ਖਹਿਰਾ ਨੇ ਲਿਆ ਬੀਬੀ ਜਗੀਰ ਕੌਰ ਨੂੰ ਨਿਸ਼ਾਨੇ 'ਤੇ, ਲਾਏ ਇਹ ਦੋਸ਼

01/22/2020 12:11:26 PM

ਜਲੰਧਰ (ਬੁਲੰਦ)— ਸੁਖਪਾਲ ਸਿੰਘ ਖਹਿਰਾ ਨੇ ਇਸਤਰੀ ਵਿੰਗ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ 'ਤੇ ਗੰਭੀਰ ਦੋਸ਼ ਲਾਏ ਹਨ। ਖਹਿਰਾ ਨੇ ਦੋਸ਼ ਲਗਾਉਂਦੇ ਕਿਹਾ ਕਿ ਬੀਬੀ ਨੇ ਅਦਾਲਤ 'ਚ ਅਸਲ ਜਾਣਕਾਰੀਆਂ ਲੁਕੋ ਕੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਜ਼ਮੀਨ, ਜੋ ਕਿ ਉਨ੍ਹਾਂ ਦੇ ਬੇਟਿਆਂ ਦੀ ਸਾਂਝੀ ਪ੍ਰਾਪਰਟੀ ਹੈ, ਦਾ ਆਪਣੇ ਪੱਖ 'ਚ ਹੁਕਮ ਹਾਸਲ ਕੀਤਾ ਹੈ।

ਜਲੰਧਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਖਹਿਰਾ ਨਾਲ ਬੀਬੀ ਜਗੀਰ ਕੌਰ ਦੇ ਪਤੀ ਸਵ. ਚਰਨਜੀਤ ਸਿੰਘ ਦੇ ਭਰਾ ਬਾਵਾ ਵਰਿੰਦਰ ਸਿੰਘ ਅਤੇ ਉਸ ਦੀ ਬੇਟੀ ਪਾਇਲ ਵੀ ਮੌਜੂਦ ਸਨ। ਉਨ੍ਹਾਂ ਨੇ ਦੋਸ਼ ਲਾਏ ਕਿ ਜਿਸ ਥਾਂ 'ਤੇ ਪ੍ਰੇਮ ਸਿੰਘ ਦੀ ਯਾਦ 'ਚ ਗੁਰਦੁਆਰਾ ਬਣਾਇਆ ਗਿਆ ਹੈ, ਉਹ ਜ਼ਮੀਨ ਅਸਲ 'ਚ ਸੰਤ ਜੀ ਦੇ ਦੋਵੇਂ ਬੇਟਿਆਂ ਦੀ ਸੰਯੁਕਤ ਪ੍ਰਾਪਰਟੀ ਸੀ ਪਰ ਬੀਬੀ ਨੇ ਇਸ ਜਗ੍ਹਾ 'ਤੇ ਕਬਜ਼ਾ ਕੀਤਾ ਅਤੇ ਜਦੋਂ ਕੇਸ ਅਦਾਲਤ 'ਚ ਗਿਆ ਤਾਂ ਉਥੇ ਵੀ ਬੀਬੀ ਨੇ ਇਹ ਅਦਾਲਤ ਨੂੰ ਨਹੀਂ ਦੱਸਿਆ ਕਿ ਇਸ ਥਾਂ 'ਤੇ ਗੁਰਦੁਆਰਾ ਬਣਾਇਆ ਗਿਆ ਹੈ ਅਤੇ ਗੁਰਦੁਆਰਾ ਸੰਗਤ ਦੀ ਪ੍ਰਾਪਰਟੀ ਹੈ ਨਾ ਕਿ ਕਿਸੇ ਦੀ ਜਾਇਦਾਦ। ਖਹਿਰਾ ਨੇ ਕਿਹਾ ਕਿ ਅਦਾਲਤ 'ਚ ਬੀਬੀ ਨੇ ਆਪਣੇ ਵਕੀਲ ਰਾਹੀਂ ਇਸ ਬੇਗੋਵਾਲ ਦੇ ਖਸਰਾ ਨੰ. 270 ਦੀ ਜ਼ਮੀਨ ਨੂੰ ਖੇਤੀਬਾੜੀ ਵਾਲੀ ਦਰਸਾ ਕੇ ਉਸ ਦਾ ਫੈਸਲਾ ਆਪਣੇ ਪੱਖ 'ਚ ਲੈ ਲਿਆ।

