ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਕਾਲੀ ਵੇਈਂ 'ਚ ਸੰਗਤਾਂ ਨੇ ਲਾਈ ਸ਼ਰਧਾ ਦੀ ਡੁੱਬਕੀ

11/12/2019 12:48:28 PM

ਸੁਲਤਾਨਪੁਰ ਲੋਧੀ (ਬਿਊਰੋ) - ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅੱਜ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਬੜੀ ਸ਼ਰਧਾ ਭਾਵਨਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਧਰਤੀ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਕਾਫੀ ਲੰਮਾ ਸਮਾਂ ਬਤੀਤ ਕੀਤਾ ਸੀ। ਗੁਰੂ ਜੀ ਦਾ ਅੱਜ 550ਵਾਂ ਪ੍ਰਕਾਸ਼ ਪੁਰਬ ਮਨਾਏ ਜਾਣ 'ਤੇ ਇਸ ਪਾਵਨ ਧਰਤੀ 'ਤੇ ਦੂਰ-ਦਰਾੜੇ ਤੋਂ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਆ ਰਹੀਆਂ ਹਨ। ਇਸ ਮੌਕੇ ਗੁਰਦੁਆਰਾ ਬੇਰ ਸਾਹਿਬ ਦੇ ਬਿਲਕੁਲ ਨਜ਼ਦੀਕ ਪਵਿੱਤਰ ਕਾਲੀ ਵੇਈਂ ਨਦੀ 'ਚ ਆਈਆਂ ਹੋਈਆਂ ਸੰਗਤਾਂ ਵੱਡੀ ਗਿਣਤੀ 'ਚ ਸ਼ਰਧਾ ਦੀ ਡੁੱਬਕੀ ਲਗਾ ਕੇ ਇਸ਼ਨਾਨ ਕਰ ਰਹੀਆਂ ਹਨ। ਇਸ ਮੌਕੇ ਸੰਗਤਾਂ ਦਾ ਭਾਰੀ ਇਕੱਠ ਦੂਰ-ਦੂਰ ਤੱਕ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਜਾਣਕਾਰੀ ਅਨੁਸਾਰ 550ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਵੱਖ-ਵੱਖ ਸਮਾਗਮ ਹੋਣ ਜਾ ਰਹੇ ਹਨ, ਜਿਸ ਦੇ ਲਈ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਪੋ-ਆਪਣੇ ਵੱਖਰੇ ਪੰਡਾਲ ਲਗਾਏ ਗਏ ਹਨ। ਹੋਣ ਵਾਲੇ ਇਨ੍ਹਾਂ ਸਮਾਗਮਾਂ 'ਚ ਸੰਗਤਾਂ ਤੋਂ ਇਲਾਵਾ ਕਈ ਵੱਡੀਆਂ ਸਖਸ਼ੀਅਤਾਂ ਦੇਸ਼ ਦੇ ਰਾਸ਼ਟਰਪਤੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਹੋਰ ਵੀ ਬਹੁਤ ਸਾਰੇ ਆਗੂ ਖਾਸ ਤੌਰ 'ਤੇ ਪਹੁੰਚ ਰਹੇ ਹਨ। ਇਥੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਵਲੋਂ ਸਖਤ ਪ੍ਰਬੰਧ ਕੀਤੇ ਗਏ ਹਨ।


rajwinder kaur

Content Editor

Related News