ਹੁਣ ਗਰਮੀ ਨੇ ਲਾਇਆ ਸੜਕਾਂ ''ਤੇ ''ਕਰਫਿਊ'', ਪਾਰਾ 43 ਡਿਗਰੀ ਤੋਂ ਪਾਰ
Monday, May 25, 2020 - 06:13 PM (IST)
ਪਟਿਆਲਾ/ਰੱਖੜਾ (ਰਾਣਾ) : ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਇਸ ਸਮੇਂ ਪੈ ਰਹੀ ਭਿਆਨਕ ਗਰਮੀ ਅਤੇ ਲੂ ਨੇ ਲੋਕਾਂ ਦੇ ਪਸੀਨੇ ਕੱਢ ਦਿੱਤੇ ਹਨ। ਸਵੇਰੇ 9 ਵੱਜਦਿਆਂ ਹੀ ਸੂਰਜ ਆਪਣੇ ਸਿਖਰ 'ਤੇ ਪਹੁੰਚ ਜਾਂਦਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਮੰਨੋ ਦੁਪਹਿਰ ਦੇ 12 ਵੱਜ ਗਏ ਹੋਣ। ਸਰਕਾਰ ਨੇ ਕਰਫਿਊ 'ਚ ਸਵੇਰੇ 7 ਤੋਂ ਸ਼ਾਮ 7 ਵਜੇ ਤਕ ਢਿੱਲ ਦਿੱਤੀ ਹੈ ਪਰ ਸੂਰਜ ਦੀਆਂ ਤੇਜ਼ ਕਿਰਨਾਂ ਅਤੇ ਲੂ ਕਾਰਣ ਲੋਕ ਬਹੁਤ ਘੱਟ ਗਿਣਤੀ 'ਚ ਹੀ ਬਾਹਰ ਨਿਕਲ ਰਹੇ ਹਨ ਅਤੇ ਅਜਿਹਾ ਲੱਗਦਾ ਹੈ ਕਿ ਜਿਵੇਂ ਹੁਣ ਗਰਮੀ ਨੇ 'ਕਰਫਿਊ' ਲਾ ਦਿੱਤਾ ਹੋਵੇ। ਸ਼ਾਹੀ ਸ਼ਹਿਰ ਪਟਿਆਲਾ 'ਚ ਸਵੇਰੇ 9-10 ਵਜੇ ਤਕ ਹੀ ਪਾਰਾ 40 ਡਿਗਰੀ ਤਕ ਪਹੁੰਚ ਜਾਂਦਾ ਹੈ ਅਤੇ ਦੁਪਹਿਰ ਦੇ ਸਮੇਂ ਤਾਂ 44 ਡਿਗਰੀ ਤਕ ਹੋਣ ਨਾਲ ਬਹੁਤ ਗਰਮੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ ► ਆਉਂਦੇ ਦਿਨਾਂ 'ਚ ਅਸਮਾਨੋਂ ਵਰ੍ਹੇਗੀ ਅੱਗ, ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਰੈੱਡ ਅਲਰਟ ਜਾਰੀ
ਮੌਸਮ ਮਾਹਰਾਂ ਅਨੁਸਾਰ Îਇਕ ਹਫਤਾ ਗਰਮੀ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ ਪਰ ਉਸ ਤੋਂ ਬਾਅਦ ਮੌਸਮ 'ਚ ਨਰਮੀ ਦੇਖਣ ਨੂੰ ਮਿਲੇਗੀ ਅਤੇ ਤੇਜ਼ ਹਵਾਵਾਂ ਦੇ ਨਾਲ ਬਰਸਾਤ ਵੀ ਹੋਵੇਗੀ। ਡੀ. ਐੱਸ. ਪੀ. ਟ੍ਰੈਫਿਕ ਅੱਛਰੂ ਰਾਮ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਅਤੇ ਜਾਗਰੂਕ ਕਰਨ ਲਈ ਪੁਲਸ ਦੇ ਜਵਾਨ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਹੁਣ ਪੈ ਰਹੀ ਗਰਮੀ ਵਿਚ ਵੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਤੇਜ਼ ਧੁੱਪ ਵਿਚ ਖੜ੍ਹੇ ਹੋ ਕੇ ਡਿਊਟੀ ਨਿਭਾਅ ਰਹੇ ਹਨ। ਅੱਛਰੂ ਰਾਮ ਨੇ ਕਿਹਾ ਕਿ ਕੋਰੋਨਾ ਯੋਧਿਆਂ ਦਾ ਲੋਕਾਂ ਨੂੰ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।
ਇਸ ਮੌਸਮ 'ਚ ਮੌਸਮੀ ਫਲ ਖਾਓ
ਗਰਮੀ ਦੇ ਮੌਸਮ ਵਿਚ ਮੌਸਮੀ ਫਲ ਖਾਓ, ਜਿਨ੍ਹਾਂ ਵਿਚ ਤਰਬੂਜ, ਖਰਬੂਜਾ ਅਤੇ ਅੰਬ ਸ਼ਾਮਲ ਹਨ। ਇਹ ਗੱਲ ਡਾ. ਰਾਜੀਵ ਟੰਡਨ ਨੇ ਕਹੀ। ਉਨ੍ਹਾਂ ਕਿਹਾ ਕਿ ਲੋਕ ਆਪਣੇ ਸਰੀਰ ਵਿਚ ਪਾਣੀ ਦਾ ਪੱਧਰ ਘੱਟ ਨਾ ਹੋਣ ਦੇਣ, ਇਸ ਲਈ ਉਨ੍ਹਾਂ ਨੂੰ ਨਿੰਬੂ ਪਾਣੀ ਆਦਿ ਪਦਾਰਥ ਆਪਣੇ ਖਾਣ-ਪੀਣ ਦੀ ਰੂਟੀਨ 'ਚ ਸ਼ਾਮਲ ਕਰਨੇ ਚਾਹੀਦੇ ਹਨ।