ਡਿਜੀਟਲ ਮਿਊਜ਼ੀਅਮ ਨੇ ਸੰਗਤ ਨੂੰ ਰੂਹਾਨੀਅਤ ਦੇ ਰੰਗ ''ਚ ਰੰਗਿਆ

11/03/2019 3:28:44 PM

ਸੁਲਤਾਨਪੁਰ ਲੋਧੀ (ਧੀਰ, ਸੋਢੀ, ਜੋਸ਼ੀ, ਅਸ਼ਵਨੀ) : ਪੰਜਾਬ ਸਰਕਾਰ ਵਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸ਼ਹੀਦ ਊਧਮ ਸਿੰਘ ਚੌਕ ਨੇੜੇ ਪਾਰਕਿੰਗ 'ਚ ਸਥਾਪਤ ਕੀਤੇ ਗਏ ਡਿਜੀਟਲ ਮਿਊਜ਼ੀਅਮ ਨੇ ਸੰਗਤ ਨੂੰ ਰੂਹਾਨੀਅਤ ਦੇ ਰੰਗ 'ਚ ਰੰਗ ਦਿੱਤਾ। ਦੂਜੇ ਦਿਨ 2500 ਤੋਂ ਜ਼ਿਆਦਾ ਲੋਕਾਂ ਨੇ ਮਿਊਜ਼ੀਅਮ 'ਚ ਆ ਕੇ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਵੇਰੇ 7 ਵਜੇ ਤੋਂ ਸ਼ੁਰੂ ਹੋਏ ਸ਼ੋਅ ਦੌਰਾਨ ਤੁਰੰਤ ਸੰਗਤ ਆਉਣਾ ਸ਼ੁਰੂ ਹੋ ਗਈ ।

ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਈ ਸੰਗਤ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਦਾਸੀਆਂ ਅਤੇ ਫਲਸਫੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਉੱਥੇ ਹੀ ਉਨ੍ਹਾਂ ਇਸ ਨੂੰ ਜਾਣਕਾਰੀ ਦਾ ਵੱਡਾ ਸ੍ਰੋਤ ਕਰਾਰ ਦਿੱਤਾ। ਮਹਿਤਪੁਰ ਤੋਂ ਆਈ ਬੀਬੀ ਦਰਸ਼ਨ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਜ਼ਿੰਦਗੀ ਦੇ ਆਖਰੀ ਪੜਾਅ 'ਚ ਸੁਲਤਾਨਪੁਰ ਲੋਧੀ ਵਿਖੇ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਡਿਜੀਟਲ ਮਿਊਜ਼ੀਅਮ ਨੇ ਥੋੜ੍ਹੇ ਸਮੇਂ 'ਚ ਹੀ ਗੁਰੂ ਸਾਹਿਬ ਬਾਰੇ ਜੋ ਚਾਨਣਾ ਪਾਇਆ ਹੈ ਉਹ ਲਾਮਿਸਾਲ ਹੈ ਅਤੇ ਉਹ ਆਪਣੇ ਆਪ ਨੂੰ ਧੰਨ ਸਮਝਦੀ ਹੈ। ਮਿਊਜ਼ੀਅਮ 'ਚ ਅੱਠ ਗੈਲਰੀਆਂ ਹਨ, ਜੋ ਮਹਾਨ ਗੁਰੂ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਹਨ। 


ਡਿਜੀਟਲ ਮਿਊਜ਼ੀਅਮ ਮਲਟੀ ਮੀਡੀਆ ਤਕਨੀਕਾਂ 'ਤੇ ਆਧਾਰਤ ਹੈ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਯਾਤਰਾ ਨੂੰ ਦਰਸਾਉਂਦਾ ਹੈ। ਇਕ ਰੱਬ, ਸਰਬੋਤਮ ਸਰਬ-ਸ਼ਕਤੀਮਾਨ, ਸਰਬ ਵਿਆਪੀ ਅਤੇ ਸਾਰੇ ਸਰੂਪਾਂ ਅਤੇ ਨਾਮਾਂ ਤੋਂ ਹਟ ਕੇ ਇਕ ਅਨੁਭਵ ਨੂੰ ਡਿਜੀਟਲ ਮਿਊਜ਼ੀਅਮ ਵਿਚ ਸਜੀਵ ਦਿਖਾਇਆ ਗਿਆ ਹੈ। ਡਿਜੀਟਲ ਅਜਾਇਬ ਘਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਵਿਗਿਆਨ, ਕਲਾ, ਟੈਕਨਾਲੋਜੀ, ਡਿਜ਼ਾਈਨ ਅਤੇ ਚਿੱਤਰਾਂ ਰਾਹੀਂ ਜੋੜ ਕੇ ਵਿਲੱਖਣ ਰੂਪ 'ਚ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਜ਼ਿੰਦਗੀ ਅਤੇ ਉਪਦੇਸ਼ਾਂ ਨੂੰ ਸਜੀਵ ਸਕਰੀਨਾਂ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ। ਡਿਜੀਟਲ ਮਿਊਜ਼ੀਅਮ ਕੱਲ 3 ਨਵੰਬਰ ਨੂੰ ਵੀ ਸਵੇਰੇ 7 ਵਜੇ ਤੋਂ ਸ਼ਾਮ 5.30 ਤੱਕ ਖੁੱਲ੍ਹਾ ਰਹੇਗਾ।


Baljeet Kaur

Content Editor

Related News