ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ''ਤੇ ਦਰਸ਼ਕਾਂ ਨੂੰ ਪੀ. ਟੀ. ਸੀ. ਦਾ ਵੱਡਾ ਤੋਹਫਾ

11/15/2019 10:35:58 AM

ਸੁਲਤਾਨਪੁਰ ਲੋਧੀ (ਜ.ਬ.) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਵੇਰ ਸ਼ਾਮ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਵਿਖਾ ਰਹੇ ਪੀ. ਟੀ. ਸੀ. ਨੈੱਟਵਰਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਇਕ ਹੋਰ ਵੱਡਾ ਤੋਹਫਾ ਦਿੱਤਾ ਹੈ। ਇਸ ਤੋਹਫੇ ਦਾ ਨਾਮ ਹੈ 'ਵਰਚੁਅਲ ਰਿਐਲਿਟੀ 360 ਡਿਗਰੀ ਲਾਈਵ ਟੈਲੀਕਾਸਟ''। ਇਸ ਦੀ ਰਸਮੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਪੀ.ਟੀ.ਸੀ. ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਵਲੋਂ ਸੁਲਤਾਨਪੁਰ ਲੋਧੀ ਵਿਖੇ ਕੀਤੀ ਗਈ। ਰਬਿੰਦਰ ਨਾਰਾਇਣ ਮੁਤਾਬਕ ਉਨ੍ਹਾਂ ਵਲੋਂ ਦੁਨੀਆ ਦਾ ਪਹਿਲਾ ਰੋਜ਼ਾਨਾ ''ਵਰਚੁਅਲ ਰਿਐਲਿਟੀ 360 ਡਿਗਰੀ ਲਾਈਵ ਟੈਲੀਕਾਸਟ'' ਸ਼ੁਰੂ ਕੀਤਾ ਗਿਆ ਹੈ।

ਇਸ ਤਕਨੀਕ ਸਦਕਾ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਵੇਖਣ ਵਾਲੇ ਨੂੰ ਇੰਝ ਮਹਿਸੂਸ ਹੋਵੇਗਾ, ਜਿਵੇਂ ਉਹ ਸੱਚਮੁੱਚ ਸ੍ਰੀ ਦਰਬਾਰ ਸਾਹਿਬ ਅੰਦਰ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋਣ। ਉਨ੍ਹਾਂ ਦੱਸਿਆ ਕਿ ਇਹ ਸਹੂਲਤ ''ਜੀਓ ਟੀ. ਵੀ.'' ਅਤੇ ਪੀ. ਟੀ. ਸੀ. ਪਲੇਅ ਐਪ'' 'ਤੇ ਬਿਲਕੁਲ ਮੁਫਤ ਉਪਲੱਬਧ ਹੈ। ਇਸ ਸਹੂਲਤ ਦਾ ਆਨੰਦ ਮਾਣਨ ਲਈ ਦਰਸ਼ਕਾਂ ਨੂੰ ਸਿਰਫ ਅੱਖਾਂ 'ਤੇ ''ਵੀ ਆਰ ਗੇਅਰ'' ਨਾਂ ਦਾ ਯੰਤਰ ਪਹਿਨ ਕੇ ਮੋਬਾਇਲ 'ਤੇ ਇਹ ਸਰਵਿਸ ਸ਼ੁਰੂ ਕਰਨੀ ਪਵੇਗੀ, ਜਿਸ ਤੋਂ ਬਾਅਦ ਸਰੀਰ ਅਤੇ ਦਿਮਾਗ ਨੂੰ ਇਹ ਅਹਿਸਾਸ ਹੋਵੇਗਾ, ਜਿਵੇਂ ਤੁਸੀਂ ਸਚਮੁੱਚ ਦਰਬਾਰ ਸਾਹਿਬ 'ਚ ਬੈਠੇ ਹੋਵੋ ਅਤੇ ਤੁਹਾਡੇ ਸਾਹਮਣੇ ਸਾਰਾ ਕੁਝ ਚੱਲ ਰਿਹਾ ਹੋਵੇ।

ਇਸ ਸਹੂਲਤ ਵਿਚ ਨਿਵੇਕਲਾ ਕੀ ਹੈ ਇਸ ਬਾਰੇ ਗੱਲ ਕਰਦਿਆਂ ਸ਼੍ਰੀ ਰਬਿੰਦਰ ਨਾਰਾਇਣ ਨੇ ਦੱਸਿਆ ਕਿ ਬੇਸ਼ੱਕ ਦਰਸ਼ਕ ਪਿਛਲੇ ਕਈ ਦਹਾਕਿਆਂ ਤੋਂ ਪੀ. ਟੀ. ਸੀ. ਨੈੱਟਵਰਕ ਰਾਹੀਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਆਨੰਦ ਮਾਣਦੇ ਆ ਰਹੇ ਹਨ ਪਰ ਕਿਤੇ ਨਾ ਕਿਤੇ ਦਰਸ਼ਕਾਂ ਨੂੰ ਦਰਬਾਰ ਸਾਹਿਬ ਤੋਂ ਦੂਰ ਬੈਠੇ ਹੋਣ ਦਾ ਮਲਾਲ ਰਹਿੰਦਾ ਸੀ। ਦਰਸ਼ਕਾਂ ਦੀ ਇਸ ਭਾਵਨਾ ਨੂੰ ਸਮਝਦਿਆਂ ਰੋਜ਼ਾਨਾ ''ਵਰਚੁਅਲ ਰਿਐਲਿਟੀ 360 ਡਿਗਰੀ ਲਾਈਵ ਟੈਲੀਕਾਸਟ'' ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਚਾਰੇ ਪਾਸਿਓਂ ਸ਼ਲਾਘਾ ਹੋ ਰਹੀ ਹੈ।


rajwinder kaur

Content Editor

Related News