ਖਹਿਰਾ ਨੇ ਕਿਹਾ ਕਿ ਕੋਈ ਵੀ ਗੁਰਦੁਆਰਾ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੋ ਸਕਦਾ। ਸੰਤ ਪ੍ਰੇਮ ਸਿੰਘ ਜੀ ਦੇ ਇਸ ਗੁਰਦੁਆਰੇ ਨਾਲ ਹਜ਼ਾਰਾਂ ਲੁਬਾਣਾ ਭਾਈਚਾਰੇ ਦੇ ਲੋਕਾਂ ਦਾ ਸੰਗਤ ਰੂਪੀ ਪ੍ਰੇਮ ਹੈ। ਇਸ ਲਈ ਕੋਈ ਇਸ ਨੂੰ ਆਪਣੀ ਨਿੱਜੀ ਜਾਇਦਾਦ ਨਹੀਂ ਬਣਾ ਸਕਦਾ। ਖਹਿਰਾ ਨੇ ਕਿਹਾ ਕਿ ਇਸ ਮਾਮਲੇ 'ਚ ਜੇਕਰ ਜ਼ਰੂਰਤ ਪਈ ਤਾਂ ਉਹ ਬੀਬੀ ਖਿਲਾਫ ਅਦਾਲਤ ਜਾਣਗੇ ਅਤੇ ਖੁਦ ਆਪਣੇ ਕੌਂਸਲਰਾਂ ਸਮੇਤ ਬਿਆਨ ਦੇਣਗੇ ਕਿ ਇਸ ਜ਼ਮੀਨ 'ਤੇ ਗੁਰਦੁਆਰਾ ਹੈ, ਜਿਸ ਨੂੰ ਅਦਾਲਤ ਤੋਂ ਲੁਕੋ ਕੇ ਇਸ ਨੂੰ ਸਿਰਫ ਖੇਤੀਬਾੜੀ ਜ਼ਮੀਨ ਦਿਖਾਇਆ ਗਿਆ ਹੈ।
ਇਸ ਦੌਰਾਨ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਕੈਪਟਨ ਪੰਜਾਬ 'ਚ ਕੇਂਦਰ ਸਰਕਾਰ ਵਲੋਂ ਬਣਾਏ ਗਏ ਸੀ. ਏ. ਏ. ਕਾਨੂੰਨ ਨੂੰ ਲਾਗੂ ਨਾ ਕਰ ਕੇ ਖੁਦ ਨੂੰ ਜਨ-ਹਿਤੈਸ਼ੀ ਦੱਸਦੇ ਹਨ, ਉਥੇ ਦੂਜੇ ਪਾਸੇ ਖੁਦ ਕਾਨੂੰਨ ਦੀ ਉਲੰਘਣਾ ਕਰ ਕੇ ਸੀਨੀਅਰ ਅਧਿਕਾਰੀਆਂ ਨੂੰ ਛੱਡ ਕੇ ਜੂਨੀਅਰ ਰੈਂਕ ਦੇ ਅਧਿਕਾਰੀਆਂ ਨੂੰ ਡੀ. ਜੀ. ਪੀ. ਬਣਾਉਂਦੇ ਹਨ, ਜੋ ਕਿ ਗਲਤ ਹੈ ਅਤੇ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਰੇ ਅਕਾਲੀ ਦਲ, ਭਾਜਪਾ ਅਤੇ 'ਆਪ' ਵਾਲੇ ਵੀ ਚੁੱਪ ਬੈਠੇ ਹੋਏ ਹਨ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਸੈਂਕੜੇ ਕਿਸਾਨਾਂ 'ਤੇ ਜੋ ਪਰਾਲੀ ਸਾੜਨ ਦੇ ਕੇਸ ਦਰਜ ਹੋਏ ਹਨ, ਸਰਕਾਰ ਉਸ ਨੂੰ ਤੁਰੰਤ ਵਾਪਸ ਲਵੇ ਕਿਉਂਕਿ ਇਹ ਕਿਸਾਨਾਂ ਨਾਲ ਧੱਕਾ ਹੈ।

