ਬਹਿਬਲਕਲਾਂ ਕਾਂਡ ''ਚ 40 ਪੁਲਸ ਮੁਲਾਜ਼ਮਾਂ ਦੇ ਜ਼ਖਮੀਂ ਹੋਣ ਦਾ ਕਿਤੇ ਜ਼ਿਕਰ ਨਹੀਂ : ਸੈਣੀ

Thursday, Feb 21, 2019 - 02:20 PM (IST)

ਬਹਿਬਲਕਲਾਂ ਕਾਂਡ ''ਚ 40 ਪੁਲਸ ਮੁਲਾਜ਼ਮਾਂ ਦੇ ਜ਼ਖਮੀਂ ਹੋਣ ਦਾ ਕਿਤੇ ਜ਼ਿਕਰ ਨਹੀਂ : ਸੈਣੀ

ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ 'ਚ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਐੱਸ. ਆਈ. ਟੀ. ਵਲੋਂ ਹੁਣ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਇਕ ਅੰਗਰੇਜ਼ੀ ਅਖਬਾਰ ਵਲੋਂ ਇਸ ਮੁੱਦੇ 'ਤੇ ਸੁਮੇਧ ਸਿੰਘ ਸੈਣੀ ਨਾਲ ਗੱਲਬਾਤ ਕੀਤੀ ਗਈ। ਸੁਮੇਧ ਸਿੰਘ ਸੈਣੀ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਜ਼ਿਲਾ ਪ੍ਰਸ਼ਾਸਨ ਵਲੋਂ 4 ਘੰਟਿਆਂ ਤੋਂ ਵੱਧ ਸਮੇਂ ਦੌਰਾਨ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਹਟਾ ਕੇ ਬੱਸਾਂ 'ਚ ਬਿਠਾ ਦਿੱਤਾ ਗਿਆ ਸੀ। ਇਸ ਦੌਰਾਨ ਉੱਥੇ ਅਚਾਨਕ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਕਾਰ ਟਕਰਾਅ ਹੋ ਗਿਆ, ਜਿਸ ਦੌਰਾਨ 10 ਪ੍ਰਦਰਸ਼ਨਕਾਰੀ ਅਤੇ 40 ਦੇ ਕਰੀਬ ਪੁਲਸ ਮੁਲਾਜ਼ਮ ਜ਼ਖਮੀਂ ਹੋ ਗਏ।

ਉਨ੍ਹਾਂ ਕਿਹਾ ਕਿ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਉਸ ਸਮੇਂ ਕੀ ਹੋਇਆ ਸੀ, ਜੋ ਕਿ ਜਾਂਚ ਦਾ ਵਿਸ਼ਾ ਹੈ। ਸੈਣੀ ਨੇ ਦੱਸਿਆ ਕਿ ਇਸ ਦੇ ਤੁਰੰਤ ਬਾਅਦ ਪਤਾ ਲੱਗਿਆ ਕਿ ਘਟਨਾ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। ਸੈਣੀ ਨੇ ਕਿਹਾ ਕਿ ਜਿਹੜੇ 40 ਪੁਲਸ ਮੁਲਾਜ਼ਮ ਜ਼ਖਮੀਂ ਹੋਏ ਸਨ, ਉਨ੍ਹਾਂ ਬਾਰੇ ਕਿਸੇ ਵੀ ਰਿਪੋਰਟ 'ਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਸੁਮੇਧ ਸਿੰਘ ਸੈਣੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ ਅਤੇ ਆਗੂ ਰਾਜਨੀਤਕ ਉਪਰਾਲੇ ਕਰਨ ਦੀ ਬਜਾਏ ਸੱਚਾਈ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਘਟਨਾ ਦੇ ਤੱਥਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਬਹੁਤ ਗਲਤ ਹੈ। 


author

Babita

Content Editor

Related News