ਸਾਬਕਾ ਫੌਜੀਆਂ ਤੇ ਆਜ਼ਾਦੀ ਘੁਲਾਟੀਆਂ ਦੇ ਆਸ਼ਰਿਤਾਂ ਦੇ ਕੋਟੇ ਨੂੰ ਅਣਦੇਖਿਆ ਕੀਤਾ ਜਾ ਰਿਹੈ : ਢਿੱਲਵਾਂ
Thursday, Jul 02, 2020 - 04:26 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ, ਗੋਇਲ) : ਟੈੱਟ ਪਾਸ ਬੇਰੋਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਸ਼ਾਹਪੁਰ ਦਾ ਕਹਿਣਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਵੀ ਸਾਬਕਾ ਫੌਜੀਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਬਣਦੇ ਹੱਕ ਨਹੀਂ ਮਿਲ ਰਹੇ, ਜਦੋਂ ਕਿ ਕੈਪਟਨ ਖ਼ੁਦ ਸਾਬਕਾ ਫੌਜੀ ਹਨ, ਜਿੱਥੇ ਇੱਕ ਪਾਸੇ ਸਰਕਾਰ ਸ਼ਹੀਦ ਹੋਏ ਫੌਜੀ ਪਰਿਵਾਰਾਂ ਦੀ ਬਾਂਹ ਫੜ੍ਹਨ ਦੇ ਦਾਅਵੇ ਕਰਦੀ ਹੈ, ਉੱਥੇ ਦੂਜੇ ਪਾਸੇ ਸਾਰੀ ਉਮਰ ਦੇਸ਼ ਸੇਵਾ ਦੇ 'ਚ ਲਗਾਉਣ ਵਾਲੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਬਣਦੇ ਹੱਕਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ ।
ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਨੂੰਨ ਦੇ ਮੁਤਾਬਕ ਸਾਬਕਾ ਫੌਜੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਦਾ ਹਰ ਭਰਤੀ ਦੇ 'ਚ ਰਾਖਵਾਂ ਕੋਟਾ ਹੁੰਦਾ ਹੈ। ਸਿੱਖਿਆ ਮਹਿਕਮੇ ਵੱਲੋਂ ਜੋ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਉਸ ਭਰਤੀ 'ਚ ਸਾਬਕਾ ਫੌਜੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਪਿਛਲੀ ਭਰਤੀ ਦੀਆਂ ਬੈਕਲਾਗ ਦੀਆਂ ਅਸਾਮੀਆਂ ਨਹੀ ਦਿੱਤੀਆਂ ਗਈਆਂ, ਜੋ ਕਿ ਉਨ੍ਹਾਂ ਦਾ ਬਣਦਾ ਹੱਕ ਹੈ, ਜਦੋਂ ਕਿ ਹੋਰ ਸਾਰੀਆਂ ਕੈਟਾਗਿਰੀਆਂ ਨੂੰ ਉਨ੍ਹਾਂ ਦੀਆਂ ਬੈਕਲਾਗ ਦੀਆਂ ਅਸਾਮੀਆਂ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਸੀਂ ਇਸ ਸੰਬੰਧੀ ਇਕ ਬੇਨਤੀ ਪੱਤਰ ਮੁੱਖ ਮੰਤਰੀ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਚੇਅਰਮੈਨ ਸੈਨਿਕ ਭਲਾਈ ਵਿਭਾਗ ਕਮ ਪ੍ਰਿੰਸੀਪਲ ਸੈਕਟਰੀ ਨੂੰ ਵੀ ਭੇਜ ਚੁੱਕੇ ਹਾਂ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਮੰਗ ਕੀਤੀ ਹੈ ਕਿ ਸਾਡੀ ਸਮੂਹ ਸਾਬਕਾ ਫੌਜੀਆਂ ਅਤੇ ਆਸ਼ਰਿਤਾਂ ਵੱਲੋਂ ਬੇਨਤੀ ਹੈ ਕਿ ਕਿਰਪਾ ਕਰਕੇ ਸਾਡੇ ਇਸ ਮਸਲੇ ਦੇ ਹੱਲ ਲਈ ਨਿੱਜੀ ਦਖਲ ਦੇ ਕੇ ਅਤੇ ਸਕੱਤਰ ਸਿੱਖਿਆ ਮਹਿਕਮੇ ਨਾਲ ਤਾਲਮੇਲ ਕਰਕੇ ਸਾਡੀਆਂ ਬੈਕਲਾਗ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਤੋਂ ਜਲਦੀ ਜਾਰੀ ਕਰਵਾਇਆ ਜਾਵੇ, ਤਾਂ ਜੋ ਸਾਨੂੰ ਸਾਡਾ ਬਣਦਾ ਹੱਕ ਮਿਲ ਸਕੇ। ਜੇਕਰ ਉਨ੍ਹਾਂ ਦੀ ਮੰਗ ਵੱਲ ਧਿਆਨ ਦੇ ਕੇ ਜਲਦੀ ਤੋਂ ਜਲਦੀ ਸਾਡੀਆਂ ਸਾਬਕਾ ਫੌਜੀਆਂ ਦੀਆਂ ਬੈਕਲਾਗ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਨਾ ਕੀਤਾ ਗਿਆ ਤਾਂ ਉਹ ਆਪਣੇ ਹੱਕ ਲੈਣ ਲਈ ਮਜਬੂਰਨ ਸੰਘਰਸ਼ ਦਾ ਰਸਤਾ ਵੀ ਅਪਣਾਉਣਗੇ ਅਤੇ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ। ਸੁਖਵਿੰਦਰ ਸਿੰਘ ਢਿੱਲਵਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਬੇਰੋਜ਼ਗਾਰ ਬੀ. ਐੱਡ. ਅਧਿਆਪਕਾਂ ਨੂੰ 17 ਜੁਲਾਈ ਨੂੰ ਸੰਗਰੂਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।