ਗਰਮੀ ਨਾਲ ਤਪਦੀਆਂ ਜ਼ਮੀਨਾਂ ਦਾ ਮੀਂਹ ਨੇ ਠਾਰਿਆ ਸੀਨਾ, ਕਿਸਾਨਾਂ ਨੂੰ ਮਿਲੀ ਰਾਹਤ

Saturday, Jun 06, 2020 - 06:05 PM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ): ਇਸ ਵੇਲੇ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ। ਪਿਛਲੇ ਕਈ ਦਿਨਾਂ ਤੋਂ ਪਈ ਗਰਮੀ ਨੇ ਜ਼ਮੀਨਾਂ ਨੂੰ ਮਚਾ ਕੇ ਰੱਖ ਦਿੱਤਾ ਸੀ। ਪਰ ਬੀਤੀ ਸ਼ਾਮ ਤੋਂ ਦੇਰ ਰਾਤ ਤੱਕ ਪਈ ਬਾਰਸ਼ ਨੇ ਤਪਦੀਆਂ ਜ਼ਮੀਨਾਂ ਦਾ ਸੀਨਾ ਠਾਰ ਕੇ ਰੱਖ ਦਿੱਤਾ ਹੈ। ਇਸ ਮੀਂਹ ਨੇ ਕਿਸਾਨਾਂ ਨੂੰ ਭਾਰੀ ਰਾਹਤ ਦਿੱਤੀ ਹੈ ਅਤੇ ਕਿਸਾਨਾਂ ਨੂੰ ਇਸ ਮੌਕੇ 'ਤੇ ਪਿਆ ਮੀਂਹ ਘਿਉ ਵਾਂਗ ਲੱਗ ਰਿਹਾ ਹੈ। ਕਿਉਂਕਿ ਅਨੇਕਾਂ ਥਾਵਾਂ 'ਤੇ ਨਹਿਰੀ ਪਾਣੀ ਦੀ ਵੱਡੀ ਘਾਟ ਰੜਕ ਰਹੀ ਹੈ ਅਤੇ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਦੀ ਇਸ ਘਾਟ ਨੂੰ ਦੂਰ ਕਰਨ ਲਈ ਅਸਫਲ ਰਹੀਆਂ ਹਨ। ਪਰ ਹੁਣ ਰੱਬ ਨੇ ਆਪਣਾ ਟਿਊਬਵੈੱਲ ਮੀਂਹ ਪਾ ਕੇ ਚਲਾਇਆ ਹੈ ਤੇ ਕਿਸਾਨ ਇੰਦਰ ਦੇਵਤਾ ਦਾ ਧੰਨਵਾਦ ਕਰ ਰਹੇ ਹਨ।ਕਿਸਾਨਾਂ ਰਾਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਮਨਦੀਪ ਸਿੰਘ, ਰਾਜਵੀਰ ਸਿੰਘ ਤੇ ਗੁਰਚੇਤ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ ਮੀਂਹ ਦੀ ਹੋਰ ਲੋੜ ਹੈ, ਤਾਂ ਹੀ ਕਿਸਾਨ ਬਚਣਗੇ। ਕਿਉਂਕਿ ਝੋਨਾ ਲਾਉਣ ਲਈ ਨਹਿਰੀ ਪਾਣੀ ਤਾਂ ਪੂਰਾ ਨਹੀ ਆਉਣਾ। ਮੀਂਹ ਹੋਰ ਆਊਗਾ ਤਾਂ ਡੀਜ਼ਲ ਦੀ ਬਚਤ ਹੋਵੇਗੀ।

 

PunjabKesari

ਝੋਨੇ ਦੀਆਂ ਪੰਨੀਰੀਆਂ ਤੇ ਸਬਜ਼ੀਆਂ 'ਚ ਆਇਆ ਨਿਖਾਰ
ਮੀਂਹ ਨੇ ਆਪਣਾ ਰੰਗ ਵਿਖਾਇਆ ਹੈ। ਜਿਸ ਕਰ ਕੇ ਜਿਥੇ ਕਿਸਾਨਾਂ ਦੇ ਖੇਤਾਂ ਵਿਚ ਬੀਜੀਆਂ ਗਈਆਂ ਝੋਨੇ ਦੀਆਂ ਪੰਨੀਰੀਆਂ ਵਿਚ ਨਿਖਾਰ ਆਇਆ ਹੈ, ਉਥੇ ਲੋਕਾਂ ਵਲੋਂ ਬੀਜੀਆਂ ਗਈਆਂ ਹਰੀਆਂ ਸਬਜ਼ੀਆਂ ਨੂੰ ਵੀ ਮੀਂਹ ਨੇ ਭਾਰੀ ਰਾਹਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗਰਮੀ ਦੇ ਕਾਰਨ ਹਰੀਆਂ ਸਬਜ਼ੀਆਂ ਮੱਚ ਰਹੀਆਂ ਸਨ ਤੇ ਕੱਦੂ, ਅੱਲਾਂ, ਤੋਰੀਆਂ, ਪੇਠਾ, ਭਿੰਡੀ, ਗੁਆਰਾ, ਤਰਾਂ, ਟਮਾਟਰ, ਖੱਖੜੀਆਂ ਤੇ ਟਿੰਡੋ ਆਦਿ ਘੱਟ ਲੱਗਣ ਲੱਗ ਪਏ ਸਨ। ਪਰ ਹੁਣ ਮੀਂਹ ਨਾਲ ਇਨ੍ਹਾਂ ਸਬਜ਼ੀਆਂ ਨੂੰ ਹੁਲਾਰਾ ਮਿਲੇਗਾ। ਨਰਮੇ ਦੀ ਫਸਲ ਲਈ ਵੀ ਮੀਂਹ ਚੰਗਾ ਹੈ।

PunjabKesari

ਮਸ਼ੀਨਾਂ ਨਾਲ ਕੀਤੀ ਸਿੱਧੀ ਬਿਜਾਈ ਵਾਲੇ ਝੋਨੇ ਕਈ ਥਾਈਂ ਹੋਏ ਕਰੰਡ
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਗਿਆਨੀਆਂ ਦੀਆਂ ਸਿਫਾਰਸ਼ਾਂ ਮੰਨ ਕੇ ਐਤਕੀਂ ਬਹੁਤ ਸਾਰੇ ਕਿਸਾਨਾਂ ਨੇ ਮਸ਼ੀਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਵੱਡੇ ਪੱਧਰ 'ਤੇ ਕੀਤੀ ਸੀ। ਪਹਿਲਾਂ ਬੀਜਿਆ ਝੋਨਾਂ ਤਾਂ ਉੱਗ ਆਇਆ। ਪਰ ਜੋ ਝੋਨਾ ਅਜੇ ਦੋ-ਤਿੰਨ ਦਿਨ ਪਹਿਲਾਂ ਬੀਜਿਆ ਸੀ, ਉਹ ਝੋਨਾ ਮੀਂਹ ਪੈਣ ਨਾਲ ਕਰੰਡ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਹੁਣ ਦੁਬਾਰਾ ਫੇਰ ਝੋਨਾ ਬੀਜਣਾ ਪਵੇਗਾ।

ਕੀ ਕਹਿਣਾ ਹੈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਸਿਸਟੈਂਟ ਡਾਇਰੈਕਟਰ ਦਾ
ਜਦ 'ਜਗ ਬਾਣੀ' ਵਲੋਂ ਇਸ ਸਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਸਿਸਟੈਂਟ ਡਾਇਰੈਕਟਰ ਨਿਰਮਲਜੀਤ ਸਿੰਘ ਧਾਲੀਵਾਲ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਵਾਲੇ ਝੋਨੇ ਕਰੰਡ ਨਹੀ ਹੋਣਗੇ ਤੇ ਜਿਹੜੇ ਝੋਨੇ ਦੋ-ਤਿੰਨ ਦਿਨ ਪਹਿਲਾਂ ਬੀਜੇ ਗਏ ਸਨ, ਉਹ ਉਗਰ ਪੈਣਗੇ। ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀ।


Shyna

Content Editor

Related News