ਰੋਜ਼ਗਾਰ ਦੇ ਵਾਅਦੇ ਨੂੰ ਪੂਰਾ ਕਰਨ ਲਈ ਵੱਖ-ਵੱਖ ਜ਼ਿਲਿਆਂ 'ਚ ਰੋਜ਼ਗਾਰ ਮੇਲੇ ਆਯੋਜਿਤ ਕਰ ਰਹੇ ਹਨ।
 


Anuradha

Content Editor

Related News