ਸੁਲਤਾਨਪੁਰ ਲੋਧੀ : ਗੁਰੂਘਰ ''ਚ ਐੱਨ. ਆਰ. ਆਈਜ਼ ਨੇ ਕੀਤੀ ਲੰਗਰ ਤੇ ਸੰਗਤ ਦੀ ਸੇਵਾ
Monday, Nov 11, 2019 - 03:28 PM (IST)

ਚੰਡੀਗੜ੍ਹ : ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ 'ਤੇ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵਿਦੇਸ਼ਾਂ ਤੋਂ ਆਈ ਸੰਗਤ ਵੀ ਬੜੀ ਸ਼ਰਧਾ ਨਾਲ ਗੁਰੂ ਜੀ ਦੇ ਦਰ 'ਤੇ ਸੇਵਾ ਕਰਵਾਉਣ 'ਚ ਲੱਗੀ ਹੋਈ ਹੈ। ਅਮਰੀਕਾ ਦੇ 'ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥੇ' ਵਲੋਂ ਵੀ ਗੁਰੂ ਜੀ ਦੇ ਦਰਬਾਰ 'ਤੇ ਆਪਣੀ ਹਾਜ਼ਰੀ ਭਰੀ ਗਈ। ਇਸ ਜੱਥੇ ਨਾਲ ਸਬੰਧਿਤ 600 ਐੱਨ. ਆਰ. ਆਈਜ਼. (ਆਦਮੀ ਅਤੇ ਔਰਤਾਂ) ਨੇ ਆਪਣੇ ਹੱਥੀਂ ਸੇਵਾ ਕਰਵਾ ਕੇ ਇਕ ਮਿਸਾਲ ਕਾਇਮ ਕੀਤੀ।
ਇਨ੍ਹਾਂ ਸਭ ਲੋਕਾਂ ਨੇ ਚਿੱਟਾ ਬਾਣਾ ਹੀ ਪਾਇਆ ਹੋਇਆ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਔਰਤਾਂ ਨੇ ਲੰਗਰ ਦੀ ਸੇਵਾ ਲਈ, ਜਦੋਂ ਕਿ ਪੁਰਸ਼ਾਂ ਸੰਗਤ ਦੀ ਸੇਵਾ ਅਤੇ ਮੈਨਜਮੈਂਟ 'ਚ ਲੱਗੇ ਹੋਏ ਦਿਖਾਈ ਦਿੱਤੇ। ਇਨ੍ਹਾਂ 'ਚੋਂ ਬਹੁਤੇ ਲੋਕ ਇੰਗਲੈਂਡ, ਕੀਨੀਆ, ਕੈਨੇਡਾ ਅਤੇ ਅਮਰੀਕਾ 'ਚ ਪ੍ਰੋਫੈਸ਼ਨਲ ਹਨ। ਆਪਣੇ ਪਰਿਵਾਰ ਦੀ ਸ਼ਾਨਦਾਰ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਯੂ. ਕੇ. ਦੇ ਇਕ ਵਿੱਤ ਮਾਹਿਰ ਮਲਕੀਤ ਸਿੰਘ ਸਿਹਰਾ (25) ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ 'ਚੋਂ ਹੈ, ਜੋ ਅਜੇ ਵੀ ਕੀਰਤਨ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਦਾਦਾ ਕੀਨੀਆ 'ਚ 'ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ' 'ਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਸੰਗਠਨ ਦੇ ਸੰਸਥਾਪਕ ਭਾਈ ਪੂਰਨ ਸਿੰਘ ਦੀ ਪ੍ਰੇਰਨਾ ਸਦਕਾ ਉਹ ਵੀ ਜੱਥੇ 'ਚ ਸ਼ਾਮਲ ਹੋ ਗਿਆ। ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਇੱਛਾ ਨਾਲ ਸੇਵਾ ਕਰ ਰਿਹਾ ਹੈ ਅਤੇ ਇਸ ਨਾਲ ਉਸ ਦੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ।