ਚਾਰੇ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਬਾਰੇ ਜਾਖੜ ਨੇ ਮੁੱਖ ਮੰਤਰੀ ਨੂੰ ਦਿੱਤੀ ਰਿਪੋਰਟ

10/17/2019 8:51:53 PM

ਜਲੰਧਰ,(ਧਵਨ): ਪੰਜਾਬ 'ਚ 21 ਅਕਤੂਬਰ ਨੂੰ ਹੋਣ ਵਾਲੀਆਂ ਚਾਰ ਵਿਧਾਨ ਸਭਾ ਹਲਕਿਆਂ-ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆਂ ਦੀਆਂ ਜ਼ਿਮਨੀ ਚੋਣਾਂ ਬਾਰੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਸਥਾਰ ਨਾਲ ਪੂਰੀ ਰਿਪੋਰਟ ਦਿੱਤੀ ਹੈ । ਦੱਸਿਆ ਜਾਂਦਾ ਹੈ ਕਿ ਦੋਵੇਂ ਆਗੂਆਂ ਦੀ ਮੀਟਿੰਗ ਦੌਰਾਨ ਜਲਾਲਾਬਾਦ ਵਿਧਾਨ ਸਭਾ ਸੀਟ ਦੀ ਚੋਣ ਬਾਰੇ ਵਿਸ਼ੇਸ਼ ਚਰਚਾ ਹੋਈ। ਜਾਖੜ ਨੇ ਮੁੱਖ ਮੰਤਰੀ ਨੂੰ ਦੱਸਿਆ ਹੈ ਕਿ ਕਾਂਗਰਸ ਚਾਰੇ ਵਿਧਾਨ ਸਭਾ ਹਲਕਿਆਂ 'ਚ ਬਿਹਤਰ ਸਥਿਤੀ 'ਚ ਹੈ।
ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਮੌਜੂਦ ਸੀ। ਮੁੱਖ ਮੰਤਰੀ ਨੇ ਆਪਣੇ ਸੀਨੀਅਰ ਮੰਤਰੀਆਂ ਦੀਆਂ ਡਿਊਟੀਆਂ ਚਾਰੇ ਵਿਧਾਨ ਸਭਾ ਹਲਕਿਆਂ 'ਚ ਲਾਈਆਂ ਹੋਈਆਂ ਹਨ ਪਰ ਸੀਨੀਅਰ ਤੇ ਭਰੋਸੇਮੰਦ ਮੰਤਰੀਆਂ ਨੂੰ ਜਲਾਲਾਬਾਦ 'ਚ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ 'ਚ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਰਾਣਾ ਸੋਢੀ ਤੇ ਡਾਕਟਰ ਸਾਧੂ ਸਿੰਘ ਧਰਮਸੋਤ ਤੇ ਹੋਰ ਸ਼ਾਮਲ ਹਨ। ਜਾਖੜ ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਚੋਣ ਮੁਹਿੰਮ ਦੀ ਖ਼ੁਦ ਨਿਗਰਾਨੀ ਕਰ ਰਹੇ ਹਨ। ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਸਿੰਘ ਵੀ ਕੁਝ ਦਿਨਾਂ ਤੋਂ ਜਲਾਲਾਬਾਦ 'ਚ ਡੇਰਾ ਲਾਏ ਹੋਏ ਹਨ ।

ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਵਲੋਂ 24 ਅਕਤੂਬਰ ਨੂੰ ਆਉਣ ਵਾਲੇ ਚੋਣ ਨਤੀਜਿਆਂ ਤੋਂ ਬਾਅਦ ਇਹ ਦੇਖਿਆ ਜਾਵੇਗਾ ਕਿ ਜਿਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਸਬੰਧਿਤ ਖੇਤਰ ਸੌਂਪੇ ਗਏ ਸਨ, ਉਥੋਂ ਕਾਂਗਰਸ ਨੂੰ ਕਿੰਨੀਆਂ-ਕਿੰਨੀਆਂ ਵੋਟਾਂ ਮਿਲੀਆਂ ਹਨ। ਇਸੇ ਆਧਾਰ 'ਤੇ ਮੰਤਰੀਆਂ ਦਾ ਸਿਆਸੀ ਭਵਿੱਖ ਵੀ ਤੈਅ ਹੋਵੇਗਾ । ਫਗਵਾੜਾ ਵਿਧਾਨ ਸਭਾ ਹਲਕੇ 'ਚ ਸਨੱਅਤ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਨਿਗਰਾਨੀ 'ਚ ਚੋਣ ਮੁਹਿੰਮ ਚੱਲ ਰਹੀ ਹੈ ਤਾਂ ਮੁਕੇਰੀਆਂ 'ਚ ਕੈਬਨਿਟ ਮੰਤਰੀ ਓ. ਪੀ. ਸੋਨੀ ਤੇ ਮਾਲਵਾ ਤੋਂ ਸਬੰਧਿਤ ਦੂਜੇ ਵਜ਼ੀਰਾਂ ਨੇ ਚੋਣ ਮੁਹਿੰਮ ਚਲਾਈ ਹੋਈ ਹੈ। ਮੁੱਖ ਮੰਤਰੀ ਇਹ ਵੀ ਦੇਖ ਰਹੇ ਹਨ ਕਿ ਕਿਹੜੇ-ਕਿਹੜੇ ਮੰਤਰੀ ਚੋਣ ਮੁਹਿੰਮ 'ਚ ਪੂਰੀ ਸਰਗਰਮੀ ਨਾਲ ਕੰਮ ਨਹੀਂ ਕਰ ਸਕੇ ਹਨ।


Related News