ਸੁਨੀਲ ਜਾਖੜ ਨੇ ਨਰਿੰਦਰ ਮੋਦੀ ''ਤੇ ਕਿਸਾਨੀ ਮਾਮਲਿਆਂ ਨੂੰ ਲੈ ਕੇ ਬੋਲਿਆ ਹਮਲਾ
Tuesday, Apr 16, 2019 - 01:56 PM (IST)

ਜਲੰਧਰ/ਕਾਦੀਆਂ (ਧਵਨ) : ਪੰਜਾਬ ਕਾਂਗਰਸ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕਿਸਾਨੀ ਮਾਮਲਿਆਂ ਨੂੰ ਲੈ ਕੇ ਵੱਡਾ ਹਮਲਾ ਬੋਲਿਆ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਨੇ 2014 'ਚ ਸੱਤਾ 'ਚ ਆਉਣ ਤੋਂ ਪਹਿਲਾਂ ਦੇਸ਼ ਭਰ 'ਚ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਝਾਂਸਾ ਦਿੱਤਾ ਸੀ ਅਤੇ ਬਾਅਦ 'ਚ ਸੰਸਦ 'ਚ ਐਲਾਨ ਕੀਤਾ ਸੀ ਕਿ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰ ਦਿੱਤਾ ਜਾਵੇਗਾ। ਪਿਛਲੇ ਪੰਜ ਸਾਲਾਂ 'ਚ ਇਕ ਵੀ ਕਿਸਾਨ ਦਾ ਕਰਜ਼ਾ ਪ੍ਰਧਾਨ ਮੰਤਰੀ ਮੋਦੀ ਮੁਆਫ ਨਹੀਂ ਕਰ ਸਕੇ ਅਤੇ ਨਾ ਹੀ ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ। ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਐਲਾਨ ਵੀ ਸਿਰਫ ਝਾਂਸਾ ਬਣ ਕੇ ਰਹਿ ਗਿਆ। ਉਨ੍ਹਾਂ ਨੇ ਅੱਜ ਅਨੇਕਾਂ ਰੈਲੀਆਂ 'ਚ ਹਿੱਸਾ ਲੈਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਦਾ ਕਾਰਜਕਾਲ ਦੇਸ਼ ਦੇ ਇਤਿਹਾਸ 'ਚ ਕਾਲੇ ਧੱਬੇ ਦੇ ਰੂਪ 'ਚ ਰਹੇਗਾ।
ਜਾਖੜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਵੱਡੀਆਂ ਕੰਪਨੀਆਂ ਦਾ 6 ਲੱਖ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਸਕਦੀ ਹੈ ਪਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਉਸ ਦੇ ਕੋਲ ਪੈਸੇ ਨਹੀਂ ਹਨ। ਇਸ ਦੇ ਉਲਟ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਕਾਂਗਰਸ ਸਰਕਾਰਾਂ ਨੇ ਗਰੀਬ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਦਿਸ਼ਾ 'ਚ ਕਦਮ ਜ਼ਰੂਰ ਵਧਾਏ ਹਨ। ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਦੇ ਮਾਮਲੇ 'ਚ ਵੀ ਮੋਦੀ ਸਰਕਾਰ ਦੇਸ਼ ਦੀ ਆਮ ਜਨਤਾ ਨੂੰ ਕੁਝ ਵੀ ਰਾਹਤ ਦੇਣ 'ਚ ਸਫਲ ਨਹੀਂ ਹੋਈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਵੀ ਕਾਫੀ ਜ਼ਿਆਦਾ ਹਨ ਜਦਕਿ ਯੂ. ਪੀ. ਏ. ਸਰਕਾਰ ਦੇ ਸਮੇਂ ਮਹਿੰਗਾਈ ਦੀ ਦੁਹਾਈ ਦੇਣ ਵਾਲੀ ਭਾਜਪਾ ਨੇ ਪੂਰੀ ਚੁੱਪ ਧਾਰੀ ਹੋਈ ਹੈ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਗਰੀਬਾਂ ਦੇ ਲਈ ਐਲਾਨੀ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜਿਹੜੇ ਪਰਿਵਾਰਾਂ ਨੂੰ ਸਾਲਾਨਾ 72000-72000 ਰੁਪਏ ਦੀ ਰਕਮ ਮਿਲੇਗੀ, ਉਨ੍ਹਾਂ ਲਈ ਇਹ ਰਾਸ਼ੀ ਕਾਫੀ ਜ਼ਿਆਦਾ ਹੋਵੇਗੀ ਅਤੇ ਇਨ੍ਹਾਂ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਉਠੇਗਾ।