ਜੇਲ ਮੰਤਰੀ ਵੱਲੋਂ ਭੋਗਪੁਰ ਖੰਡ ਮਿੱਲ ਦੇ ਨਵੇਂ ਪਲਾਂਟ ਦੇ ਬੁਆਇਲਰ ਦਾ ਉਦਘਾਟਨ

08/10/2019 5:01:44 PM

ਭੋਗਪੁਰ (ਸੂਰੀ)— ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਲਗਾਏ ਜਾ ਰਹੇ ਆਧੁਨਿਕ ਤਕਨੀਕ ਅਤੇ ਵੱਧ ਸਮਰੱਥਾ ਵਾਲੇ ਸ਼ੂਗਰ ਮਿੱਲ ਪਲਾਂਟ ਨੂੰ ਪਿੜਾਈ ਸੀਜ਼ਨ 2019-20 ਦੇ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਕਰ ਦਿੱਤਾ ਜਾਵੇਗਾ। ਇਹ ਵਿਚਾਰ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਅਤੇ ਜੇਲ ਮੰਤਰੀ ਵੱਲੋਂ ਅੱਜ ਭੋਗਪੁਰ 'ਚ 3000 ਟੀ. ਡੀ. ਐੱਸ. ਅਤੇ 15 ਮੇਗਾਵਾਟ ਕੋ-ਜੈਨਰੇਸ਼ਨ ਪਲਾਂਟ ਦੇ ਪ੍ਰਾਜੈਕਟ ਦੇ ਬੁਆਇਲਰ ਦੀ ਪੂਜਾ ਅਤੇ ਟਰਾਇਲ ਸਬੰਧੀ ਸਮਾਗਮ 'ਚ ਸ਼ਾਮਲ ਹੋਣ ਦੌਰਾਨ ਪ੍ਰਗਟ ਕੀਤੇ। ਇਸੇ ਦੌਰਾਨ ਰੰਧਾਵਾ ਵੱਲੋਂ ਮਿੱਲ ਨਵੀਨੀਕਰਨ ਦੇ ਕੰਮ ਦੇ ਨਿਰੀਖਣ ਸਬੰਧੀ ਮੀਟਿੰਗ ਵੀ ਕੀਤੀ ਗਈ। 

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਦੋਆਬਾ ਖੇਤਰ ਦੇ ਗੰਨਾ ਕਾਸ਼ਤਕਾਰਾਂ ਦੀ ਬਹੁਤ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਭੋਗਪੁਰ ਸਥਿਤ ਪੰਜਾਬ 'ਚ ਸਹਿਕਾਰੀ ਖੇਤਰ ਦੀ ਸਭ ਤੋਂ ਪੁਰਾਣੀ ਖੰਡ ਮਿੱਲ ਜੋ ਕਿ 1955 'ਚ ਸਥਾਪਤ ਕੀਤੀ ਗਈ ਸੀ, ਦੀ ਸਮਰੱਥਾ 'ਚ ਵਾਧਾ ਕਰਕੇ ਆਧੁਨਿਕ ਤਕਨੀਕ ਵਾਲਾ 3000 ਟਨ ਪ੍ਰਤੀ ਦਿਨ ਪਿੜਾਈ ਸਮਰੱਥਾ ਦਾ ਨਵਾਂ ਸ਼ੂਗਰ ਮਿੱਲ ਪ੍ਰਾਜੈਕਟ ਅਤੇ 15 ਮੈਗਾਵਾਟ ਕੋ-ਜੈਨਰੇਸ਼ਨ ਪਲਾਂਟ ਲਗਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ 'ਚ ਲਗਾਏ ਜਾ ਰਹੇ ਆਧੁਨੀਕ ਕਿਸਮ ਦੇ ਬੁਆਇਲਰ ਦਾ ਕੰਮ ਮੁਕੰਮਲ ਹੋਣ ਉਪਰੰਤ ਪ੍ਰਾਜੇਕਟ ਲਗਾ ਰਹੀ ਕੰਪਨੀ ਵੱਲੋਂ ਬੁਆਇਲਰ ਪੂਜਾ ਦਾ ਸਮਾਗਮ ਕਰਵਾਇਆ ਗਿਆ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਪ੍ਰਤੀਬੱਧ ਹੈ ਅਤੇ ਉਹ ਖੁਦ ਇਕ ਕਿਸਾਨ ਹੋਣ ਦੇ ਨਾਤੇ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਕਰਨ ਲਈ ਵਚਨਬੱਧ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੂੰ ਆਤਮ ਨਿਰਭਰ ਬਣਾਉਣ ਲਈ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਇਨ੍ਹਾਂ ਮਿੱਲਾਂ ਨੂੰ ਸ਼ੂਗਰ ਕੰਪਲੈਕਸ 'ਚ ਤਬਦੀਲ ਕੀਤਾ ਜਾਵੇਗਾ, ਜਿਨ੍ਹਾਂ 'ਚ ਖੰਡ ਦੇ ਉਤਪਾਦਨ ਤੋਂ ਇਲਾਵਾ ਈਥਾਨੌਲ, ਸੀ. ਐੱਨ. ਜੀ., ਕੋ-ਜੈਨਰੇਸ਼ਨ ਪ੍ਰੋਜੇਕਟਾਂ ਦੀ ਸਥਾਪਨਾ ਕੀਤੀ ਜਾਵੇਗੀ।

ਰੰਧਾਵਾ ਨੇ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਦੀ ਆਮਦਨ 'ਚ ਵਾਧੇ ਨੂੰ ਮੁੱਖ ਰੱਖਦੇ ਹੋਏ ਰਾਜ 'ਚ ਪ੍ਰਤੀ ਏਕੜ ਗੰਨੇ ਦਾ ਉਤਪਾਦਨ ਵਧਾਉਣ ਹਿੱਤ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਖੇਤੀ ਸਬੰਧੀ ਆਧੁਨੀਕ ਤਕਨੀਕਾਂ ਅਤੇ ਗੰਨੇ ਦੀ ਖੇਤੀ ਬਾਰੇ ਟ੍ਰੇਨਿੰਗ ਦੇਣ ਲਈ ਕਲਾਨੌਰ ਵਿਖੇ ਪੰਜਾਬ ਸ਼ੂਗਰ ਕੇਨ ਰਿਸਰਚ ਸੈਂਟਰ ਦੀ ਸਥਾਪਨਾ ਕੀਤੀ ਜਾ ਰਹੀ ਹੈ। ਸ਼ੂਗਰਫੈਡ ਪੰਜਾਬ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਆਈ. ਸੀ. ਏ. ਆਰ.- ਸ਼ੂਗਰ ਕੇਨ ਬਰੀਡਿੰਗ ਇੰਸਟੀਚਿਊਟ ਕੋਏਮਬਟੂਰ ਅਤੇ ਹੋਰ ਦੇਸ਼ ਪੱਧਰੀ ਖੋਜ ਸੰਸਥਾਵਾਂ ਨਾਲ ਰਾਬਤਾ ਕਰਕੇ ਗੰਨੇ ਦੀ ਉਤਪਾਦਿਕਤਾ ਵਧਾਉਣ ਲਈ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਗੰਨੇ ਦੀ ਕਾਸ਼ਤ ਸਬੰਧੀ ਆਧੁਨੀਕ ਤਕਨੀਕਾਂ, ਮਸ਼ੀਨੀਕਰਨ ਤੋਂ ਇਲਾਵਾ ਵਧੇਰੇ ਝਾੜ ਵਾਲੀਆਂ ਕਿਸਮਾਂ ਦੇ ਬੀਜ ਮੁਹਈਆ ਕਰਾਉਣਾ ਵੀ ਸ਼ਾਮਿਲ ਹੈ। 

PunjabKesari

ਸਹਿਕਾਰਤਾ ਵਿਭਾਗ ਵੱਲੋਂ ਅਗਲੇ ਦੋ ਸਾਲਾਂ 'ਚ ਗੰਨੇ ਦੀ ਖੇਤੀ ਵਿਚ 50 ਤੋਂ 100 ਕੁਇੰਟਲ ਪ੍ਰਤੀ ਏਕੜ ਝਾੜ ਦਾ ਵਾਧਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨਾਲ ਗੰਨਾ ਕਾਸ਼ਤਕਾਰਾਂ ਦੀ ਆਮਦਨ 'ਚ 15000 ਤੋਂ 30000 ਰੁਪਏ ਪ੍ਰਤੀ ਏਕੜ ਦਾ ਵਾਧਾ ਹੋਵੇਗਾ। ਸਮਾਗਮ ਦੌਰਾਨ ਮਹਿੰਦਰ ਸਿੰਘ ਕੇ. ਪੀ. ਸਾਬਕਾ ਮੰਤਰੀ ਅਤੇ ਸੰਗਤ ਸਿੰਘ ਗਿਲਜੀਆਂ ਐੱਮ. ਐੱਲ. ਏ. ਟਾਂਡਾ ਅਤੇ ਪਵਨ ਕੁਮਾਰ ਆਦੀਆ ਵਿਧਾਇਕ ਹਲਕਾ ਸ਼ਾਮ ਚੁਰਾਸੀ ਉਚੇਚੇ ਤੌਰ 'ਤੇ ਹਾਜ਼ਰ ਹੋਏ ਅਤੇ ਦੋਆਬਾ ਖੇਤਰ ਦੇ ਗੰਨਾ ਕਾਸ਼ਤਕਾਰਾਂ ਦੀ ਪੁਰਾਣੀ ਮੰਗ ਪੂਰੀ ਕਰਦੇ ਹੋਏ ਸਰਕਾਰ ਵੱਲੋਂ ਭੋਗਪੁਰ ਵਿਖੇ ਲਗਾਏ ਜਾ ਰਹੇ ਨਵੇਂ ਪ੍ਰੋਜੈਕਟ ਲਈ ਸਹਿਕਾਰਤਾ ਮੰਤਰੀ ਦਾ ਧੰਨਵਾਦ ਕੀਤਾ ਗਿਆ। 

ਇਸ ਮੌਕੇ ਮਿੱਲ ਲਗਾਉਣ ਵਾਲੀ ਕੰਪਨੀ ਅਤੇ ਮਿੱਲ ਪ੍ਰਬੰਧਕ ਵੱਲੋਂ ਹਵਨ ਯੱਗ ਕਰਵਾਏ ਗਏ ਅਤੇ ਅੰਤ 'ਚ ਸ. ਰੰਧਾਵਾ ਵੱਲੋਂ ਮਿੱਲ ਦੇ ਨਵੇਂ ਬੁਆਇਲਰ ਨੂੰ ਰਸਮੀ ਤੌਰ ਤੇ ਚਾਲੂ ਕਰਨ ਲਈ ਅੱਗ ਦਿੱਤੀ। ਇਸ ਮੌਕੇ ਦਵਿੰਦਰ ਸਿੰਘ ਪ੍ਰਬੰਧ ਨਿਰਦੇਸ਼ਕ ਸ਼ੂਗਰਫੈਡ ਪੰਜਾਬ, ਭੁਪਿੰਦਰ ਸਿੰਘ ਵਾਲੀਆ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ, ਸੁੱਖਾ ਸਿੰਘ ਡਿਪਟੀ ਰਜਿਸਟਰਾਰ, ਅਰੁਣ ਕੁਮਾਰ ਅਰੋੜਾ ਜਨਰਲ ਮੈਨੇਜਰ ਭੋਗਪੁਰ ਤੋਂ ਇਲਾਵਾ ਭੋਗਪੁਰ ਖੰਡ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਪਰਮਿੰਦਰ ਸਿੰਘ ਮੱਲ•ੀ, ਹਰਜਿੰਦਰ ਸਿੰਘ, ਹਰਜਿੰਦਰ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ (ਸਾਰੇ ਡਾਇਰੈਕਟਰ), ਸੁਖਜਿੰਦਰ ਸਿੰਘ ਲਾਲੀ ਪ੍ਰਧਾਨ ਜ਼ਿਲ•ਾ ਕਾਂਗਰਸ, ਅਸ਼ਵਨ ਭੱਲਾ ਪ੍ਰਧਾਨ ਯੁਥ ਕਾਂਗਰਸ ਜਲੰਧਰ, ਮਲਕੀਤ ਸਿੰਘ ਲਾਲੀ, ਸਤਨਾਮ ਸਿੰਘ ਕੋਹਜਾ, ਮੁਕੇਸ਼ ਚੰਦਰ ਸ਼ਰਮਾਂ, ਭੁਪਿੰਦਰ ਸਿੰਘ ਸੈਣੀ, ਬਿੱਲਾ ਸਨੋਰਾ ਅਤੇ ਇਲਾਕੇ ਦੇ ਹੋਰ ਆਗੂ ਅਤੇ ਗੰਨਾ ਕਾਸ਼ਤਕਾਰ ਵੀ ਮੌਜੂਦ ਸਨ। 

