ਖਹਿਰਾ ਨੇ ਕੈਪਟਨ ਨੂੰ ਦਿੱਤੀ ਸਲਾਹ, ਬੈਂਸ ਨੂੰ ਦਿਓ ਵਿਜੀਲੈਂਸ ਵਿਭਾਗ

Wednesday, Mar 07, 2018 - 01:46 PM (IST)

ਲੁਧਿਆਣਾ (ਪਾਲੀ) : ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਵਿਜੀਲੈਂਸ ਵਿਭਾਗ ਲੋਕ ਇਨਸਾਫ ਪਾਰਟੀ ਦੇ ਆਗੂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸੌਂਪ ਦਿਓ ਤੇ ਫਿਰ ਵੇਖੋ ਇਕ ਦਿਨ 'ਚ ਜਿਥੇ ਸੂਬੇ ਭਰ 'ਚੋਂ ਰੇਤ ਮਾਈਨਿੰਗ ਵਿਚ ਸੁਧਾਰ ਹੋ ਜਾਵੇਗਾ, ਉਥੇ ਸੂਬੇ ਦਾ ਹਰ ਸ਼ਹਿਰ ਭ੍ਰਿਸ਼ਟਾਚਾਰ ਮੁਕਤ ਹੋ ਜਾਵੇਗਾ। 
ਸੁਖਪਾਲ ਖਹਿਰਾ ਨੇ ਹਾਲ ਹੀ ਵਿਚ ਸਿਮਰਜੀਤ ਸਿੰਘ ਬੈਂਸ ਵੱਲੋਂ ਕੀਤੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਟਵੀਟ ਕਰਦਿਆਂ ਇਹ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਬੈਂਸ ਨੇ ਸਿੱਖਿਆ ਵਿਭਾਗ ਦੇ ਡਿਪਟੀ ਡੀ. ਈ. ਓ. ਅਤੇ ਐੱਲ. ਏ. ਦੇ ਕਰਿੰਦੇ ਨੂੰ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਹੈ, ਇਸ ਤੋਂ ਸਾਫ ਹੈ ਕਿ ਵਿਜੀਲੈਂਸ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਲਈ ਚਾਹੀਦਾ ਹੈ ਕਿ ਕੈਪਟਨ ਵਿਜੀਲੈਂਸ ਵਿਭਾਗ ਦੀ ਕਮਾਨ ਵਿਧਾਇਕ ਬੈਂਸ ਦੇ ਹੱਥ ਦੇ ਦਿੱਤੀ ਜਾਵੇ। ਸੁਖਪਾਲ ਸਿੰਘ ਖਹਿਰਾ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਵੀ ਚੱਲ ਰਹੇ ਕੇਸਾਂ ਵਿਚ ਜਾਂਚ ਸਿਮਰਜੀਤ ਸਿੰਘ ਬੈਂਸ ਨੂੰ ਦਿੱਤੀ ਜਾਵੇ ਤਾਂ ਹੀ ਜਲਦੀ ਤੋਂ ਜਲਦੀ ਇਸ ਦੀ ਜਾਂਚ ਹੋ ਸਕੇਗੀ ਤੇ ਸੱਚਾਈ ਸਾਹਮਣੇ ਆ ਸਕੇਗੀ। ਉਨ੍ਹਾਂ ਵਿਜੀਲੈਂਸ ਵਿਭਾਗ ਨੂੰ ਸਫੈਦ ਹਾਥੀ ਕਰਾਰ ਦਿੱਤਾ। 
ਦੂਜੇ ਪਾਸੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਚਾਹੁਣ ਤਾਂ ਉਹ ਵਿਜੀਲੈਂਸ ਵਿਭਾਗ ਸੰਭਾਲਣ ਨੂੰ ਤਿਆਰ ਹਨ ਅਤੇ ਵਿਭਾਗ ਸੰਭਾਲਦੇ ਸਾਰ ਹੀ ਸੂਬੇ ਭਰ ਦੇ ਅਧਿਕਾਰੀਆਂ ਦੇ ਨਾਲ-ਨਾਲ ਕਰਮਚਾਰੀ ਵੀ ਇਕ ਦਿਨ ਵਿਚ ਹੀ ਸਿੱਧੇ ਰਾਹ 'ਤੇ ਆ ਜਾਣਗੇ ਅਤੇ ਲੋਕ ਰਾਮ ਰਾਜ ਕਾਇਮ ਹੋਇਆ ਆਪਣੀ ਅੱਖੀਂ ਦੇਖ ਸਕਣਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਹਰ ਵਿਭਾਗ ਵਿਚ ਲੱਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਨਜ਼ਰਾਂ ਆਪਣੇ ਕਮਰੇ ਦੇ ਦਰਵਾਜ਼ੇ ਵੱਲ ਹੀ ਰਹਿੰਦੀਆਂ ਹਨ ਅਤੇ ਇਹੋ ਕਹਿ ਰਹੇ ਹੁੰਦੇ ਹਨ ਕਿ ਕਿਧਰੇ ਬੈਂਸ ਨਾ ਆ ਜਾਵੇ।


Related News