ਅਕਾਲੀਆਂ ਦੇ ਸਮਝੌਤਿਆਂ ਨੇ ਆਉਣ ਵਾਲੀਆਂ ਪੀੜੀਆਂ ਦਾਅ ''ਤੇ ਲਾਈਆਂ : ਜਾਖੜ

Sunday, Feb 09, 2020 - 06:25 PM (IST)

ਮਾਨਸਾ (ਸੰਦੀਪ ਮਿੱਤਲ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਉਹ ਪਿੱਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ ਵਿਰੋਧੀ ਸਮਝੌਤੇ ਕਰਕੇ ਲਗਾਏ ਗਏ ਥਰਮਲਾਂ ਵਿਚ ਨਿਕਲਦੀ ਮਨੁੱਖਤਾ ਮਾਰੂ ਰਾਖ ਦੇ ਮੁੱਦੇ ਨੂੰ ਪੰਜਾਬ ਸਰਕਾਰ ਅੰਜਾਮ ਤੱਕ ਪਹੁੰਚਾਏਗੀ। ਉਹ ਅੱਜ ਇੱਥੇ ਮਾਨਸਾ ਜ਼ਿਲੇ ਦੇ ਪਿੰਡ ਰਾਏਪੁਰ ਵਿਚ ਥਰਮਲ ਪਲਾਂਟ ਬਣਾਂਵਾਲੀ ਦੀ ਰਾਖ ਤੋਂ ਦੁਖੀ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਪੁੱਜੇ ਸਨ। ਇਸ ਮੌਕੇ ਲੋਕਾਂ ਨੇ ਵਿਸਥਾਰ ਨਾਲ ਥਰਮਲ ਦੇ ਪ੍ਰਦੂਸ਼ਣ ਤੋਂ ਉਨ੍ਹਾਂ ਦੀ ਸਿਹਤ ਅਤੇ ਫਸਲਾਂ 'ਤੇ ਪੈ ਰਹੇ ਮਾੜੇ ਅਸਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਥਰਮਲ ਦਾ ਪ੍ਰਦੂਸ਼ਣ ਇਲਾਕੇ ਦੇ ਵਾਤਾਵਰਣ ਨੂੰ ਬਹੁਤ ਬੁਰੀ ਤਰ੍ਹਾਂ ਪਲੀਤ ਕਰ ਰਿਹਾ ਹੈ। ਪੀੜਤਾਂ ਨੇ ਦੱਸਿਆ ਕਿ ਇਲਾਕੇ ਦੇ ਲੋਕ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਹੋ ਰਹੇ ਹਨ। ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਜਾਖੜ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਅਜਿਹੇ ਸਮਝੌਤੇ ਕਰਕੇ ਗਈ ਹੈ ਕਿ ਉਸ ਨੇ ਸਾਡੀਆਂ ਅਗਲੀਆਂ ਪੀੜੀਆਂ ਦਾ ਭਵਿੱਖ ਹੀ ਦਾਅ 'ਤੇ ਲਗਾ ਦਿੱਤਾ ਹੈ। ਇਨ੍ਹਾਂ ਥਰਮਲਾਂ ਤੋਂ ਬਹੁਤ ਮਹਿੰਗੀ ਬਿਜਲੀ ਲੈਣੀ ਮਜਬੂਰੀ ਬਣਾ ਦਿੱਤੀ ਗਈ ਜਿਸ ਨਾਲ ਰਾਜ ਦਾ ਅਰਥਚਾਰਾ ਤਬਾਹ ਹੋ ਰਿਹਾ ਹੈ ਅਤੇ ਖਪਤਕਾਰਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ ਜਦ ਕਿ ਕੌਮੀ ਬਿਜਲੀ ਬਾਜ਼ਾਰ ਵਿਚ ਇਸ ਤੋਂ ਕਿਤੇ ਸਸਤੀ ਬਿਜਲੀ ਮਿਲ ਰਹੀ ਹੈ। 

ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਉਨ੍ਹਾਂ ਦੀ ਮਾਲਕੀ ਵਾਲੇ ਚੈਨਲ ਨੂੰ ਇਕ ਸਮਝੌਤੇ ਰਾਹੀਂ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਦੇ ਕੇ ਸਰਵ ਸਾਂਝੀ ਗੁਰਬਾਣੀ ਨੂੰ ਵੀ ਕਿਸੇ ਚੈਨਲ ਦੀ ਮਲਕੀਅਤ ਬਣਾਉਣ ਦੀ ਕੋਝੀ ਸਾਜ਼ਿਸ ਸੁਖਬੀਰ ਸਿੰਘ ਬਾਦਲ ਕਰ ਗਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਿਸਾਨ ਦੇ ਘਰ ਪੈਦਾ ਹੋਏ ਪਰ ਉਹ ਅਸਲ ਵਿਚ ਇਕ ਵਪਾਰੀ ਹੈ ਜੋ ਅਜਿਹੇ ਕੰਟਰੈਕਟ ਕਰ ਗਏ ਕਿ ਸਾਡਾ ਭਵਿੱਖ ਹੀ ਸਮਝੌਤਿਆਂ ਵਿਚ ਬੰਦ ਹੋ ਗਾ। ਜਾਖੜ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕੀਤੇ ਕਾਨੂੰਨੀ ਸਮਝੌਤਿਆਂ ਕਾਰਨ ਇਹ ਥਰਮਲ ਬੰਦ ਕਰਨਾ ਸੰਭਵ ਨਹੀਂ ਸੀ ਪਰ ਹੁਣ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੋਟਿਸ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਜਿਸ ਵਿਚ ਕਿਹਾ ਗਿਆ ਸੀ ਕਿ ਦਿੱਲੀ ਦੇ 300 ਕਿਲੋਮਿਟਰ ਦੀ ਰੇਂਜ ਵਿਚ ਲੱਗੇ ਥਰਮਲਾਂ ਵਿਚ ਪ੍ਰਦੂਸ਼ਣ ਰੋਕੂ ਤਕਨੀਕ ਲਾਗੂ ਕਰਨੀ ਲਾਜ਼ਮੀ ਕੀਤੀ ਗਈ ਸੀ। ਹੁਕਮਾਂ ਅਨੁਸਾਰ ਇਹ ਕੰਮ 31 ਦਸੰਬਰ 2019 ਤੱਕ ਕਰਨਾ ਸੀ ਪਰ ਮਾਨਸਾ ਜ਼ਿਲੇ ਵਿਚ ਲੱਗੇ ਥਰਮਲ ਵਿਚ ਇਹ ਯੰਤਰ ਨਹੀਂ ਲਗਾਏ ਗਏ ਹਨ ਜਿਸ ਆਧਾਰ 'ਤੇ ਹੁਣ ਇਨ੍ਹਾਂ ਨੂੰ ਨਿਯੰਤਰਣ ਕਰਨਾ ਕਾਨੂੰਨੀ ਤੌਰ 'ਤੇ ਸੰਭਵ ਹੋਇਆ ਹੈ। 

ਉਨ੍ਹਾਂ ਨੇ ਇਨ੍ਹਾਂ ਥਰਮਲਾਂ ਨੂੰ ਪੰਜਾਬ ਦਾ ਨਸੂਰ ਦੱਸਦਿਆਂ ਕਿਹਾ ਕਿ ਉਹ ਲੋਕਾਂ ਦਾ ਇਹ ਦਰਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਲੈ ਕੇ ਜਾਣਗੇ। ਉਨ੍ਹਾਂ ਯਕੀਨ ਦੁਆਇਆ ਕਿ ਲੋਕਾਂ ਦੀ ਆਵਾਜ਼ ਸੁਣੀ ਜਾਵੇਗੀ। ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਮੰਗਤ ਰਾਏ ਬਾਂਸਲ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ, ਸਾਬਕਾ ਜ਼ਿਲਾ ਪ੍ਰਧਾਨ ਬਠਿੰਡਾ ਖੁਸ਼ਬਾਜ ਸਿੰਘ ਜਟਾਣਾ, ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਗੋਰਾ, ਸਰਪੰਚ ਜਗਦੀਪ ਬੁਰਜ ਢਿੱਲਵਾਂ, ਸਰਪੰਚ ਗੁਰਵਿਦਰ ਸਿਘ ਪੰਮੀ, ਸਰਪੰਚ ਕੁਲਵਿਦਰ ਸਿਘ ਘੌਨਾ, ਸਰਪੰਚ ਪੌਲੌਜੀਤ ਬਾਜੇਵਾਲਾ, ਸਰਪੰਚ ਸੁਖੀ ਭੰਮਾ ਅਮਰੀਕ ਸਿੰਘ ਢਿੱਲੋ, ਸੱਤਪਾਲ ਵਰਮਾ ਵੀ ਹਾਜ਼ਰ ਸਨ। 

ਕੀ ਕਹਿੰਦੇ ਹਨ ਥਰਮਲ ਦੇ ਅਧਿਕਾਰੀ
ਦੂਜੇ ਪਾਸੇ ਸਬੰਧਤ ਥਰਮਲ ਪਲਾਂਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਨਿਯਮਾਂ ਮੁਤਾਬਿਕ ਥਰਮਲ ਪਲਾਂਟ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਥਰਮਲ ਪਲਾਂਟ ਵਿਚੋਂ ਨਾ ਤਾਂ ਕਦੇ ਕੋਈ ਰਾਖ ਉਠੀ ਹੈ ਅਤੇ ਨਾ ਹੀ ਧੂੰਆਂ ਪ੍ਰਦੂਸ਼ਣ ਆਦਿ ਦੀ ਉਨ੍ਹਾਂ ਨੂੰ ਕਿਸੇ ਵੀ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਸੁਨੀਲ ਜਾਖੜ ਦੇ ਇਸ ਦੌਰੇ ਨੂੰ ਸਿਆਸੀ ਲੜਾਈ ਕਰਾਰ ਦਿੱਤਾ।


Gurminder Singh

Content Editor

Related News