ਖਹਿਰਾ ਦੀ ਭਗਵੰਤ ਮਾਨ ਤੇ ਕੁਲਦੀਪ ਧਾਲੀਵਾਲ ਨੂੰ ਚੁਣੌਤੀ, ਕਿਹਾ-ਦਮ ਹੈ ਤਾਂ LPU ਮਾਮਲੇ ਦੀ ਕਰੋ ਜਾਂਚ
Wednesday, Aug 03, 2022 - 06:53 PM (IST)
ਜਲੰਧਰ— ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਜਲੰਧਰ ’ਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੰਚਾਇਤ ਦੀਆਂ ਜ਼ਮੀਨਾਂ ’ਤੇ ਕੀਤੇ ਗਏ ਕਬਜ਼ਿਆਂ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਮੌਕੇ ਉਨ੍ਹਾਂ ਨੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਭਗਵੰਤ ਨੂੰ ਚੁਣੌਤੀ ਦਿੱਤੀ ਕਿ ਜੇਕਰ ਹਿੰਮਤ ਹੈ ਤਾਂ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਵੱਲੋਂ ਕੀਤੇ ਗਏ ਪੰਚਾਇਤੀ ਜ਼ਮੀਨ ਦੇ ਕਬਜ਼ੇ ਨੂੰ ਛੁਡਵਾ ਕੇ ਵਿਖਾਉਣ।
ਇਹ ਵੀ ਪੜ੍ਹੋ: ਪੰਜਾਬ ’ਚ ਮੁੜ ਵੱਧਣ ਲੱਗਾ ਕੋਰੋਨਾ, ਜੁਲਾਈ ’ਚ ਹੀ 3 ਗੁਣਾ ਵਧੇ ਨਵੇਂ ਮਾਮਲੇ
‘ਆਪ’ ਸਰਕਾਰ ’ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਯੂਨੀਵਰਸਿਟੀ ਕੰਪਲੈਕਸ ਅੰਦਰ ਪਹਿਲਾ ਮਸਲਾ ਹਰਦਾਸਪੁਰਾ ਦੀ ਜ਼ਮੀਨ ’ਤੇ ਕੀਤੇ ਕਬਜ਼ੇ ਦਾ ਆਇਆ ਸੀ। ਜਦੋਂ ਸਾਡੇ ਵੱਲੋਂ ਇਹ ਸਮਲਾ ਹਾਈਲਾਈਟ ਕੀਤਾ ਗਿਆ ਤਾਂ ‘ਆਪ’ ਦੀ ਸਰਕਾਰ ਉਸ ਦੀ ਹਿਫਾਜ਼ਤ ’ਤੇ ਆ ਗਈ। ਫਿਰ ਲਵਲੀ ਯੂਨੀਵਰਸਿਟੀ ਵੱਲੋਂ ਪਿੰਡ ਸਰਪੰਚ ਤੋਂ ਬਿਆਨ ਦਿਵਾਇਆ ਗਿਆ ਕਿ ਇਹ ਜ਼ਮੀਨ ਲੀਜ਼ ’ਤੇ ਦਿੱਤੀ ਹੋਈ ਹੈ ਅਤੇ ਉਥੇ ਖੇਤੀ ਕੀਤਾ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਉਹ ਜ਼ਮੀਨ ਬੰਜਰ ਪਈ ਹੈ ਅਤੇ ਉਸ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਖੇਤੀ ਨਹੀਂ ਕੀਤੀ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਸ ਜ਼ਮੀਨ ਦੀਆਂ ਬਕਾਇਦਾ ਤਸਵੀਰਾਂ ਵੀ ਟਵੀਟ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਚਹੇੜੂ ਪਿੰਡ ਦੀ ਜ਼ਮੀਨ ’ਤੇ ਵੀ ਅਰਸੇ ਤੋਂ ਕਬਜ਼ਾ ਕੀਤਾ ਹੋਇਆ ਸੀ। 2010 ’ਚ ਪਿੰਡ ਦੀ ਪੰਚਾਇਤ ’ਤੇ ਦਬਾਅ ਬਣਾ ਕੇ ਇਕ ਤਰਫ਼ਾ ਤਬਾਦਲੇ ’ਤੇ ਪ੍ਰਪੋਜ਼ਲ ਭੇਜ ਦਿੱਤੀ ਗਈ। ਖਹਿਰਾ ਨੇ ਕਿਹਾ ਕਿ ਸਵਾ 13 ਕਿੱਲੇ ਜ਼ਮੀਨ ਜੋਕਿ ਯੂਨੀਵਰਸਿਟੀ ਦੇ ਅੰਦਰ ਹੈ ਅਤੇ ਇਸ ’ਤੇ ਬਿਲਡਿੰਗਾਂ ਵੀ ਬਣੀਆਂ ਹੋਈਆਂ ਹਨ।
