ਖਹਿਰਾ ਅਜਿਹੇ ਕਪਤਾਨ ਜੋ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨਹੀਂ ਚਲ ਸਕੇ : ਬਲਵੀਰ ਸਿੰਘ

Saturday, Jul 28, 2018 - 06:08 AM (IST)

ਖਹਿਰਾ ਅਜਿਹੇ ਕਪਤਾਨ ਜੋ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨਹੀਂ ਚਲ ਸਕੇ : ਬਲਵੀਰ ਸਿੰਘ

ਜਲੰਧਰ(ਕਮਲੇਸ਼)—ਸੁਖਪਾਲ ਸਿੰਘ ਖਹਿਰਾ ਅਜਿਹੇ ਕਪਤਾਨ ਹਨ ਜੋ ਆਪਣੀ ਟੀਮ ਨੂੰ ਨਾਲ ਲੈ ਕੇ ਨਹੀਂ ਚਲ ਸਕੇ ਅਤੇ ਇਸੇ ਕਾਰਨ ਉਨ੍ਹਾਂ ਦੀ ਟੀਮ ਨੇ ਮਿਲ ਕੇ ਉਨ੍ਹਾਂ ਨੂੰ ਹੀ ਸਾਈਡ 'ਤੇ ਕਰ ਦਿੱਤਾ। ਇਹ ਗੱਲ ਜਲੰਧਰ ਲਾਡੋਵਾਲੀ ਰੋਡ 'ਤੇ ਸਥਿਤ ਆਰ. ਡੀ. ਡੀ. ਐੱਲ. ਵਿਚ ਪਹੁੰਚੇ ਪਸ਼ੂ ਪਾਲਣ ਮੰਤਰੀ ਬਲਵੀਰ ਸਿੰਘ ਸੰਧੂ ਨੇ ਕਹੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਹੁਣ 'ਆਪ' ਪਾਰਟੀ ਤੋਂ ਵਿਸ਼ਵਾਸ ਉਠ ਚੁੱਕਾ ਹੈ ਅਤੇ ਕਈ ਨੇਤਾ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਆਰ. ਡੀ. ਡੀ. ਐੱਲ. 7 ਸੂਬਿਆਂ ਨੂੰ ਆਪਣੀਆਂ ਸੇਵਾਵਾਂ ਦੇ ਰਹੀ ਹੈ, ਜਿਨ੍ਹਾਂ ਵਿਚ ਪੰਜਾਬ, ਹਿਮਾਚਲ, ਹਰਿਆਣਾ, ਗੁਜਰਾਤ, ਦਿੱਲੀ ਅਤੇ ਜੰਮੂ ਸ਼ਾਮਲ ਹਨ। ਉਨ੍ਹਾਂ ਨੇ ਆਰ. ਡੀ. ਡੀ. ਐੱਲ. ਵਿਚ ਪ੍ਰਯੋਗਸ਼ਾਲਾਵਾਂ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਥੇ ਹੋ ਰਹੇ ਕੰਮਾਂ ਨੂੰ ਬਾਰੀਕੀ ਨਾਲ ਵੇਖਿਆ। ਉਨ੍ਹਾਂ ਕਿਹਾ ਕਿ ਬਰੂਸੀ ਲੋਸਿਸ ਨਾਂ ਦੀ ਬੀਮਾਰੀ ਕਈ ਵਾਰ ਡਾਕਟਰਾਂ ਨੂੰ ਵੀ ਆਪਣੇ ਜਾਲ ਵਿਚ ਲੈ ਸਕਦੀ ਹੈ ਕਿਉਂਕਿ ਇਸ ਵਾਰ ਸਿਵਲ ਹਸਪਤਾਲ ਤੋਂ ਅਜਿਹੀਆਂ ਬੀਮਾਰੀਆਂ ਦੇ ਆਉਣ ਵਾਲੇ ਸੈਂਪਲ ਡਾਕਟਰ ਨੂੰ ਪ੍ਰਭਾਵਿਤ ਕਰ  ਸਕਦੇ ਹਨ। ਉਨ੍ਹਾਂ ਕਿਹਾ ਕਿ ਇਸਦੇ ਲਈ ਸਖ਼ਤ ਬਚਾਅ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ  ਜਲੰਧਰ ਵਿਚ ਸਥਿਤ ਪ੍ਰਯੋਗਸ਼ਾਲਾ ਵਿਚ ਬਰਡ ਫਲੂ ਤੋਂ ਬਚਾਅ ਲਈ ਬੀ. ਐੱਸ. ਐੱਲ. 3 (ਬਾਇਓ ਸੇਫਟੀ ਲੈਵਲ 3) ਦੀ ਲੈਬ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੁੱਧ ਉਤਪਾਦਨ ਵਿਚ ਵਾਧੇ ਅਤੇ ਦੇਸੀ ਗਊਆਂ ਦੀਆਂ ਨਸਲਾਂ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਦੌਰਾਨ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ 54 ਵੈਟਰਨਰੀ ਹਸਪਤਾਲ ਬੰਦ ਹੋਣਗੇ ਅਤੇ ਉਥੇ ਮੌਜੂਦ ਡਾਕਟਰਾਂ ਨੂੰ ਫੀਲਡ ਵਿਚ ਭੇਜਿਆ ਜਾਏਗਾ। ਇਸ ਮੌਕੇ ਉਨ੍ਹਾਂ ਤੋਂ ਵੈਟਰਨਰੀ ਵਿਭਾਗ ਵਿਚ ਸਟਾਫ ਦੀ ਘਾਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਵੈਟਰਨਰੀ ਵਿਭਾਗ ਵਿਚ ਨਵੀਆਂ ਭਰਤੀਆਂ ਹੋਣਗੀਆਂ। ਇਸ ਮੌਕੇ  ਡਾ. ਅਮਰਜੀਤ ਸਿੰਘ, ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡਾ. ਮਹਿੰਦਰਪਾਲ ਜੁਆਇੰਟ ਡਾਇਰੈਕਟਰ, ਡਾ. ਸਤਬੀਰ ਸਿੰਘ ਬਾਜਵਾ ਡਿਪਟੀ ਡਾਇਰੈਕਟਰ ਅਤੇ ਹੋਰ ਮੌਜੂਦ ਸਨ। 


Related News