ਅਕਾਲੀ ਦਲ ਨੂੰ ਲਿਆ ਲਿਆ ਲੰਮੇ ਹੱਥੀਂ
ਖਹਿਰਾ ਨੇ ਅਕਾਲੀ ਦਲ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਵੱਲੋਂ ਦਿੱਲੀ ਚੋਣਾਂ ਤੋਂ ਕਿਨਾਰਾ ਕਰਨ ਦਾ ਬਹਾਨਾ ਸੀ. ਏ. ਏ. ਨੂੰ ਬਣਾਇਆ ਗਿਆ ਹੈ, ਜੋ ਕਿ ਸਰਾਸਰ ਡਰਾਮਾ ਹੈ। ਜੇਕਰ ਅਕਾਲੀ ਦਲ ਅਸਲ 'ਚ ਇਸੇ ਕਾਨੂੰਨ ਦਾ ਵਿਰੋਧੀ ਹੈ ਤਾਂ ਕਿਉਂ ਨਹੀਂ ਹਰਸਿਮਰਤ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹੁਣ ਅਕਾਲੀ ਦਲ ਨੂੰ ਮੂੰਹ ਲਾਉਣਾ ਬੰਦ ਕਰ ਦਿੱਤਾ ਹੈ। ਇਸ ਲਈ ਹੁਣ ਅਕਾਲੀ ਦਲ ਖੁਦ ਨੂੰ ਬਚਾਉਣ ਲਈ ਨਾਟਕ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਅਕਾਲੀ ਦਲ ਨੇ ਧਾਰਾ 370 ਦਾ ਸਮਰਥਨ ਕਰ ਕੇ ਅਤੇ ਨਹਿਰਾਂ ਨੂੰ ਇੰਟਰ ਲਿੰਕ ਕਰਨ ਦੇ ਮਾਮਲੇ 'ਚ ਕੇਂਦਰ ਸਰਕਾਰ ਨੂੰ ਸਹਿਮਤੀ ਦੇ ਕੇ ਆਪਣਾ ਸਟੈਂਡ ਕਲੀਅਰ ਕਰ ਦਿੱਤਾ। ਹੁਣ ਉਹ ਪਿੱਛੇ ਨਹੀਂ ਹਟ ਰਿਹਾ। ਇਸ ਲਈ ਲੋਕਾਂ ਨੂੰ ਦਿਖਾਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਕੇਸ ਦੇ ਗਵਾਹ ਦੀ ਮੌਤ ਦੀ ਜਾਂਚ ਹੋਣੀ ਚਾਹੀਦੀ ਹੈ, ਕੌਣ ਉਸ ਨੂੰ ਧਮਕਾ ਰਿਹਾ ਸੀ ਅਤੇ ਉਸ 'ਤੇ ਦਬਾਅ ਬਣਾ ਰਿਹਾ ਸੀ। ਇਸ ਸਬੰਧੀ ਬੀਬੀ ਜਗੀਰ ਕੌਰ ਦੇ ਵਿਚਾਰ ਜਾਨਣ ਲਈ ਕਈ ਵਾਰ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।


shivani attri

Content Editor

Related News