ਖਹਿਰਾ ਨੇ ਕਿਹਾ ਕਿ ਜਿਹੜੀ ਲਵਲੀ ਯੂਨੀਵਰਸਿਟੀ ਦੇ ਅੰਦਰ ਸਵਾ 13 ਕਿੱਲੇ ਜ਼ਮੀਨ ਹੈ, ਉਹ ਕਰੀਬ 100 ਕਰੋੜ ਦੀ ਜਾਇਦਾਦ ਹੈ ਅਤੇ ਜਿਹੜੀ ਵੇਈਂ ਦੇ ਕੰਢੇ ’ਤੇ ਹੈ, ਜਿਸ ਨੂੰ ਤਬਾਦਲਾ ਕਰਕੇ ਚਹੇੜੂ ਦੀ ਪੰਚਾਇਤ ਨੂੰ ਦੇ ਦਿੱਤਾ ਹੈ, ਉਹ 15 ਲੱਖ ਏਕੜ ਵਾਲੀ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਅਸ਼ੋਕ ਮਿੱਤਲ ਨੇ 100 ਕਰੋੜ ਦੀ ਜ਼ਮੀਨ ਦਾ ਨਾਨਕ ਨਗਰੀ ਪੰਚਾਇਤ ਤੋਂ ਬਿਨਾਂ ਪੁੱਛੇ ਤਬਾਦਲਾ ਅਪਰੂਵ ਕਰਵਾ ਲਿਆ। ਫਿਰ ਨਾਨਕ ਨਗਰੀ ਪੰਚਾਇਤ ਨੇ ਇਸ ਨੂੰ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਮੀਨ ਦੇ ਤਬਾਦਲੇ ਦਾ ਆਧਾਰ ਹੀ ਗਲਤ ਸੀ।
ਉਨ੍ਹਾਂ ਕਿਹਾ ਕਿ ਜਿਹੜੀ ਸਵਾ 13 ਏਕੜ ਜ਼ਮੀਨ ਦਾ ਤਬਾਦਲਾ ਜਿਹੜਾ ਆਪਣੇ ਹੱਕ ’ਚ ਇਨ੍ਹਾਂ ਨੇ ਲਿਆ ਹੋਇਆ ਹੈ, ਇਸ ਬਾਰੇ ਮਤਾ ਪਾ ਕੇ ਇਹ ਦੱਸਿਆ ਕਿ ਤਿੰਨ ਸਾਈਡਾਂ ’ਤੇ ਲਵਲੀ ਯੂਨੀਵਰਸਿਟੀ ਲੱਗਦੀ ਹੈ ਅਤੇ ਚੌਥੀ ਸਾਈਡ ’ਤੇ ਵੇਈਂ ਵੱਗਦੀ ਹੈ। ਇਸ ਕਰਕੇ ਕੋਈ ਰਾਹ ਨਹੀਂ ਹੈ ਤਾਂ ਇਸ ਜ਼ਮੀਨ ਦਾ ਤਬਾਦਲਾ ਕੀਤਾ ਜਾਵੇ। ਅਸੀਂ ਤੁਹਾਨੂੰ ਵੇਈਂ ਦੇ ਕੰਢੇ ’ਤੇ ਜ਼ਮੀਨ ਦੇ ਦੇਵਾਂਗੇ। ਖਹਿਰਾ ਨੇ ਕਿਹਾ ਕਿ ਇਹ ਸਰਾਸਰ ਝੂਠਾ ਬਿਆਨ ਸੀ।
ਸੁਖਪਾਲ ਖਹਿਰਾ ਨੇ ਤਹਿਸੀਲਦਾਰ ਵੱਲੋਂ ਮਨਜ਼ੂਰਸ਼ੁਦਾ ਇਕ ਦਸਤਾਵੇਜ਼ ਵੀ ਵਿਖਾਇਆ, ਜਿਸ ’ਚ ਇਹ ਲਿਖਿਆ ਹੋਇਆ ਸੀ ਕਿ ਜਿਹੜੀ ਜ਼ਮੀਨ ਦਾ ਤਬਾਦਲਾ ਕੀਤਾ ਗਿਆ ਹੈ, ਉਸ ਨੂੰ ਦੋ ਸਾਈਡਾਂ ਤੋਂ ਰਸਤਾ ਲੱਗਾਦਾ ਸੀ। ਉਨ੍ਹਾਂ ਕਿਹਾ ਕਿ ਸਰਪੰਚ ’ਤੇ ਦਬਾਅ ਪਾ ਕੇ ਜਾਣਬੁੱਝ ਕੇ ਝੂਠ ਲਿਖਿਆ ਗਿਆ ਹੈ। ਉਨ੍ਹਾਂ ਭਗਵੰਤ ਮਾਨ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਰਾਜ ਸਭਾ ਮੈਂਬਰ ਅਤੇ ਲਵਲੀ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਵੱਲੋਂ ਕੀਤੇ ਗਏ ਕਬਜ਼ੇ ’ਤੇ ਬਣਦੀ ਕਾਰਵਾਈ ਕਰਕੇ ਉਸ ਜ਼ਮੀਨ ਨੂੰ ਛੁਡਵਾ ਕੇ ਵਿਖਾਉਣ।
ਇਹ ਵੀ ਪੜ੍ਹੋ: ਡਾ. ਇੰਦਰਬੀਰ ਨਿੱਝਰ ਦੇ ਬੇਬਾਕ ਬੋਲ, ਦਿੱਲੀ ਸਰਕਾਰ ਦੇ ਤਜਰਬੇ ਪੰਜਾਬ ’ਚ ਸਾਂਝਾ ਕਰਨ 'ਚ ਕੋਈ ਹਰਜ ਨਹੀਂ