ਅਸਤੀਫੇ ''ਤੇ ਬੇਜ਼ਿੱਦ ਜਾਖੜ, ਹੁਣ ਪਹੁੰਚਣਗੇ ਸੋਨੀਆ ਦੇ ਦਰਬਾਰ
Sunday, Aug 11, 2019 - 06:53 PM (IST)

ਚੰਡੀਗੜ੍ਹ : ਲੋਕ ਸਭਾ ਚੋਣਾਂ 'ਚ ਮਿਲੀ ਵੱਡੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸੁਨੀਲ ਜਾਖ਼ੜ ਆਪਣੇ ਫੈਸਲੇ 'ਤੇ ਬੇਜ਼ਿੱਦ ਹਨ। ਲਿਹਾਜ਼ਾ ਹੁਣ ਜਾਖੜ ਨਵੀਂ ਬਣੀ ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਰਬਾਰ 'ਚ ਪਹੁੰਚ ਕਰਨਗੇ। ਜਾਖੜ ਨੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਸੀ, ਜੋ ਅਜੇ ਤਕ ਪ੍ਰਵਾਨ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਸਣੇ ਪੰਜਾਬ ਕਾਂਗਰਸ ਦੇ ਕਈ ਆਗੂਆਂ ਨੇ ਕਾਂਗਰਸ ਹਾਈ ਕਮਾਨ ਨੂੰ ਜਾਖੜ ਦਾ ਅਸਤੀਫਾ ਪ੍ਰਵਾਨ ਨਾ ਕਰਨ ਦੀ ਅਪੀਲ ਕੀਤੀ ਸੀ।
ਦਰਅਸਲ ਲੋਕ ਸਭਾ ਚੋਣਾਂ ਵਿਚ ਭਾਜਪਾ ਨੇਤਾ ਤੇ ਉੱਘੇ ਫ਼ਿਲਮ ਕਲਾਕਾਰ ਸੰਨੀ ਦਿਓਲ ਹੱਥੋਂ ਮਿਲੀ ਵੱਡੀ ਹਾਰ ਤੋਂ ਬਾਅਦ ਜਾਖੜ ਨੇ ਕਾਂਗਰਸ ਦੀ ਪ੍ਰਧਾਨਗੀ ਛੱਡਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਬਕਾਇਦਾ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਵੀ ਭੇਜ ਦਿੱਤਾ ਸੀ। ਉਧਰ ਰਾਹੁਲ ਗਾਂਧੀ ਵੀ ਲੋਕ ਸਭਾ 'ਚ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲੈ ਕੇ ਅਸਤੀਫਾ ਦੇ ਚੁੱਕੇ ਹਨ ਅਤੇ ਹੁਣ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਵੀ ਹੋ ਗਿਆ ਹੈ, ਇਧਰ ਸੁਨੀਲ ਜਾਖੜ ਵੀ ਆਪਣੇ ਅਸਤੀਫੇ 'ਤੇ ਅੜੇ ਹੋਏ ਹਨ ਤਾਂ ਇਸ ਦਰਮਿਆਨ ਇਸ ਅਸਤੀਫੇ 'ਤੇ ਕਾਂਗਰਸ ਹਾਈਕਮਾਨ ਦਾ ਫੈਸਲਾ ਕੀ ਹੁੰਦਾ ਹੈ, ਇਹ ਦੇਖਣਾ ਹੋਵੇਗਾ।