ਮੋਦੀ ਨੇ ਗੁਰਦਾਸਪੁਰ ਦੌਰੇ ਦੌਰਾਨ ਪੰਜਾਬ ਨੂੰ ਮੁੜ ਕੀਤਾ ਨਿਰਾਸ਼ : ਜਾਖੜ

01/04/2019 9:57:46 AM

ਜਲੰਧਰ (ਧਵਨ)— ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਦੇ ਦੌਰੇ ਦੌਰਾਨ ਪੰਜਾਬ ਦੇ ਲੋਕਾਂ  ਨੂੰ ਇਕ ਵਾਰ ਮੁੜ ਨਿਰਾਸ਼ ਕੀਤਾ ਹੈ ਕਿਉਂਕਿ ਉਨ੍ਹਾਂ ਨਾ ਤਾਂ ਕਿਸਾਨਾਂ ਲਈ ਕੋਈ ਐਲਾਨ ਕੀਤਾ ਅਤੇ ਨਾ ਹੀ ਉਦਯੋਗਾਂ ਲਈ। ਚੰਗਾ ਹੁੰਦਾ ਮੋਦੀ ਕਾਂਗਰਸ ਦੀ ਆਲੋਚਨਾ ਕਰਨ ਦੀ ਬਜਾਏ ਪੰਜਾਬ ਦੇ ਉਦਯੋਗਾਂ ਅਤੇ ਕਿਸਾਨਾਂ ਦੇ ਹਿੱਤਾਂ 'ਚ ਕੋਈ ਐਲਾਨ ਕਰਦੇ।

