ਗੁਰਦਾਸਪੁਰ ਉਪ ਚੋਣ ਲੜਨ ''ਚ ਕੋਈ ਦਿਲਚਸਪੀ ਨਹੀਂ : ਜਾਖੜ

Wednesday, Jul 19, 2017 - 11:41 AM (IST)

ਗੁਰਦਾਸਪੁਰ ਉਪ ਚੋਣ ਲੜਨ ''ਚ ਕੋਈ ਦਿਲਚਸਪੀ ਨਹੀਂ : ਜਾਖੜ

ਜਲੰਧਰ\ਗੁਰਦਾਸਪੁਰ (ਧਵਨ) : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਕਿਹਾ ਹੈ ਕਿ ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਲੜਨ 'ਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ। ਮੰਗਲਵਾਰ ਨੂੰ ਉਨ੍ਹਾਂ ਦੱਸਿਆ ਕਿ ਸਰਹੱਦੀ ਖੇਤਰਾਂ ਦੇ ਕਾਂਗਰਸੀ ਵਿਧਾਇਕਾਂ ਨੇ ਜਦੋਂ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ ਤਾਂ ਉਨ੍ਹਾਂ 'ਚੋਂ ਕੁਝ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੀ ਕਿ ਗੁਰਦਾਸਪੁਰ ਸੀਟ ਤੋਂ ਸੁਨੀਲ ਜਾਖੜ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਜਾਵੇ, ਜਿਸ ਤੋਂ ਬਾਅਦ ਉਨ੍ਹਾਂ ਦੇ ਨਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਖੁਦ ਉਪ ਚੋਣ ਲੜਨਾ ਚਾਹੁਣਗੇ ਤਾਂ ਉਨ੍ਹਾਂ ਨੇ ਤੁਰੰਤ ਜਵਾਬ ਦਿੱਤਾ ਕਿ ਕਾਂਗਰਸ ਕੋਲ ਗੁਰਦਾਸਪੁਰ ਉਪ ਚੋਣ ਲੜਨ ਲਈ ਕਈ ਉਮੀਦਵਾਰ ਮੈਦਾਨ 'ਚ ਹਨ। ਕਈ ਸਥਾਨਕ ਕਾਂਗਰਸੀ ਨੇਤਾ ਵੀ ਟਿਕਟ ਦੇ ਚਾਹਵਾਨ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੱਲ ਸਪੱਸ਼ਟ ਕਰ ਦਿੱਤਾ ਸੀ ਕਿ ਜਾਖ਼ੜ ਨੂੰ ਚੋਣ ਲੜਾਉਣ ਬਾਰੇ ਉਨ੍ਹਾਂ ਦੀ ਉਨ੍ਹਾਂ ਨਾਲ ਕੋਈ ਚਰਚਾ ਨਹੀਂ ਹੋਈ ਹੈ ਅਤੇ ਨਾ ਹੀ ਅਜਿਹਾ ਕੋਈ ਪ੍ਰਸਤਾਵ ਅਜੇ ਵਿਚਾਰ ਅਧੀਨ ਹੈ।
ਜਾਖੜ ਨੇ ਕਿਹਾ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਪਾਰਟੀ ਸੰਗਠਨ ਨੂੰ ਮਜ਼ਬੂਤ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ, ਜਿਸ ਨੂੰ ਉਹ ਬਾਖੂਬੀ ਨਿਭਾਅ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਨਤਾ ਦਰਮਿਆਨ ਅਮਰਿੰਦਰ ਸਰਕਾਰ ਦੀਆਂ ਉਪਲਬਧੀਆਂ ਨੂੰ ਲੈ ਜਾਣਾ ਵੀ ਉਨ੍ਹਾਂ ਦੇ ਏਜੰਡੇ 'ਚ ਸ਼ਾਮਿਲ ਹੈ, ਇਸ ਲਈ ਉਹ ਉਪ ਚੋਣ ਜਾਂ ਕਿਸੇ ਹੋਰ ਚੋਣ 'ਚ ਪੈਣਾ ਨਹੀਂ ਚਾਹੁੰਦੇ। ਉਨ੍ਹਾਂ ਦੀਆਂ ਅਬੋਹਰ ਦੀ ਜਨਤਾ ਪ੍ਰਤੀ ਵੀ ਜ਼ਿੰਮੇਵਾਰੀਆਂ ਹਨ।


Related News