ਇਕ ਹਫ਼ਤੇ ਤੋਂ ਅਗੇਤੀ ਪੈਣ ਲੱਗੀ ਗਰਮੀ ਨੇ ਕਿਸਾਨਾਂ ਦੇ ਸਾਹ ਸੂਤੇ
Friday, Feb 10, 2023 - 05:36 PM (IST)
![ਇਕ ਹਫ਼ਤੇ ਤੋਂ ਅਗੇਤੀ ਪੈਣ ਲੱਗੀ ਗਰਮੀ ਨੇ ਕਿਸਾਨਾਂ ਦੇ ਸਾਹ ਸੂਤੇ](https://static.jagbani.com/multimedia/2023_2image_17_36_492830208moga.jpg)
ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਬੀਜਾਂਦ ਕੀਤੀ ਹਾੜ੍ਹੀ ਦੀ ਮੁੱਖ ਫਸਲ ਇਸ ਵੇਲੇ ਖ਼ੇਤਾਂ ਵਿਚ ਲਹਿਰਾ ਰਹੀ ਹੈ, ਜਿਸ ਨੂੰ ਦੇਖ ਕੇ ਕਿਸਾਨ ਖੁਸ਼ ਹੋ ਰਹੇ ਹਨ ਪਰ ਦੂਜੇ ਪਾਸੇ ਫਰਵਰੀ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਅਚਾਨਕ ਮੌਸਮ ਵਿਚ ਸ਼ੁਰੂ ਹੋਈ ਗਰਮੀ ਕਰ ਕੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ, ਕਿਸਾਨਾਂ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਕਣਕ ਹਾਲੇ ਪੱਕਣੀ ਸ਼ੁਰੂ ਹੋਣੀ ਹੈ ਅਤੇ ਜੇਕਰ ਇਹ ਗਰਮੀ ਦਾ ਵਰਤਾਰਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਅੱਧ ਅਪ੍ਰੈਲ ਤੱਕ ਜਦੋਂ ਕਣਕ ਦੀ ਕਟਾਈ ਕਰਨੀ ਹੈ, ਉਸ ਤੋਂ ਪਹਿਲਾ ਗਰਮੀ ਜ਼ਿਆਦਾ ਪੈਣ ਕਰਕੇ ਕਣਕ ਦੇ ਦਾਣੇ ਦੇ ਸੁੰਗੜਨ ਦਾ ਡਰ ਹੈ, ਜਿਸ ਕਰ ਕੇ ਕਿਸਾਨਾਂ ਨੂੰ ਵੱਡੀ ਢਾਹ ਲੱਗ ਸਕਦੀ ਹੈ। ਕਣਕ ਦੀ ਫਸਲ ਨੂੰ ਦੇਖ ਰਹੇ ਨੌਜਵਾਨ ਗੁਰਜੰਟ ਸਿੰਘ ਦਾ ਕਹਿਣਾ ਸੀ ਕਿ ਪਹਿਲਾ ਪਹਿਲ ਠੰਡ ਪੈਣ ਕਰ ਕੇ ਕਿਸਾਨਾਂ ਨੂੰ ਆਸ ਸੀ ਕਿ ਕਣਕ ਦਾ ਐਤਕੀ ਝਾੜ ਬੰਪਰ ਹੋਵੇਗਾ ਜੋ ਕਿਸਾਨਾਂ ਦੇ ਵਾਰੇ ਨਿਆਰੇ ਕਰ ਦੇਵੇਗਾ, ਪਰੰਤੂ ਹੁਣ ਗਰਮੀ ਵੱਧਣ ਕਰ ਕੇ ਕਿਸਾਨਾਂ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਕਣਕ ਦਾ ਝਾੜ ਘੱਟ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਦੀ ਫ਼ਸਲ ’ਤੇ ਹਾਲੇ ਤੱਕ ਕਿਸੇ ਵੀ ਬੀਮਾਰੀ ਦਾ ਹਮਲਾ ਨਹੀਂ ਹੋਇਆ ਹੈ ਪਰ ਜੇਕਰ ਤਪਸ ਵੱਧਦੀ ਹੈ ਤਾਂ ਇਸ ਨਾਲ ਕਈ ਬੀਮਾਰੀਆਂ ਵੀ ਕਣਕ ਦੀ ਫਸਲ ਨੂੰ ਘੇਰ ਸਕਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਲਵਜੀਤ ਸਿੰਘ ਦੱਧਾਹੂਰ ਨੇ ਮੰਨਿਆ ਕਿ ਕਣਕ ਦੀ ਫਸਲ ਲਈ ਜ਼ਿਆਦਾ ਗਰਮੀ ਲਾਹੇਵੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਨ੍ਹੀ ਦਿਨੀ ਪਾਰਾ 22 ਡਿਗਰੀ ਤੱਕ ਪੁੱਜਣ ਲੱਗਾ ਹੈ, ਜਿਸ ਕਰ ਕੇ ਕਿਸਾਨ ਕੁਝ ਚਿੰਤਾ ਵਿਚ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਕੁਝ ਮੌਸਮ ਬਦਲਿਆ ਹੈ ਅਤੇ ਪਿਛਲੇ ਪੰਜ ਦਿਨਾਂ ਨਾਲੋਂ ਅੱਜ ਮੌਸਮ ਠੰਡਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਰਚ ਦੇ ਆਖਰੀ ਹਫਤੇ ਤੱਕ ਜ਼ਿਆਦਾ ਗਰਮੀ ਨਹੀਂ ਪੈਂਦੀ ਤਾਂ ਸਚਮੁੱਚ ਕਣਕ ਦਾ ਝਾੜ ਸਹੀ ਹੋਵੇਗਾ ਪਰੰਤੂ ਜੇਕਰ ਤਪਸ਼ ਦਿਨੋਂ-ਦਿਨ ਵੱਧਦੀ ਹੈ ਤਾਂ ਇਹ ਜ਼ਰੂਰ ਖਤਰੇ ਦੀ ਘੰਟੀ ਹੈ।
ਇਕ ਹੋਰ ਕਿਸਾਨ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਜ਼ਿਆਦਾ ਕੋਹਰੇ ਕਰ ਕੇ ਸਬਜ਼ੀਆਂ ’ਤੇ ਖਾਸਕਰ ਆਲੂ ਦੀ ਫਸਲ ਦਾ ਨੁਕਸਾਨ ਹੋਇਆ, ਪਰ ਇਹ ਠੰਡਾ ਕੋਹਰਾ ਕਣਕ ਲਈ ਠੀਕ ਸੀ, ਪਰ ਹੁਣ ਜਦੋਂ ਗਰਮੀ ਪੈਣ ਲੱਗੀ ਹੈ ਤਾਂ ਆਲੂਆਂ ਦੀ ਫਸਲ ਵਿਚ ਮਾਰ ਖਾਣ ਵਾਲੇ ਕਿਸਾਨਾਂ ਨੂੰ ਕਣਕ ਦੇ ਝਾੜ ਘੱਟਣ ਦਾ ਝੋਰਾ ਵੀ ਹੁਣੇ ਤੋਂ ਸਤਾਉਣ ਲੱਗਾ ਹੈ। ਦੂਜੇ ਪਾਸੇ ਖ਼ੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਨਾ ਤਾਂ ਹਾੜ੍ਹੀ ਦੀ ਫਸਲ ਨੂੰ ਕੋਈ ਰੋਗ ਹੈ ਅਤੇ ਨਾ ਹੀ ਤਪਸ਼ ਕਰ ਕੇ ਝਾੜ ਘੱਟਣ ਦੀ ਕੋਈ ਦਿੱਕਤ। ਉਨ੍ਹਾਂ ਕਿਹਾ ਕਿ ਜੇਕਰ ਹੋਰ ਤਪਸ਼ ਵੱਧਦੀ ਹੈ ਤਾਂ ਫਿਰ ਜ਼ਰੂਰ ਥੋੜ੍ਹਾ ਨੁਕਸਾਨ ਹੋ ਸਕਦਾ ਹੈ। ਹਾਲੇ ਤੱਕ ਮੌਸਮ ਠੀਕ ਹੈ।