ਸੂਚਨਾ ’ਤੇ ਪੁਲਸ ਕਾਰਵਾਈ ਕਰਦੀ ਤਾਂ ਰਿੰਕਲ ਦੀ ਹੱਤਿਆ ਨਾ ਹੁੰਦੀ : ਖਹਿਰਾ

Friday, Jul 27, 2018 - 04:27 AM (IST)

ਸੂਚਨਾ ’ਤੇ ਪੁਲਸ ਕਾਰਵਾਈ ਕਰਦੀ ਤਾਂ ਰਿੰਕਲ ਦੀ ਹੱਤਿਆ ਨਾ ਹੁੰਦੀ : ਖਹਿਰਾ

ਲੁਧਿਆਣਾ(ਪਾਲੀ)-ਭਾਜਪਾ ਨੇਤਾ ਰਿੰਕਲ ਦੇ ਹੋਏ ਕਤਲ ਤੋਂ ਬਾਅਦ ਪੀੜਤ ਪਰਿਵਾਰ ਵਲੋਂ 8  ਦਿਨ ਦਾ ਸਮਾਂ ਬੀਤਣ ਤੋਂ ਬਾਅਦ  ਵੀ ਕੌਂਸਲਰ ਗੁਰਦੀਪ ਸਿੰਘ ਨੀਟੂ ਦੀ ਗ੍ਰਿਫਤਾਰੀ ਨਾ  ਹੋਣ ’ਤੇ ਪੋਸਟਮਾਰਟਮ ਤੇ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ।  ਰਿੰਕਲ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਉਨ੍ਹਾਂ ਦੇ  ਗ੍ਰਹਿ ਵਿਖੇ ਪਹੁੰਚੇ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਸ਼ਾਮਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਘਰੇਲੂ ਰਿਹਾਇਸ਼ ਵਾਲੇ ਇਲਾਕੇ ’ਚ ਸ਼ਰੇਆਮ ਰਿੰਕਲ ਦੇ ਘਰ ਦਾਖਲ ਹੋ ਕੇ  ਗੁੰਡਾਗਰਦੀ ਦਾ ਜੋ ਨੰਗਾ ਨਾਚ ਕੀਤਾ ਗਿਆ ਹੈ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।  ਪੁਲਸ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ  ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਕੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਸੀ ਪਰ ਇਸ ਦੇ  ਉਲਟ ਪੁਲਸ ਪ੍ਰਸ਼ਾਸਨ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਬਜਾਏ ਦੋਸ਼ੀ ਦੀ ਮਦਦ ਕਰ ਰਿਹਾ ਹੈ।  ਸੁਖਪਾਲ ਖਹਿਰਾ ਨੇ ਕਿਹਾ ਕਿ ਰਿੰਕਲ ਤੇ ਉਸ ਦੇ ਪਰਿਵਾਰ ’ਤੇ ਪਹਿਲਾਂ ਵੀ ਗੁਰਦੀਪ  ਸਿੰਘ ਨੀਟੂ ਵਲੋਂ ਕਈ ਵਾਰ ਹਮਲੇ ਕੀਤੇ ਗਏ ਹਨ, ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਸ-ਪ੍ਰਸ਼ਾਸਨ ਨੂੰ ਵੀ ਦਿੱਤੀ ਸੀ, ਜੇਕਰ ਪੁਲਸ ਮੌਕੇ ’ਤੇ ਦਿੱਤੀ ਗਈ ਸੂਚਨਾ ’ਤੇ ਕਾਰਵਾਈ  ਕਰਦੀ ਤਾਂ ਅੱਜ ਇਸ ਪਰਿਵਾਰ  ਦਾ ਪੁੱਤਰ ਉਨ੍ਹਾਂ ਤੋਂ ਨਾ ਵਿੱਛੜਦਾ। ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਰਿੰਕਲ ਦੇ ਪਰਿਵਾਰ ਤੇ ਕਾਂਗਰਸੀ ਕੌਂਸਲਰ ਵਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਵਾਇਆ ਗਿਆ ਹੈ, ਉਸ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਆਪਣਾ ਕਾਂਗਰਸੀ ਨੁਮਾਇੰਦਾ ਨਾ ਵੇਖਦੇ ਹੋਏ ਫੌਰੀ ਤੌਰ ’ਤੇ ਉਸ ਦੀ  ਗ੍ਰਿਫਤਾਰੀ ਦੇ ਹੁਕਮ ਜਾਰੀ ਕਰਨ। ਜਿਸ ਤੋਂ ਸਮਾਜ ਵਿਚ ਲੋਕਾਂ ਨੂੰ ਇਹ ਪਤਾ ਲੱਗੇਗਾ ਕਿ  ਕਾਂਗਰਸ ਵਿਚ ਜੇਕਰ ਕੋਈ ਵਿਧਾਇਕ ਵੀ ਇਸ ਤਰ੍ਹਾਂ ਦਾ ਗੁੰਡਾਗਰਦੀ ਦਾ ਨੰਗਾ ਨਾਚ ਕਰਦਾ ਹੈ  ਤਾਂ ਉਸ ਨੂੰ ਪਾਰਟੀ ’ਚੋਂ ਬਾਹਰ ਕੱਢ ਕੇ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਸੁਖਪਾਲ  ਸਿੰਘ ਖਹਿਰਾ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਨਾਲ ਚਟਾਨ ਵਾਂਗੂ ਖੜ੍ਹੇ ਹਨ ਤੇ ਇਸ ਸਾਰੀ ਘਟਨਾ ਦੀ ਜਾਂਚ ਵਾਸਤੇ ਚੀਫ ਜਸਟਿਸ ਹਾਈ ਕੋਰਟ  ਵਿਚ ਪਟੀਸ਼ਨ ਦਾਇਰ ਕਰਨਗੇ।
ਪੰਜਾਬ ਸਰਕਾਰ ਨੂੰ ਹਰ ਹਫਤੇ ਦੇ ਰਹੇ ਨੇ ਨਸ਼ਾ ਵਪਾਰੀਅਾਂ ਦੀ ਲਿਸਟ : ਬੈਂਸ
ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ  ਬੈਂਸ ਨੇ ਕਿਹਾ ਕਿ ਪੰਜਾਬ ਵਿਚ ਜਿਸ ਤਰ੍ਹਾਂ ਨਸ਼ੇ ਦੀ ਰੋਕਥਾਮ ਲਈ ਲੋਕ ਇਨਸਾਫ ਪਾਰਟੀ ਕੰਮ  ਕਰ ਰਹੀ ਹੈ। ਉਸ ਤੋਂ ਉਲਟ ਅਕਾਲੀ, ਕਾਂਗਰਸ ਨਸ਼ੇ ਦੇ ਵਪਾਰੀਆਂ ਨੂੰ ਬਚਾਉਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਚਾਹੇ ਤਾਂ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ ਪਰ ਪ੍ਰਸ਼ਾਸਨ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ਰੇਆਮ ਪੰਜਾਬ ਵਿਚ ਨਸ਼ਾ ਵਿਕ ਰਿਹਾ ਹੈ। ਲੋਕ ਇਨਸਾਫ ਪਾਰਟੀ ਵਲੋਂ ਪਿਛਲੇ ਸਮੇਂ ਵਿਚ ਆਰੰਭ ਕੀਤੀ ਪੰਜਾਬ ਨਸ਼ਾ ਮੁਕਤ ਮੁਹਿੰਮ ਅੱਜ ਵੀ ਪੰਜਾਬ ਸਰਕਾਰ ਨੂੰ ਹਰ ਹਫਤੇ ਨਸ਼ੇ ਦੇ ਵਪਾਰੀਆਂ ਨੂੰ ਲਿਸਟ ਤਿਆਰ ਕਰ ਕੇ  ਦੇ ਰਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਅਾਂ ਘਟਨਾਵਾਂ ਲਈ ਅਕਾਲੀ ਸਰਕਾਰ ਜ਼ਿੰਮੇਵਾਰ
ਬਰਗਾੜੀ ਵਿਖੇ ਪਿਛਲੇ ਸਮੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਅਾਂ ਹੋਈਆਂ ਘਟਨਾਵਾਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ’ਤੇ ਪਾਏ ਗਏ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਦੇ ਬਿਆਨ ’ਤੇ ਖਹਿਰਾ ਨੇ ਕਿਹਾ ਕਿ ਇਹ ਘਟਨਾ ਅਕਾਲੀ ਸਰਕਾਰ ਦੇ ਸਮੇਂ ਤੋ ਹੋਈ ਸੀ। ਜਿਸ ਲਈ ਅਕਾਲੀ ਸਰਕਾਰ ਜ਼ਿੰਮੇਵਾਰ ਹੈ। ਸਾਬਕਾ ਉਪ  ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਭਲੀ-ਭਾਂਤੀ ਜਾਣਦੇ ਹਨ ਕਿ ਇਸ ਘਟਨਾ ਲਈ ਦੋਸ਼ੀ ਕੌਣ ਹੈ।


Related News