ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਲਈ ਭਾਰਤ ਸਰਕਾਰ ਵਲੋਂ ਪਹਿਲੀ ਕਿਸ਼ਤ ਜਾਰੀ : ਹਰਸਿਮਰਤ

Friday, Sep 27, 2019 - 11:58 PM (IST)

ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਲਈ ਭਾਰਤ ਸਰਕਾਰ ਵਲੋਂ ਪਹਿਲੀ ਕਿਸ਼ਤ ਜਾਰੀ : ਹਰਸਿਮਰਤ

ਸੁਲਤਾਨਪੁਰ ਲੋਧੀ,(ਸੋਢੀ): ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸਮਾਰਟ ਸਿਟੀ ਬਣਾਉਣ ਲਈ 135.5 ਕਰੋੜ ਰੁਪਏ ਮਨਜ਼ੂਰ ਕੀਤੇ ਸਨ। ਜਿਸ 'ਚੋਂ ਪਹਿਲੀ ਕਿਸ਼ਤ ਵਜੋਂ 27 ਕਰੋੜ 11 ਲੱਖ ਰੁਪਏ ਦੀ ਰਕਮ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ। ਬੀਬਾ ਬਾਦਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਲਈ ਭਾਰਤ ਸਰਕਾਰ ਨੂੰ 270 ਕਰੋੜ ਰੁਪਏ ਦੀ ਪ੍ਰਪੋਜ਼ਲ ਭੇਜੀ ਸੀ। ਜਿਸ 'ਚੋਂ ਭਾਰਤ ਸਰਕਾਰ ਨੇ ਆਪਣਾ ਅੱਧਾ ਹਿੱਸਾ 135 ਕਰੋੜ ਰੁਪਏ ਤੁਰੰਤ ਦੇਣ ਲਈ ਮਨਜ਼ੂਰ ਕੀਤੇ ਸਨ ਤੇ ਬਾਕੀ ਅੱਧੀ ਰਕਮ ਪੰਜਾਬ ਸਰਕਾਰ ਨੂੰ ਪਾਉਣ ਲਈ ਲਿਖਿਆ ਸੀ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਪਹਿਲ ਕਰਦੇ ਹੋਏ ਸੁਲਤਾਨਪੁਰ ਲੋਧੀ ਨੂੰ ਸੁੰਦਰ ਸ਼ਹਿਰ ਬਣਾਉਣ ਲਈ 27 ਕਰੋੜ ਰੁਪਏ ਭੇਜੇ ਹਨ। ਉਨ੍ਹਾਂ ਨਾਲ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਜਰਨੈਲ ਸਿੰਘ ਡੋਗਰਾਂਵਾਲ, ਇੰਜੀਨੀਅਰ ਸਵਰਨ ਸਿੰਘ ਨੇ ਵੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।


Related News