ਮੋਦੀ ਦੇ ਦੌਰੇ ਪਿੱਛੋਂ ਜਾਖੜ ਨੇ ਕਿਹਾ ਕਿ ਪੰਜਾਬੀਆਂ ਨੂੰ ਉਮੀਦ ਸੀ ਕਿ ਮੋਦੀ ਸੰਕਟ 'ਚ ਘਿਰੀ ਕਿਸਾਨੀ ਲਈ ਕੋਈ ਨਾ ਕੋਈ ਐਲਾਨ ਕਰ ਕੇ ਜਾਂਦੇ ਅਤੇ ਨਾਲ ਹੀ ਸਰਹੱਦੀ ਖੇਤਰਾਂ ਦੇ ਉਦਯੋਗਿਕ ਵਿਕਾਸ ਲਈ ਕੋਈ ਨਵਾਂ ਐਲਾਨ ਕਰਦੇ ਪਰ ਉਨ੍ਹਾਂ ਅਜਿਹਾ ਕੁਝ ਵੀ ਨਹੀਂ ਕੀਤਾ। ਜਾਖੜ ਨੇ ਕਿਹਾ ਕਿ ਮੋਦੀ ਪਿਛਲੇ ਕਈ  ਮਹੀਨਿਆਂ ਤੋਂ ਕਿਸਾਨਾਂ ਦੀਆਂ ਫਸਲਾਂ ਦੇ ਘੱਟੋ-ਘੱਟ ਵਸੂਲੀ ਮੁੱਲ 'ਚ ਵਾਧਾ ਕਰਨ ਦੇ ਨਾਂ 'ਤੇ ਆਪਣੀ ਸਰਕਾਰ ਦੀ ਹਰ ਸਟੇਜ 'ਤੇ ਸ਼ਲਾਘਾ ਕਰਦੇ ਸੁਣਾਈ ਦਿੰਦੇ ਹਨ ਪਰ ਸੱਚਾਈ ਇਸ ਤੋਂ ਵੱਖ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ 24 ਫਸਲਾਂ ਦੇ ਘੱਟੋ-ਘੱਟ ਵਸੂਲੀ ਮੁੱਲ ਨਿਰਧਾਰਿਤ ਕੀਤੇ ਗਏ ਪਰ ਇਸ 'ਚੋਂ 20 ਫਸਲਾਂ ਘੱਟੋ-ਘੱਟ ਵਸੂਲੀ ਮੁੱਲ ਤੋਂ ਘੱਟ ਭਾਅ 'ਤੇ ਵਿਕ ਰਹੀਆਂ ਹਨ। ਉਨ੍ਹਾਂ ਮੋਦੀ ਵਲੋਂ ਹਿਮਾਚਲ 'ਚ ਦਿੱਤੇ ਗਏ ਆਪਣੇ ਭਾਸ਼ਣ ਪਿੱਛੋਂ ਪੰਜਾਬ ਸਰਕਾਰ ਵਲੋਂ ਮੋਦੀ ਨੂੰ ਕਿਸਾਨਾਂ ਦੇ ਮੁਆਫ ਕੀਤੇ ਕਰਜ਼ੇ ਦੀ ਸੂਚੀ ਭੇਜੇ ਜਾਣ ਪਿੱਛੋਂ ਮੋਦੀ ਨੇ ਇਹ ਮੰਨ ਲਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ 3400 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ। ਉਨ੍ਹਾਂ ਇਹ ਗੱਲ ਕਹਿਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕੇਂਦਰ ਨੇ ਤਾਂ ਇਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ। ਮੋਦੀ ਵਲੋਂ ਇਹ ਕਹੇ ਜਾਣ 'ਤੇ ਕਿ ਪੰਜਾਬ ਨੇ ਵਧੇਰੇ ਕਰਜ਼ਾ ਮੁਆਫ ਨਹੀਂ ਕੀਤਾ, 'ਤੇ ਟਿੱਪਣੀ ਕਰਦਿਆਂ ਜਾਖੜ ਨੇ ਮੋਦੀ ਨੂੰ ਯਾਦ ਦਿਵਾਇਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕੁਝ ਕਰਜ਼ਾ ਤਾਂ ਮੁਆਫ ਕੀਤਾ ਹੈ ਪਰ 10 ਸਾਲ ਤਕ ਰਹੀ ਅਕਾਲੀ-ਭਾਜਪਾ ਸਰਕਾਰ ਨੇ ਇਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਮੋਦੀ ਦੇ ਭਾਸ਼ਣ ਤੋਂ ਪੰਜਾਬੀਆਂ ਨੂੰ ਨਿਰਾਸ਼ਾ ਹੋਈ ਹੈ। ਇਸ ਤੋਂ ਇਹ ਵੀ ਪਤਾ ਲੱਗ ਗਿਆ ਹੈ ਕਿ ਉਹ ਗੁਰਦਾਸਪੁਰ ਵਰਗੇ ਸਰਹੱਦੀ ਖੇਤਰ ਲਈ ਕਿਸੇ ਯੋਜਨਾ ਦਾ ਐਲਾਨ ਨਹੀਂ ਕਰਨਾ ਚਾਹੁੰਦੇ। ਲੰਗਰ 'ਤੇ ਜੀ. ਐੱਸ. ਟੀ. ਮੁਆਫ ਕਰਨ ਦੇ ਮੋਦੀ ਦੇ ਦਾਅਵੇ 'ਤੇ ਜਾਖੜ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਲੰਗਰ 'ਤੇ ਜੀ. ਐੱਸ. ਟੀ. ਕਿਸ ਦੀ ਸਰਕਾਰ ਨੇ ਲਾਇਆ ਸੀ। ਜਾਖੜ ਨੇ ਕਿਹਾ ਕਿ ਸਮੁੱਚੀ ਜੀ. ਐੱਸ. ਟੀ. ਪ੍ਰਣਾਲੀ ਹੀ ਦੋਸ਼ ਭਰਪੂਰ ਹੈ। ਕੇਂਦਰ 'ਚ ਕਾਂਗਰਸ ਸਰਕਾਰ ਬਣਨ ਪਿੱਛੋਂ  ਜੀ. ਐੱਸ. ਟੀ. ਦਾ ਸਰਲੀਕਰਨ ਕੀਤਾ ਜਾਵੇਗਾ।


cherry

Content Editor

Related News