ਸਮਾਗਮ 'ਚ ਨਹੀਂ ਪੁੱਜੇ ਕਿਸਾਨ, ਕਾਂਗਰਸ ਦੇ ਇਕ ਧੜਾ ਨੂੰ ਵੀ ਨਹੀਂ ਬੁਲਾਇਆ ਗਿਆ
ਸਹਿਕਾਰੀ ਖੰਡ ਮਿੱਲ ਭੋਗਪੁਰ 'ਚ ਨਵੇਂ ਲਗਾਏ ਜਾ ਰਹੇ ਪਲਾਂਟ ਦੇ ਬੁਆਇਲਰ ਦੇ ਉਦਘਾਟਨ ਸਬੰਧੀ ਰੱਖੇ ਗਏ ਸਮਾਗਮ 'ਚ ਇਲਾਕੇ ਦੇ ਕਿਸਾਨਾਂ ਦੀ ਸ਼ਮੂਲੀਅਤ ਨਾ ਮਾਤਰਾ ਹੀ ਰਹੀ। ਮਿੱਲ ਪ੍ਰਸਾਸ਼ਨ ਵੱਲੋਂ ਕੁਝ ਚੋਣਵੇਂ ਕਿਸਾਨਾਂ ਨੂੰ ਹੀ ਇਸ ਸਮਾਗਮ ਵਿਚ ਬੁਲਾਇਆ ਗਿਆ ਸੀ। ਇਸ ਸਮਾਗਮ 'ਚ ਜਿਆਦਾਤਰ ਕਾਂਗਰਸੀ ਆਗੂਆਂ ਨੂੰ ਹੀ ਤਰਜੀਹ ਦਿੱਤੀ ਗਈ। ਸਥਾਨਕ ਕਾਂਗਰਸੀ ਆਗੂਆਂ ਦਾ ਵੀ ਇਕ ਧੜਾ ਇਸ ਸਮਾਗਮ 'ਚ ਸ਼ਾਮਲ ਹੋਣ ਲਈ ਸੱਦਾ ਪੱਤਰ ਨਾ ਮਿਲਣ ਕਾਰਨ ਇਸ ਸਮਾਗਮ ਤੋਂ ਦੂਰ ਰਿਹਾ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਦੇ ਸਥਾਨਕ ਆਗੂਆਂ ਦੇ ਤਿੰਨ ਧੜੇ ਬਣੇ ਹੋਏ ਹਨ। ਸਮਾਗਮ ਤੋਂ ਦੂਰ ਰਹਿਣ ਵਾਲੇ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਲੀਡਰਾਂ ਨੂੰ ਉਨ•ਾਂ ਦੀ ਯਾਦ ਸਿਰਫ ਵੋਟਾਂ 'ਚ ਹੀ ਆਉਂਦੀ ਹੈ। ਇਸ ਵੱਡੇ ਸਮਾਗਮ ਵਿਚ ਸੱਦਾ ਪੱਤਰ ਨੇ ਭੇਜਿਆ ਜਾਣ ਉਨ੍ਹਾਂ ਲਈ ਅਪਮਾਨ ਵਾਲੀ ਗੱਲ ਹੈ।


shivani attri

Content Editor

Related News